Breaking News
Home / ਮੁੱਖ ਲੇਖ / ਪਰਵਾਸ ਦੀ ਜ਼ਿੰਦਗੀ ਦੀ ਤਸਵੀਰ ਦਾ ਇਕ ਪੱਖ ਇਹ ਵੀ

ਪਰਵਾਸ ਦੀ ਜ਼ਿੰਦਗੀ ਦੀ ਤਸਵੀਰ ਦਾ ਇਕ ਪੱਖ ਇਹ ਵੀ

ਪ੍ਰਿੰਸੀਪਲ ਵਿਜੈ ਕੁਮਾਰ

ਲੰਬੇ ਸੰਘਰਸ਼ ਤੋਂ ਬਾਅਦ ਵਿਦੇਸ਼ਾਂ ਦੀ ਧਰਤੀ ਉੱਤੇ ਪਹੁੰਚਣ ਦਾ ਸੁਪਨਾ ਪੂਰਾ ਹੋਣ ਤੋਂ ਬਾਅਦ ਨੌਜਵਾਨ ਪੀੜ੍ਹੀ ਨੂੰ ਇੰਜ ਲੱਗਣ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਦੀ ਜ਼ਿੰਦਗੀ ਦੀ ਬਹੁਤ ਵੱਡੀ ਰੀਝ ਪੂਰੀ ਹੋ ਗਈ ਹੈ। ਪਰ ਪਰਵਾਸ ਦੀ ਜ਼ਿੰਦਗੀ ਐਨੀ ਸੌਖੀ ਵੀ ਨਹੀਂ। ਵਿਦੇਸ਼ਾਂ ਦੀ ਡਾਲਰਾਂ, ਸੋਨੇ ਦੇ ਕੜੇ, ਚੈਨੀਆਂ, ਮੁੰਦਰੀਆਂ, ਵੱਡੀਆਂ ਗੱਡੀਆਂ ਅਤੇ ਵੱਡੇ ਘਰਾਂ ਦੀ ਚਮਚਮਾਉਂਦੀ ਜ਼ਿੰਦਗੀ ਦੇ ਸੁਪਨਿਆਂ ਦਾ ਅਸਲੀ ਸੱਚ ਉਦੋਂ ਸਾਹਮਣੇ ਆਉਂਦਾ ਹੈ, ਜਦੋਂ ਰੋਜ਼ਗਾਰ ਲਈ ਜੱਦੋ ਜਹਿਦ ਕਰਨੀ ਪੈਂਦੀ ਹੈ। ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਕਮਾਈ ਉੱਤੇ ਮੌਜਾਂ ਕੀਤੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਉਹ ਕੰਮ ਵੀ ਕਰਨੇ ਪੈਂਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸ ਕੱਢਣ ਅਤੇ ਹੋਰ ਖਰਚਿਆਂ ਲਈ ਦਿਨ-ਰਾਤ ਦੀਆਂ ਦੋ-ਦੋ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਜੇਕਰ ਰੋਜ਼ਗਾਰ ਨਾ ਮਿਲੇ ਤਾਂ ਨੌਕਰੀਆਂ ਲਈ ਤਰਲੇ ਕੱਢਣੇ ਪੈਂਦੇ ਹਨ। ਚੰਗੇ ਭਲੇ ਘਰਾਂ ਵਿੱਚ ਸੁੱਖ ਭੋਗਣ ਵਾਲੇ ਬੱਚਿਆਂ ਨੂੰ ਕਿਰਾਏ ਵਾਲੀਆਂ ਬੇਸਮੈਂਟਾਂ ‘ਚ ਇੱਕਠੇ ਹੋ ਕੇ ਜ਼ਿੰਦਗੀ ਗੁਜਾਰਨੀ ਪੈਂਦੀ ਹੈ। ਦਿਨ-ਰਾਤ ਦੇ ਫਰਕ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਪਰਿਵਾਰ ਵਾਲਿਆਂ ਨਾਲ ਫੋਨ ਉੱਤੇ ਗੱਲ ਕਰਨ ਦੀ ਫੁਰਸਤ ਤੱਕ ਨਹੀਂ ਹੁੰਦੀ।
ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਨਾਲ ਸ਼ਿਕਾਇਤ ਇਹ ਹੁੰਦੀ ਹੈ ਕਿ ਵਿਦੇਸ਼ ਜਾ ਕੇ ਉਹ ਉਨ੍ਹਾਂ ਨੂੰ ਭੁਲਾ ਬੈਠੇ ਹਨ। ਆਪਣਿਆਂ ਨੂੰ ਮਿਲਣ ਲਈ ਮਨ ਤਰਸ ਰਿਹਾ ਹੁੰਦਾ ਹੈ । ਵੱਖ ਵੱਖ ਰਿਸ਼ਤਿਆਂ ਨਾਲ ਜੁੜੇ ਪਿਆਰ ਦੇ ਤਾਰ ਮੁੜ ਮੁੜ ਮਨ ਅਤੇ ਆਤਮਾ ਨੂੰ ਝੰਜੋੜਦੇ ਹਨ। ਪਰ ਰੋਜ਼ਗਾਰ ਦਾ ਮੌਕਾ ਹੱਥੋਂ ਨਿਕਲ ਜਾਣ ਦਾ ਡਰ, ਘਰ ਜਾਣ ਲਈ ਮਹਿੰਗੀਆਂ ਟਿਕਟਾਂ ਅਤੇ ਪੀ.ਆਰ ਹੋਣ ਦੇ ਨਿਯਮਾਂ ਦੀਆਂ ਪੈਰਾਂ ‘ਚ ਪਈਆਂ ਬੇੜੀਆਂ ਘਰ ਜਾਣ ਅਤੇ ਆਪਣਿਆਂ ਨੂੰ ਮਿਲਣ ਨਹੀਂ ਦਿੰਦੀਆਂ। ਸਾਰਾ ਦਿਨ ਦੀ ਨੱਠ ਭੱਜ ਵਿਚ ਦਿਨ ਦਾ ਪਤਾ ਹੀ ਨਹੀਂ ਲੱਗਦਾ। ਰਾਤ ਨੂੰ ਬਿਸਤਰੇ ‘ਚ ਪਏ ਹੋਏ ਆਪਣਿਆਂ ਦੀ ਯਾਦ ਸਤਾਉਣ ਲੱਗਦੀ ਹੈ। ਪਰ ਹਾਲਾਤ ਨਾਲ ਸਮਝੌਤਾ ਕਰਨ ਤੋਂ ਬਿਨਾਂ ਕੋਈ ਚਾਰਾ ਨਜਰ ਨਹੀਂ ਆ ਰਿਹਾ ਹੁੰਦਾ। ਪਿੱਛੇ ਮੁੜਨਾ ਵੀ ਸੰਭਵ ਨਹੀਂ ਹੁੰਦਾ। ਥੱਕੇ ਟੁੱਟਿਆਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅੱਖ ਲੱਗ ਗਈ।
ਘੜੀ ਦਾ ਲੱਗਿਆ ਅਲਾਰਮ ਦੂਜੇ ਦਿਨ ਫੇਰ ਰੋਜ਼ ਵਾਂਗ ਉਸੇ ਰਾਹ ਉੱਤੇ ਤੌਰ ਦਿੰਦਾ ਹੈ। ਖਾਣ-ਪੀਣ, ਨਹਾਉਣ-ਧੋਣ ਅਤੇ ਸੌਣ-ਪੈਣ ਦਾ ਕੋਈ ਸਮਾਂ ਹੀ ਨਹੀਂ ਹੁੰਦਾ। ਜੇਕਰ ਕਦੇ ਤਬੀਅਤ ਖਰਾਬ ਹੋ ਜਾਵੇ ਤਾਂ ਕੋਈ ਹਾਲ ਪੁੱਛਣ ਵਾਲਾ ਨਹੀਂ ਹੁੰਦਾ। ਡਾਲਰਾਂ ‘ਚ ਕਮਾਈ ਦੀ ਅਸਲੀਅਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਖਰਚ ਵੀ ਉਸੇ ਹਿਸਾਬ ਨਾਲ ਹੁੰਦਾ ਹੈ। ਵਿਦੇਸ਼ੀ ਮੁਲਕਾਂ ਦੇ ਸਖ਼ਤ ਕਾਨੂੰਨਾਂ ਵਿੱਚ ਜ਼ਿੰਦਗੀ ਜਿਊਣੀ ਸੌਖੀ ਨਹੀਂ ਹੁੰਦੀ। ਵਿਦੇਸ਼ੀ ਭਾਸ਼ਾਵਾਂ ‘ਚ ਗੱਲਬਾਤ ਕਰਦਿਆਂ ਆਪਣੀ ਬੋਲੀ ਜਿਸ ਵਿਚ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਦਾ ਆਪਣਾ ਹੀ ਮਜਾ ਹੁੰਦਾ ਹੈ, ਬਹੁਤ ਯਾਦ ਆਉਂਦੀ ਹੈ। ਵਿਦੇਸ਼ੀ ਮੁਲਕ ਦਾ ਮੌਸਮ, ਬਿਨਾ ਗੱਡੀ ਤੋਂ ਗੁਜ਼ਾਰਾ ਨਹੀਂ ਅਤੇ ਖਰੀਦਦਾਰੀ ਲਈ ਨੇੜੇ ਮਾਰਕੀਟ ਨਹੀਂ, ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਜ਼ਿੰਦਗੀ ਹਰ ਵੇਲੇ ਸਵਾਲਾਂ ਨਾਲ ਘਿਰੀ ਰਹਿੰਦੀ ਹੈ। ਪਤਾ ਨਹੀਂ ਕਦੋਂ ਨੌਕਰੀ ਹੱਥੋਂ ਚਲੀ ਜਾਣੀ, ਮਾਲਿਕ ਮਕਾਨ ਨੇ ਕਦੋਂ ਬੇਸਮੈਂਟ ਖਾਲੀ ਕਰਨ ਲਈ ਕਹਿ ਦੇਣਾ, ਨਾਲ ਰਹਿੰਦੇ ਮੁੰਡੇ-ਕੁੜੀਆਂ ਦੀਆਂ ਬੁਰੀਆਂ ਆਦਤਾਂ ਨਾਲ ਸਮਝੌਤਾ ਕਰਨਾ, ਇਨ੍ਹਾਂ ਸਮੱਸਿਆਵਾਂ ਨਾਲ ਹਰ ਰੋਜ਼ ਜੂਝਣਾ ਪੈਂਦਾ ਹੈ। ਹਰ ਚੀਜ਼ ਕਰਜ ਉੱਤੇ, ਮਾਪਿਆਂ ਵਲੋਂ ਲਿਆ ਗਿਆ ਕਰਜ ਕਦੋਂ ਉਤਰੇਗਾ, ਵਰਕ ਪਰਮਿਟ ਖਤਮ ਹੋਣ ਦਾ ਫਿਕਰ, ਮੁਲਕ ‘ਚ ਪੱਕੇ ਹੋਣ ਦੀ ਚਿੰਤਾ ਇਹ ਸਾਰਾ ਕੁੱਝ ਪਰਵਾਸ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।
ਟ੍ਰੈਫਿਕ ਨਿਯਮਾਂ ਦੀ ਸਖਤੀ, ਡਰਾਈਵਿੰਗ ਲਾਇਸੈਂਸ ਲੈਣ ਲਈ ਔਖੀ ਪ੍ਰਕਿਰਿਆ, ਰੋਜ਼ਗਾਰ ਲੈਣ ਅਤੇ ਕੰਮ ਧੰਦੇ ਕਰਨ ਲਈ ਲਾਇਸੈਂਸ ਪ੍ਰਾਪਤ ਕਰਨ ਲਈ ਇਨ੍ਹਾਂ ਮੁਲਕਾਂ ਦੇ ਟੈਸਟ ਪਾਸ ਕਰਨੇ ਅਤੇ ਇਸ ਸਾਰੇ ਕੁੱਝ ਲਈ ਡਾਲਰਾਂ ਦਾ ਪ੍ਰਬੰਧ ਕਰਨਾ ਕਿਸੀ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਜ਼ਿੰਦਗੀ ਜਿਊਣ ਦੇ ਖੁੱਲ੍ਹੇ ਢੰਗ ਅਨੁਸਾਰ ਜ਼ਿੰਦਗੀ ਨਾ ਜੀਓ ਤਾਂ ਵੀ ਨਹੀਂ ਸਰਦਾ, ਜੇਕਰ ਜੀਓ ਤਾਂ ਵੀ ਔਖਾ। ਜੇਕਰ ਪਰਵਾਸ ਵਾਲੇ ਮੁਲਕ ਵਿਚ ਆਪਣੇ ਪਰਿਵਾਰ ਦਾ ਕੋਈ ਜੀਅ ਮਿਲਣ ਆ ਜਾਵੇ ਤਾਂ ਉਸਨੂੰ ਕਿੱਥੇ ਠਹਿਰਾਇਆ ਜਾਵੇ, ਇਸਦਾ ਅਨੁਭਵ ਓਹੀ ਦੱਸ ਸਕਦਾ ਹੈ, ਜਿਹੜਾ ਉਨ੍ਹਾਂ ਹਾਲਤਾਂ ਵਿਚੋਂ ਲੰਘਦਾ ਹੈ। ਜਿੰਨੀ ਮਰਜ਼ੀ ਮਰਿਆਦਾ ਭਰੀ ਜ਼ਿੰਦਗੀ ਜੀਵੀ ਹੋਵੇ ਪਰ ਵਿਆਹ ਦੀ ਗੱਲ ਚੱਲਣ ਸਮੇਂ ਸਾਰੇ ਮਾਪਿਆਂ ਦੀ ਇਹੋ ਧਾਰਨਾ ਹੁੰਦੀ ਹੈ ਕਿ ਵਿਦੇਸ਼ੀ ਮੁਲਕਾਂ ਵਿੱਚ ਬੱਚਿਆਂ ਦਾ ਕੀ ਪਤਾ, ਯਾਨੀ ਕਿ ਕੋਈ ਭਰੋਸਾ ਕਰਨ ਲਈ ਤਿਆਰ ਨਹੀਂ ਹੁੰਦਾ। ਰਿਸ਼ਤੇ ਦੀ ਗੱਲ ਕਰਦਿਆਂ ਲੋਕ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਜਿੰਨਾ ਮਰਜ਼ੀ ਕਮਾ ਲਓ, ਫੇਰ ਵੀ ਗੁਜਾਰਾ ਸੌਖਾ ਨਹੀਂ ਹੁੰਦਾ। ਰਿਸ਼ਤੇਦਾਰ ਹਾਲ ਚਾਲ ਬਾਅਦ ਵਿੱਚ ਪੁੱਛਦੇ ਹਨ, ਕਿਹੜਾ ਕੰਮ ਕਰਦਾ ਉੱਥੇ ਇਹ ਸਵਾਲ ਪਹਿਲਾਂ ਪੁੱਛਦੇ ਹਨ। ਹੁਣ ਜੇਕਰ ਗੱਲ ਉਨ੍ਹਾਂ ਪਰਵਾਸੀ ਲੋਕਾਂ ਦੀ ਕੀਤੀ ਜਾਵੇ ਜਿਨ੍ਹਾਂ ਨੂੰ ਵੇਖਕੇ ਇਵੇਂ ਲੱਗਦਾ ਹੈ ਕਿ ਉਹ ਚੰਗੀ ਕਮਾਈ ਕਰ ਰਹੇ ਹਨ, ਉਨ੍ਹਾਂ ਕੋਲ ਵੱਡੀਆਂ ਗੱਡੀਆਂ, ਵੱਡੇ ਘਰ, ਮਹਿੰਗੇ ਫੋਨ ਅਤੇ ਹੋਰ ਬਹੁਤ ਕੁੱਝ ਹੈ। ਉਹ ਬਹੁਤ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਬਸਰ ਕਰ ਰਹੇ ਹਨ। ਪਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਆਪਣੀ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਘਰ, ਗੱਡੀ, ਮੋਬਾਇਲ ਹੋਰ ਸਾਜੋ ਸਮਾਨ ਅਤੇ ਬੀਮੇ ਦੀਆਂ ਕਿਸ਼ਤਾਂ ਦਿੰਦਿਆਂ ਸਾਰੀ ਉਮਰ ਲੰਘ ਜਾਂਦੀ ਹੈ। ਪਤੀ-ਪਤਨੀ ਦੋਹਾਂ ਦੀ ਕਮਾਈ ਤੋਂ ਬਿਨਾ ਪਰਿਵਾਰ ਦੇ ਖਰਚੇ ਪੂਰੇ ਨਹੀਂ ਹੁੰਦੇ। ਦੋਹਾਂ ਦੀ ਜ਼ਿੰਦਗੀ ਮਸ਼ੀਨ ਬਣ ਕੇ ਰਹਿ ਜਾਂਦੀ ਹੈ। ਪਰਿਵਾਰ ਦੇ ਪਾਲਣ ਪੋਸ਼ਣ ਅਤੇ ਨੌਕਰੀਆਂ ਦੇ ਰੁਝੇਵੇਂ ਵਿੱਚ ਪਤੀ-ਪਤਨੀ ਪਿਸਣ ਲੱਗ ਪੈਂਦੇ ਹਨ। ਨੌਕਰੀਆਂ ਦੇ ਰੁਝੇਵਿਆਂ ਵਿੱਚ ਬੱਚਿਆਂ ਦੀ ਦੇਖਭਾਲ ਦਾ ਸਮਾਂ ਵੀ ਨਹੀਂ ਹੁੰਦਾ। ਇਸ ਭੱਜ-ਦੌੜ ਦੀ ਜ਼ਿੰਦਗੀ ‘ਚ ਕਈ ਵਾਰ ਪਤੀ ਪਤਨੀ ਦੇ ਸਬੰਧਾਂ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਜੇਕਰ ਦੋਵੇਂ ਇੱਕ ਦੂਜੇ ਦੀਆਂ ਮਜਬੂਰੀਆਂ ਨੂੰ ਨਾ ਸਮਝਣ, ਦੋਹਾਂ ਵਿੱਚ ਸਹਿਯੋਗ ਦੀ ਭਾਵਨਾ ਨਾ ਹੋਵੇ ਅਤੇ ਇੱਕ ਦੂਜੇ ਦਾ ਗਿਲਾ ਗੁੱਸਾ ਬਰਦਾਸ਼ਤ ਕਰਨ ਦਾ ਮਾਦਾ ਨਾ ਹੋਵੇ ਤਾਂ ਦੋਹਾਂ ਦੇ ਸਬੰਧਾਂ ਵਿਚ ਕੁੜੱਤਣ ਵੀ ਆ ਜਾਂਦੀ ਹੈ। ਵਿਦੇਸ਼ਾਂ ਵਿਚ ਬੱਚਿਆਂ ਦਾ ਪਾਲਣ ਕਰਨਾ ਬਹੁਤ ਵੱਡੀ ਚੁਣੌਤੀ ਹੈ। ਜਿਹੜੇ ਪਤੀ-ਪਤਨੀ ਦੋਵੇਂ ਨੌਕਰੀ ਪੇਸ਼ਾ ਹਨ, ਉਨ੍ਹਾਂ ਲਈ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਹੋਰ ਵੀ ਔਖਾ ਹੁੰਦਾ ਹੈ। ਵਿਦੇਸ਼ਾਂ ‘ਚ ਸਾਡੇ ਦੇਸ਼ ਵਾਂਗ ਘਰ ਦੇ ਕੰਮ ਕਾਜ ਅਤੇ ਬੱਚਿਆਂ ਦੀ ਦੇਖਭਾਲ ਲਈ ਨੌਕਰਾਣੀ ਰੱਖਣਾ ਸੌਖਾ ਕੰਮ ਨਹੀਂ। ਕਿਉਂਕਿ ਉਨ੍ਹਾਂ ਨੂੰ ਤਨਖਾਹ ਦੇਣੀ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬੱਚਿਆਂ ਦੇ ਪਾਲਣ ਪੋਸ਼ਣ ਲਈ ਉਨ੍ਹਾਂ ਨੂੰ ਆਪਣੇ ਮਾਪਿਆਂ ਅਤੇ ਸੁਹਰਿਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਉਹ ਉਨ੍ਹਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਲਈ ਲੈ ਤਾਂ ਆਉਂਦੇ ਹਨ ਪਰ ਉਨ੍ਹਾਂ ਦੇ ਆਉਣ ਨਾਲ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਆਉਣ ਜਾਣ ਦੀਆਂ ਟਿਕਟਾਂ ਦਾ ਖਰਚਾ, ਵੱਖਰੇ ਤਰ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ, ਉਨ੍ਹਾਂ ਦੇ ਸਿਹਤ ਪ੍ਰਬੰਧ ਲਈ ਉਨ੍ਹਾਂ ਦੀ ਸਿਹਤ ਦੇ ਬੀਮੇ ਦਾ ਖਰਚ, ਉਨ੍ਹਾਂ ਉੱਤੇ ਆਰਥਿਕ ਬੋਝ ਵਧਾ ਦਿੰਦਾ ਹੈ। ਜਿਨ੍ਹਾਂ ਦੇ ਮਾਪਿਆਂ ਜਾਂ ਸੁਹਰਿਆਂ ਵਿੱਚੋ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਲਈ ਕੋਈ ਨਹੀਂ ਆਉਂਦਾ, ਉਨ੍ਹਾਂ ਪਤੀ ਪਤਨੀਆਂ ਦੀਆਂ ਔਕੜਾਂ ਹੋਰ ਵੱਧ ਜਾਂਦੀਆਂ ਹਨ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ। ਉਨ੍ਹਾਂ ਪਤੀ ਪਤਨੀਆਂ ਵਿੱਚੋਂ ਜੇਕਰ ਕੋਈ ਇੱਕ ਨੌਕਰੀ ਛੱਡਦਾ ਹੈ ਤਾਂ ਕਰਜ਼ੇ ਦੀਆਂ ਕਿਸ਼ਤਾਂ ਉਤਰਨੀਆ ਔਖੀਆਂ ਹੋ ਜਾਂਦੀਆਂ ਹਨ, ਗੁਜਾਰਾ ਕਰਨਾ ਔਖਾ ਹੋ ਜਾਂਦਾ ਹੈ। ਜੇਕਰ ਦੋਨੋ ਨੌਕਰੀ ਕਰਦੇ ਹਨ ਤਾਂ ਬੱਚੇ ਰੁਲਦੇ ਹਨ। ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਉਵੇਂ-ਉਵੇਂ ਉਨ੍ਹਾਂ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਉੱਤੇ ਵਿਦੇਸ਼ੀ ਸਭਿਆਚਾਰ ਅਤੇ ਰਹਿਣ-ਸਹਿਣ ਦੀ ਰੰਗਤ ਚੜ੍ਹਨ ਲੱਗ ਪੈਂਦੀ ਹੈ। ਵਿਦੇਸ਼ੀ ਮੁਲਕਾਂ ਦੇ ਬੱਚਿਆਂ ਵਾਂਗ ਉਨ੍ਹਾਂ ਦਾ ਜ਼ਿੰਦਗੀ ਜਿਊਣ ਦਾ ਢੰਗ ਆਪਣੇ ਮੁਲਕ ਨਾਲੋਂ ਬਿਲਕੁੱਲ ਵੱਖਰਾ ਹੁੰਦਾ ਹੈ।
ਵਿਦੇਸ਼ੀ ਮੁਲਕਾਂ ਦੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਰੋਕਣ ਟੋਕਣ ਦੀ ਪਾਬੰਦੀ ਕਾਰਨ ਬੱਚਿਆਂ ਦੇ ਸੁਭਾਅ ਵਿਚ ਆਪ ਹੁਦਰਾਸ਼ਾਹੀ ਹੁੰਦੀ ਹੈ। ਹੌਲੀ-ਹੌਲੀ ਬੱਚੇ ਆਪਣੇ ਮੁਲਕ ਦੇ ਸਭਿਆਚਾਰ, ਭਾਸ਼ਾ, ਖਾਣ ਪੀਣ, ਰਹਿਣ ਸਹਿਣ ਅਤੇ ਵਿਚਾਰਾਂ ਤੋਂ ਦੂਰ ਹੁੰਦੇ ਜਾਂਦੇ ਹਨ। ਬੱਚਿਆਂ ਦੇ ਮਾਪੇ ਮਨੋ ਮਨੀ ਪਿਸਦੇ ਹਨ ਪਰ ਉਨ੍ਹਾਂ ਕੋਲ ਬੱਚਿਆਂ ਨਾਲ ਸਮਝੌਤਾ ਕਰਨ ਤੋਂ ਬਿਨਾਂ ਕੋਈ ਹਲ ਨਹੀਂ ਹੁੰਦਾ। ਸਿਹਤ ਸੇਵਾਵਾਂ ਦਾ ਮਾੜਾ ਪ੍ਰਬੰਧ, ਪੁਲਿਸ ਵਿਵਸਥਾ ਅਤੇ ਕਾਨੂੰਨਾ ਦੀਆਂ ਖਾਮੀਆਂ.ਦਿਨੋ ਦਿਨ ਵਧ ਰਹੀ ਬੇਰੋਜ਼ਗਾਰੀ, ਮਹਿੰਗੀ ਉਚੇਰੀ ਸਿੱਖਿਆ ਅਤੇ ਜਾਨ ਮਾਲ ਦੀ ਵੱਧ ਰਹੀ ਅਸੁਰੱਖਿਆ ਪਰਵਾਸ ਦੀਆਂ ਗੰਭੀਰ ਸਮੱਸਿਆਵਾਂ ਹਨ। ਪਰਵਾਸ ਦੀ ਰੇਗਿਸਤਾਨ ਦੀ ਮ੍ਰਿਗ ਤ੍ਰਿਸ਼ਨਾ ਵਾਲੀ ਜ਼ਿੰਦਗੀ ਨੂੰ ਵੇਖ ਕੇ ਅੰਨ੍ਹੇਵਾਹ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਨੌਜਵਾਨ ਪੀੜ੍ਹੀ ਨੂੰ ਇਹ ਗੱਲ ਆਪਣੇ ਗੱਠੀ ਬਨ੍ਹ ਲੈਣੀ ਚਾਹੀਦੀ ਹੈ ਕਿ ਉਹ ਜਿੰਨੀ ਮਿਹਨਤ ਵਿਦੇਸ਼ਾਂ ਵਿਚ ਆ ਕੇ ਕਰਦੇ ਹਨ ਜੇਕਰ ਐਨੀ ਮਿਹਨਤ ਆਪਣੇ ਮੁਲਕ ਵਿਚ ਕੀਤੀ ਜਾਵੇ ਤਾਂ ਆਪਣੇ ਦੇਸ਼ ਵਿਚ ਇਸ ਤੋਂ ਵੀ ਬਿਹਤਰ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ।
[email protected]

 

Check Also

16 ਨਵੰਬਰ : ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਆਜ਼ਾਦੀ ਘੁਲਾਟੀਆਂ ਦੀ ਦਾਸਤਾਨ-ਏ-ਸ਼ਹਾਦਤ

ਅਸਲੀ ਨਾਇਕਾਂ ਗ਼ਦਰੀ ਸ਼ੇਰਾਂ ਦੀਆਂ ਮਾਰਾਂ ਅਤੇ ਅਜੋਕੇ ਖਲਨਾਇਕਾਂ ਫਾਸ਼ੀਵਾਦੀ ਗਿੱਦੜਾਂ ਦੀਆਂ ਕਲੋਲਾਂ ਡਾ. ਗੁਰਵਿੰਦਰ …