Breaking News
Home / ਨਜ਼ਰੀਆ / ਕਾਵਿ ਸੰਗ੍ਰਹਿ ‘ਕੰਕਰ ਪੱਥਰ’ ਵਿਚ ਨਵਾਂ ਤੇ ਨਰੋਆ ਸਾਹਿਤ

ਕਾਵਿ ਸੰਗ੍ਰਹਿ ‘ਕੰਕਰ ਪੱਥਰ’ ਵਿਚ ਨਵਾਂ ਤੇ ਨਰੋਆ ਸਾਹਿਤ

ਪੁਸਤਕ ਰਿਵਿਊ
ਰਿਵਿਊ ਕਰਤਾ
ਡਾ. ਡੀ ਪੀ ਸਿੰਘ
416-859-1856
ਪੁਸਤਕ ਦਾ ਨਾਮ : ਕੰਕਰ ਪੱਥਰ (ਕਾਵਿ ਸੰਗ੍ਰਹਿ)
ਲੇਖਕ : ਅਮਨਦੀਪ ਸਿੰਘ
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਇੰਡੀਆ/ਬੋਸਟਨ, ਯੂ.ਐਸ.ਏ.
ਪ੍ਰਕਾਸ਼ਨ ਸਾਲ : 2018, ਕੀਮਤ : ਅੰਕਿਤ ਨਹੀਂ; ਪੰਨੇ : 234
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਉਨਟਾਰੀਓ, ਕੈਨੇਡਾ।
‘ਕੰਕਰ ਪੱਥਰ’ (ਕਾਵਿ ਸੰਗ੍ਰਹਿ) ਦਾ ਲੇਖਕ ਸ. ਅਮਨਦੀਪ ਸਿੰਘ, ਕਿੱਤੇ ਵਜੋਂ ਕੰਪਿਊਟਰ ਇੰਜੀਨੀਅਰ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਅਮਨਦੀਪ ਨੂੰ ਵਿਗਿਆਨ ਗਲਪ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਅਮਨਦੀਪ ਦੇ ਸਾਹਿਤਕ ਲੇਖਣ ਕਾਰਜਾਂ ਦਾ ਅਧਾਰ ਬਣੀ। ਜੁਆਨੀ ਦੀ ਦਹਿਲੀਜ਼ ਉਤੇ, ਉਹ ਪੰਜਾਬੀ ਸਾਹਿਤ ਵਿਚ, ‘ਟੁੱਟਦੇ ਤਾਰਿਆਂ ਦੀ ਦਾਸਤਾਨ’ (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਦੀ ਰਚਨਾ ਨਾਲ ਹਾਜ਼ਰ ਹੋਇਆ ਸੀ। ਫਿਰ ਕਿੱਤੇ ਦੀ ਭਾਲ ਵਿਚ ਅਮਰੀਕਾ ਦਾ ਵਾਸੀ ਹੋ ਗਿਆ। ਜ਼ਿੰਦਗੀ ਦੀ ਜੱਦੋ ਜਹਿਦ ਤੇ ਰੋਟੀ ਰੋਜ਼ੀ ਪ੍ਰਾਪਤੀ ਦੇ ਸੰਘਰਸ਼ ਵਿਚ ਅਜਿਹਾ ਰੁਝਿਆ ਕਿ ਸਾਹਿਤਕ ਸਿਰਜਨਾ ਕਾਰਜ ਨਿੱਠ ਕੇ ਕਰ ਸਕਣ ਤੋਂ ਅਸਮਰਥ ਹੀ ਰਿਹਾ। ਇਸ ਸੰਘਰਸ਼ ਵਿਚ ਕਈ ਸਾਲ ਹੀ ਨਹੀਂ ਸਗੋਂ ਕਈ ਦਹਾਕੇ ਹੀ ਗੁਜ਼ਰ ਗਏ। ਪਰ ਇਸ ਅਰਸੇ ਦੌਰਾਨ ਉਸ ਦੀ ਅੰਦਰੂਨੀ ਸਾਹਿਤਕ ਚੇਸ਼ਟਾ ਸਮੇਂ-ਸਮੇਂ ਵਿਗਿਆਨ ਕਹਾਣੀਆਂ ਤੇ ਕਵਿਤਾਵਾਂ ਦੇ ਰੂਪ ਵਿਚ ਉਸ ਦੇ ਦਰ ਦਸਤਕ ਦਿੰਦੀ ਰਹੀ।
ਇਕ ਸੰਵੇਦਨਸ਼ੀਲ ਕਵੀ ਅਤੇ ਵਿਗਿਆਨ ਦੇ ਅਨੁਯਾਈ ਵਜੋਂ ਸਮਾਜਿਕ ਵਰਤਾਰਿਆਂ ਤੇ ਵਿਗਿਆਨ ਸੰਕਲਪਾਂ ਦੀ ਪੜਚੋਲ ਉਸਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸਬੰਧਤ, ਉਸਦੀਆਂ ਅਨੇਕ ਰਚਨਾਵਾਂ, ਸਮੇਂ-ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜ਼ੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।
‘ਕੰਕਰ ਪੱਥਰ’ (ਕਾਵਿ ਸੰਗ੍ਰਹਿ) ਸ. ਅਮਨਦੀਪ ਸਿੰਘ ਦੀ ਦੂਸਰੀ ਪੁਸਤਕ ਹੈ। ਜੋ ਕਾਵਿ ਧਾਰਾ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਵਿਭਿੰਨ ਵਿਸ਼ਿਆਂ ਸਬੰਧਤ 217 ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਲੇਖਕ ਨੇ ਇਸ ਪੁਸਤਕ ਵਿਚ ਗੀਤ, ਗਜ਼ਲ, ਟੱਪੇ, ਰੁਬਾਈ ਅਤੇ ਖੁੱਲ੍ਹੀ ਕਵਿਤਾ ਦੀਆਂ ਕਾਵਿਕ ਵਿਧਾਵਾਂ ਉਤੇ ਹੱਥ ਅਜ਼ਮਾਈ ਕੀਤੀ ਹੈ। ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਮੁੱਚੇ ਸੰਸਾਰ ਅੰਦਰ ਅਮਨ ਦੀ ਸਕਾਰਤਾ ਲਈ ਚਾਹਤ ਭਰੀ ਅਰਜ਼ੋਈ ਵੀ ਹੈ ਤੇ ਅਜੋਕੇ ਘੜਮੱਸ ਵਾਲੇ ਜੀਵਨ ਵਿਚ ਸਵੈ ਨੂੰ ਤਲਾਸ਼ਣ ਦੀ ਤੜਪ ਵੀ।
ਯਾਦਾਂ ਰੱਤੇ ਗੀਤ ਵੀ ਨੇ ਤੇ ਬਿਰਹਾ ਦੇ ਦਰਦ ਨਾਲ ਲਬਰੇਜ਼ ਨਜ਼ਮਾਂ ਵੀ। ਜ਼ਿੰਦਗੀ ਦੀ ਜੱਦੋ ਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਗ਼ਜ਼ਲਾਂ ਵੀ ਨੇ ਤੇ ਕਲਪਨਾਵਾਂ ਦੇ ਸੰਸਾਰ ਅੰਦਰ ਚੰਨ ਨੂੰ ਫੜਨ ਦੀਆਂ ਬਾਤਾਂ ਵੀ। ਉਸ ਦੇ ਸ਼ਬਦਾਂ ਵਿਚ ਰਵਾਨਗੀ ਹੈ ਤੇ ਜਜ਼ਬਾਤਾਂ ਵਿਚ ਤਰਲਤਾ ਵੀ। ‘ਵਿਸਮਾਦੀ ਕੰਪਨ ਦਾ ਸਫਰ’ ਦੀ ਗੱਲ ਕਰਦਿਆਂ ਉਹ ਪਾਠਕ ਨੂੰ ਇਕ ਅਜਿਹੇ ਸੰਸਾਰ ਵਿਚ ਲਿਜਾ ਉਤਾਰਦਾ ਹੈ, ਜਿੱਥੇ ‘ਹਰੀਆਂ ਕਰੂਰ ਵਾਦੀਆਂ’, ‘ਵਗਦੀ ਆਬਸ਼ਾਰ’ ‘ਸਾਗਰ ਦੀ ਲਹਿਰ ਵਾਂਗ ਹਿਚਕੋਲੇ ਖਾਂਦੇ ਗੀਤ’, ‘ਸੋਚਾਂ ਦਾ ਕਾਰਵਾਂ’, ‘ਯਾਦਾਂ ਦਾ ਮਾਰੂਥਲ’, ‘ਗੀਤਾਂ ਦਾ ਨਖਲਿਸਤਾਨ’, ‘ਨੀਲਾ ਧੂੰਆਂ’ ਤੇ ‘ਗੁਲਾਬੀ ਚਾਂਦਨੀ’ ਵਰਗੇ ਅਜਬ ਪਰ ਮਨਮੋਹਕ ਬਿੰਬ ਮਨ ਅੰਦਰ ਅਜੀਬ ਹਲਚਲ ਪੈਦਾ ਕਰਨ ਦੇ ਸਮਰਥ ਹੋ ਨਿਬੜਦੇ ਹਨ। ਅਮਨਦੀਪ ਨੇ ਆਪਣੇ ਗੀਤਾਂ ਵਿਚ ‘ਸੁਰਮਈ ਰਾਤ’, ‘ਧਰਤੀ ਦਾ ਨਾਚ’, ‘ਸੂਰਜ ਦਾ ਘੁੰਮਰ’, ‘ਉਦਾਸੀ ਦੇ ਖੰਭ’, ‘ਹਿਜ਼ਰ ਪਿਆਲਾ’ ਤੇ ‘ਦਰਦ ਦੀ ਪੀਂਘ’ ਵਰਗੇ ਬਿੰਬਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਬਾਹਿਆ ਹੈ।
ਉਸ ਦੇ ਅਨੇਕ ਗੀਤ ਸਵੈ ਦੀ ਤਲਾਸ਼ ਦਾ ਸਫਰ ਬਿਆਨਦੇ ਨੇ ਪਰ ਉਹ ਅਜਿਹੇ ਸਫਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦਾ ਹੈ। ਅਮਨਦੀਪ ਦੀਆਂ ਰਚਨਾਵਾਂ ਵਿਚ ਅਜਿਹੀ ਬਿੰਬਾਵਲੀ ਦੀ ਭਰਮਾਰ ਹੈ ਜੋ ਸਥੂਲ ਤੋਂ ਅਸਥੂਲ ਤੱਕ ਅਤੇ ਅਤੇ ਸਾਕਾਰ ਤੋਂ ਮਨੋ-ਕਲਪਿਤ ਸੰਸਾਰ ਤੱਕ ਦਾ ਸਫਰ ਛਿਣ-ਭੰਗਰ ਅੰਦਰ ਹੀ ਤੈਅ ਕਰਾ ਜਾਣ ਦੇ ਸਮਰੱਥ ਹੈ। ਉਸਦੀ ਬਿੰਬਾਵਲੀ ਵਿਚ ਕੁਦਰਤੀ ਬਿੰਬਾਂ, ਸਾਗਰ, ਲਹਿਰਾਂ, ਮਾਰੂਥਲ, ਜੰਗਲ-ਬੇਲੇ, ਵਾਦੀਆਂ, ਬਹਾਰਾਂ, ਚਾਂਦਨੀ, ਆਲ੍ਹਣੇ, ਸਿਤਾਰਿਆਂ ਤੇ ਕਹਿਕਸ਼ਾਂ ਆਦਿ ਦੀ ਭਰਮਾਰ ਹੈ ਜੋ ਕਲਪਨਾਵਾਂ ਦੇ ਦੇਸ਼ ਵਿਚ ਵੀ ਨਿੱਜ ਨੂੰ ਜ਼ਾਹਿਰਾ ਸੰਸਾਰ ਨਾਲ ਜੋੜੀ ਰੱਖਦੀ ਹੈ। ਬੇਸ਼ਕ ਉਸ ਦੇ ਕੁਝ ਗੀਤ ਉਦਾਸੀ ਦੇ ਲੰਮਹਿਆਂ ਦੇ ਬਿਰਤਾਂਤ ਨਾਲ ਲਬਰੇਜ਼ ਹਨ, ਪਰ ਇਸ ਸੰਗ੍ਰਹਿ ਵਿਚ ਕੁਝ ਗੀਤ ਅਜਿਹੇ ਵੀ ਹਨ ਜੋ ਗਮ ਦੀਆਂ ਕਾਲੀਆਂ ਬੋਲੀਆਂ ਰਾਤਾਂ ਵਿਚ ਆਸ਼ਾ ਦੀ ਚਿਣਗ ਦਾ ਜ਼ਿਕਰ ਵੀ ਕਰਦੇ ਨੇ। ਉਸਦੀ ਇਸ ਉਦਾਸੀ ਦਾ ਸਬੱਬ ਨਿੱਜ ਦੇ ਸਰੋਕਾਰਾਂ ਨੂੰ ਪਾਰ ਕਰਦਾ ਹੋਇਆ ਸਮੂਹ ਸੰਸਾਰ ਦੇ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਗੱਲ ਵੀ ਕਰਦਾ ਹੈ। ਉਹ ਆਸ ਤੇ ਸੁਪਨਿਆਂ ਦੇ ਆਪਸੀ ਸਬੰਧਾਂ ਦੀ ਗੱਲ ਇੰਝ ਕਰਦਾ ਹੈ;
ਕਿੰਨਾ ਖੂਬਸੂਰਤ ਤੇ ਮਿੱਠਾ ਸ਼ਬਦ ਹੈ –
ਸੁਪਨਿਆਂ ਵਰਗਾ!
ਦਰਅਸਲ ਸੁਪਨੇ ਤੇ ਆਸ –
ਇਕ ਦੂਸਰੇ ਦੇ ਪੂਰਕ ਨੇ –
ਅਧੂਰੇ ਨੇ ਇਕ ਦੂਸਰੇ ਦੇ ਵਗੈਰ!
ਸੁਪਨੇ ਆਸ ਨੂੰ ਜਨਮ ਦਿੰਦੇ ਨੇ-
ਤੇ ਆਸ ਸੁਪਨਿਆਂ ਨੂੰ!
ਦੋਵੇਂ ਜ਼ਿੰਦਗੀ ਦੇ ਖੂਬਸੂਰਤ ਝਰੋਖਿਆਂ ਤੋਂ
ਪਰਦਾ ਨੇ ਉਠਾਉਂਦੇ!
ਅਤੇ ਨਵੀਆਂ ਯੋਜਨਾਵਾਂ ਦੀ ਤਰਤੀਬ ਨੇ ਬਣਾਉਂਦੇ!
ਵਿਦੇਸ਼ ਵੱਲ ਦੀ ਉਡਾਣ ਦਾ ਰੋਮਾਂਚ ਤੇ ਦੇਸ਼ ਤੋਂ ਜੁਦਾ ਹੋ ਜਾਣ ਦੀ ਕਸਰ ਦੇ ਦਵੰਧ ਵਿਚ ਫਸਿਆ ਮਨੁੱਖੀ ਮਨ, ਅਮਨਦੀਪ ਦੀ ‘ਵਿਦੇਸ਼’ ਨਾਮੀ ਨਜ਼ਮ ਦਾ ਵਿਸ਼ਾ ਹੈ ਜੋ ਵਿਦੇਸ਼ ਵਿਚ ਵਸ ਰਹੇ ਹਰ ਵਾਸ਼ਿੰਦੇ ਦਾ ਹਸ਼ਰ ਵੀ ਹੈ ਤੇ ਦੁਖਾਂਤ ਵੀ। ‘ਯੁੱਧ’ ਨਾਮੀ ਕਵਿਤਾ ਵਿਸ਼ਵਵਿਆਪੀ ਸਰੋਕਾਰਾਂ ਪ੍ਰਤੀ ਅਮਨਦੀਪ ਦੀ ਚੇਤੰਨਤਾ ਤੇ ਲਲਕਾਰ ਨੂੰ ਪ੍ਰਗਟਾਉਂਦੀ ਹੈ। ਉਸਦਾ ਆਸ਼ਾਵਾਦ ‘ਅਮਨ ਤੇ ਬੱਦਲ’ ਦੇ ਰੂਪ ਵਿਚ ਸਕਾਰ ਹੁੰਦਾ, ਸ਼ਬਦਾਂ ਦਾ ਰੂਪ ਇੰਝ ਧਾਰਦਾ ਹੈ ;
ਉਦੋਂ ਸਾਰੇ ਫੌਜੀ ਆਪਣੇ ਘਰ ਵਾਪਿਸ ਆਉਣਗੇ
ਉਦੋਂ ਸੰਸਾਰ ‘ਤੇ ਅਮਨ ਦੇ ਬੱਦਲ ਛਾਉਣਗੇ।
ਅਜੋਕੇ ਸਮੇਂ ਦੀਆਂ ਸਮੱਸਿਆਵਾਂ ਤੇ ਚਿੰਤਾਵਾਂ ਖਾਸ ਕਰ ਵਾਤਾਵਰਣੀ ਪ੍ਰਦੂਸ਼ਣ ਦੀ ਘਾਤਕ ਮਾਰ, ਕੁਦਰਤੀ ਸਰੰਖਿਅਣ ਦੀ ਅਹਿਮ ਲੋੜ ਤੇ ਹਰੀ ਕ੍ਰਾਂਤੀ ਦੇ ਮੁੜ ਆਗਾਜ਼ ਲਈ ਉਪਰਾਲਿਆਂ ਵਾਲਾ ਜੀਵਨ ਚਲਣ, ਜਿਹੇ ਵਿਸ਼ੇ ਵੀ ਉਸਦੀ ਕਲਮ ਤੋਂ ਅਣਛੂਹੇ ਨਹੀਂ ਰਹੇ ਹਨ। ਇੰਝ ਉਸ ਦੇ ਨਿੱਜ ਦਾ ਦਰਦ, ਇਸ ਕਾਵਿ-ਸੰਗ੍ਰਹਿ ਅੰਦਰ, ਮੁਕਾਮ ਦਰ ਮੁਕਾਮ, ਤੈਅ ਕਰਦਾ ਹੋਇਆ ਮਾਨਵਤਾ ਦੇ ਦਰਦ ਦਾ ਰੂਪ ਵਟਾ ਲੈਂਦਾ ਹੈ। ਜੋ ‘ਨਾ ਕੋਈ ਹਿੰਦੂ, ਨਾ ਮੁਸਲਮਾਨ’ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤੱਕ ਫੈਲਿਆ ਹੋਇਆ ਹੈ, ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਜਾਪਦਾ ਹੈ।
ਸ. ਅਮਨਦੀਪ ਸਿੰਘ , ਇਕ ਤਕਨੀਕੀ ਮਾਹਿਰ, ਵਿਗਿਆਨ ਦੇ ਤਜਰਬੇਕਾਰ ਅਨੁਯਾਈ ਅਤੇ ਸੰਵੇਦਨਸ਼ੀਲ ਕਵੀ ਵਜੋਂ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਦੀ ਰਚਨਾ ਜੀਵਨ ਅਤੇ ਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਨ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰੱਥ ਹੈ। ਸ. ਅਮਨਦੀਪ ਸਿੰਘ ਆਪਣੀ ਸੂਝ ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉਦਮ ਪ੍ਰਸੰਸਾਯੋਗ ਹੈ ਜੋ ਅਜੋਕੇ ਸਮਾਜਿਕ ਵਰਤਾਰਿਆਂ ਸਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉਂਦੀ ਹੈ। ਆਸ ਹੈ ਹੋਰ ਲੇਖਕ ਵੀ ਇਸ ਉਦਮ ਦਾ ਅਨੁਸਰਣ ਕਰਦੇ ਹੋਏ ਸਮਕਾਲੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਪੂਰ ਸਾਹਿਤ ਆਮ ਪਾਠਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਉਣਗੇ।
‘ਕੰਕਰ ਪੱਥਰ’ (ਕਾਵਿ ਸੰਗ੍ਰਹਿ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਣਨ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਸਮਾਜਿਕ ਵਰਤਾਰਿਆਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ ਭਰਪੂਰ ਨਵ-ਮਾਨਵੀ ਸਮਾਜ ਸਿਰਜਣ ਲਈ, ਸਮਰੱਥਾ ਪ੍ਰਾਪਤੀ ਸਬੰਧਤ ਸਹੀ ਸੇਧ ਪ੍ਰਾਪਤ ਕਰ ਸਕੇ।
…………..
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਜ਼ਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈਟ ਉਤੇ ਵੀ ਉਪਲਬਧ ਹਨ।
ਅੱਜਕੱਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ਼ ਲਰਨਿੰਗ ਸੰਸਥਾ ਦੇ ਡਾਇਰੈਕਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।
ਈਮੇਲ :[email protected]

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …