ਗੁਰਮੀਤ ਸਿੰਘ ਪਲਾਹੀ
1920 ਵਿੱਚ ਸਥਾਪਿਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪੂਰੀ ਇੱਕ ਸਦੀ ਬਾਅਦ ਗਰਦਿਸ਼ ਵਿੱਚ ਹੈ। ਭਾਵੇਂ ਸਮੇਂ-ਸਮੇਂ ‘ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੁਝ ਨੇਤਾ ਇਸ ਨਾਲੋਂ ਤੋੜ-ਵਿਛੋੜਾ ਕਰਦੇ ਰਹੇ, ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਦਾ ਰਿਹਾ। ਸੂਬਿਆਂ ਲਈ ਵੱਧ ਅਧਿਕਾਰਾਂ ਦੀ ਤਰਜ਼ਮਾਨੀ ਕਰਦਾ ਰਿਹਾ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਵਰਗੇ ਨੇਤਾ ਇਸ ਸਿਆਸੀ ਪਾਰਟੀ ਨੂੰ ਅਗਵਾਈ ਦਿੰਦੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਉਤੇ ਕਾਬਜ਼ ਰਹਿਕੇ ਆਪਣੀ ਸਿਆਸੀ ਹੋਂਦ ਨੂੰ ਕਾਇਮ ਰੱਖਣ ਵਿੱਚ ਨਿਰੰਤਰ ਕਾਮਯਾਬ ਹੁੰਦੇ ਰਹੇ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਉਤੇ ਸਮੇਂ-ਸਮੇਂ ਹੋਰ ਅਕਾਲੀ ਨੇਤਾਵਾਂ ਦਾ ਕਬਜ਼ਾ ਰਿਹਾ, ਪਰ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ, ਜੋ ਪੰਜ ਵੇਰ ਪੰਜਾਬ ਦੇ ਮੁੱਖ ਮੰਤਰੀ ਬਣੇ, ਦਾ ਗਲਬਾ ਸ਼੍ਰੋਮਣੀ ਅਕਾਲੀ ਦਲ ਉਤੇ ਵੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਵੀ ਕਾਇਮ ਹੈ।
ਸ: ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਵਲੋਂ 10 ਸਾਲ ਪੰਜਾਬ ਉਤੇ ਸਾਂਝੇ ਤੌਰ ‘ਤੇ ਰਾਜ ਕੀਤਾ ਗਿਆ। ਇਸ ਸਮੇਂ ਦੌਰਾਨ ਪੰਜਾਬ ਵੱਡੇ ਕਰਜ਼ੇ ਥੱਲੇ ਦੱਬਿਆ ਗਿਆ, ਸੂਬੇ ਵਿੱਚ ਮਾਫੀਏ ਨੇ ਫੰਨ ਫੈਲਾਏ, ਕੁਝ ਧਾਰਮਿਕ ਮਸਲੇ ਵੀ ਇਸ ਸਮੇਂ ਦੌਰਾਨ ਖੜ੍ਹੇ ਹੋਏ। ਸ: ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ, ਪੁੱਤਰ-ਮੋਹ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਪ-ਮੁੱਖ ਮੰਤਰੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਪ੍ਰਧਾਨ ਬਣਾ ਦਿੱਤਾ। ਜਿਸ ਨਾਲ ਸੀਨੀਅਰ ਨੇਤਾਵਾਂ, ਜਿਹਨਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਸ਼ਾਮਲ ਸਨ, ਵਿੱਚ ਰੋਸ ਜਾਗਿਆ। ਘੁਸਰ-ਮੁਸਰ ਸ਼ੁਰੂ ਹੋਈ। ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਟਕਸਾਲੀ ਅਕਾਲੀ ਦਲ ਅਤੇ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਬਣਾ ਲਿਆ ਹੈ, ਜਿਸ ਨੂੰ ਸੀਨੀਅਰ ਅਕਾਲੀ ਆਗੂਆਂ, ਜਿਹਨਾਂ ਵਿੱਚ ਵੱਡੀ ਗਿਣਤੀ ਬਾਦਲ ਧੜੇ ਨਾਲ ਜੁੜੇ ਲੋਕ ਹਨ, ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਸਮੇਂ ਸੂਬੇ ਪੰਜਾਬ ਵਿੱਚ ਅੱਧੀ ਦਰਜਨ ਤੋਂ ਵੱਧ ਅਕਾਲੀ ਦਲ ਹਨ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਤੋਂ ਬਿਨਾ ਯੂਨਾਈਟਿਡ ਅਕਾਲੀ ਦਲ, ਰਵੀਇੰਦਰ ਸਿੰਘ ਅਕਾਲੀ ਦਲ, ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ ਅਤੇ ਪੰਥਕ ਅਕਾਲੀ ਦਲ ਹੋਂਦ ਵਿੱਚ ਆਏ ਹੋਏ ਹਨ। ਪਰ ਪੰਜਾਬ ਦੇ ਵੋਟਰ ਜਾਂ ਸਿੱਖ ਵੋਟਰ ਆਮ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਦੇ ਹਨ। ਹੁਣ ਵੇਖਣਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਦੇ ਮੁਕਾਬਲੇ ਉਤੇ ਸੁਖਦੇਵ ਸਿੰਘ ਢੀਂਡਸਾ, ਜੋ ਪ੍ਰਕਾਸ਼ ਸਿੰਘ ਬਾਦਲ ਦੇ ਆੜੀ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਗਲਿਆਰਿਆਂ, ਸਿੱਖ ਵੋਟਰਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਅਤੇ ਚੋਣਾਂ ਵਿਚ ਜਿੱਤ ਪ੍ਰਾਪਤ ਕਰਦੇ ਹਨ ਜਾਂ ਫਿਰ ਗੁਰਚਰਨ ਸਿੰਘ ਟੌਹੜਾ ਵਾਂਗਰ ਹਾਰ ਦਾ ਕਾਰਨ ਬਣਦੇ ਹਨ।
ਬਿਨਾ ਸ਼ੱਕ ਸੁਖਦੇਵ ਸਿੰਘ ਢੀਂਡਸਾ ਦਾ ਅਕਸ ਅਕਾਲੀ ਵਰਕਰਾਂ ਵਿੱਚ ਸਾਫ਼-ਸੁਥਰਾ ਹੈ। ਉਹ ਅਕਾਲੀ ਰਾਜਨੀਤੀ ਦੀ ਰਗ-ਰਗ ਤੋਂ ਵਾਕਫ਼ ਹੈ। ਅਕਾਲੀ ਨੇਤਾ ਵੀ ਉਸ ਨਾਲ ਜੁੜ ਚੁੱਕੇ ਹਨ ਜਾਂ ਜੁੜ ਰਹੇ ਹਨ। ਪਰ ਇਹ ਗੱਲ ਸਮਝਣ ਵਾਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਤੇ ਜਿਸ ਧਿਰ ਦਾ ਕਬਜ਼ਾ ਹੋਏਗਾ ਜਾਂ ਰਹੇਗਾ, ਉਹੀ ਧਿਰ ਸ਼੍ਰੋਮਣੀ ਅਕਾਲੀ ਦਲ ਕਹਾਉਂਦੀ ਰਹੀ ਹੈ ਅਤੇ ਬਾਦਲ ਪਰਿਵਾਰ ਦੀ ਪਕੜ ਇਸ ਸੰਸਥਾ ਉਤੇ ਬਹੁਤ ਪੀਡੀ ਹੈ, ਜਿਸਨੂੰ ਸਮੇਂ-ਸਮੇਂ ਤੇ ਕਈ ਅਕਾਲੀ ਨੇਤਾਵਾਂ ਤੇ ਗੁੱਟਾਂ ਨੇ ਵੰਗਾਰਿਆਂ ਹੈ, ਪਰ ਸਫ਼ਲਤਾ ਹਾਸਲ ਨਹੀਂ ਹੋ ਸਕੀ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਚੋਣ ਕੁਝ ਸਮੇਂ ਬਾਅਦ ਹੋਣ ਵਾਲੀ ਹੈ, ਜਿਸ ਸਬੰਧੀ ਫ਼ੈਸਲਾ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ। ਕੇਂਦਰ ਵਿੱਚ ਭਾਜਪਾ ਦਾ ਰਾਜ ਹੈ, ਜਿਸ ਵਲੋਂ ”ਇਕ ਪਾਰਟੀ ਇੱਕ ਲੋਕਤੰਤਰ” ਦੇ ਸਕੰਲਪ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜੇਕਰ ਭਾਜਪਾ ਇਹ ਮਹਿਸੂਸ ਕਰੇਗੀ ਕਿ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਇਸ ਕੰਮ ਵਿੱਚ ਉਸਦਾ ਸਾਥ ਦੇ ਸਕਦਾ ਹੈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣਾਂ ਉਸ ਵੇਲੇ ਕਰਵਾਏਗੀ, ਜਦੋਂ ਸੁਖਬੀਰ ਬਾਦਲ ਦਾ ਅਕਾਲੀ ਦਲ ਚਾਹੇਗਾ ਪਰ ਜੇਕਰ ਭਾਜਪਾ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿੱਚ ਅਕਾਲੀਆਂ ਦਾ ਪੱਲੜਾ ਭਾਰੀ ਦਿਸਿਆ ਤਾਂ ਉਸ ਵਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੁਰੰਤ ਕਰਾਉਣ ਲਈ ਯਤਨ ਤੇਜ਼ ਕਰ ਦਿੱਤੇ ਜਾਣਗੇ। ਉਂਜ ਭਾਜਪਾ ਦੇ ਬਹੁਤੇ ਸੀਨੀਅਰ ਨੇਤਾ ਪੰਜਾਬ ਵਿੱਚ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਲਈ ਕਾਹਲੇ ਹਨ, ਤੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨਾਲ ਸੀਟਾਂ ਦੀ ਵੰਡ ਵੇਲੇ 117 ਵਿਧਾਨ ਸਭਾ ਸੀਟਾਂ ਵਿਚੋਂ ਅੱਧੀਆਂ ਸੀਟਾਂ ਮੰਗਣਗੇ। ਪਰ ਜੇਕਰ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਦੇ ਵਧੇਰੇ ਸੀਨੀਅਰ ਨੇਤਾਵਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਤਾਂ ਉਸ ਅੱਗੇ ਵੀ ਪੰਜਾਬ ਦੀ ਸਿਆਸਤ ਵਿੱਚ ਤਿੰਨ ਬਦਲ ਹੋਣਗੇ:-
ਪਹਿਲਾ ਇਹ ਕਿ ਉਹ ਭਾਜਪਾ ਨਾਲ ਗੱਠਜੋੜ ਕਰਨ।
ਦੂਜਾ ਇਹ ਕਿ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ।
ਤੀਜਾ ਇਹ ਕਿ ਉਹ ਬਾਦਲ ਦਲ ਤੋਂ ਬਿਨਾ ਬਾਕੀ ਸਾਰੇ ਦਲਾਂ ਦੇ ਨੇਤਾਵਾਂ ਨੂੰ ਨਾਲ ਲੈ ਕੇ ਤੀਜਾ ਬਾਦਲ ਬਨਾਉਣ।
ਤੀਜਾ ਬਾਦਲ ਬਨਾਉਣ ਲਈ ਅਕਾਲੀ ਦਲ ਵਿਚੋਂ ਨਿਕਲੇ ਬਲਵੰਤ ਸਿੰਘ ਰਾਮੂਵਾਲੀਆ, ਮਨਪ੍ਰੀਤ ਸਿੰਘ ਬਾਦਲ ਨੇ ਵਧੇਰਾ ਯਤਨ ਕੀਤਾ ਸੀ, ਪੰਜਾਬ ਭਰ ਵਿਚੋਂ ਉਹਨਾਂ ਨੂੰ ਪੂਰਾ ਸਹਿਯੋਗ ਵੀ ਮਿਲਿਆ ਸੀ, ਪਰ ਉਹ 4 ਫ਼ੀਸਦੀ ਤੋਂ ਵੱਧ ਵੋਟਾਂ ਨਹੀਂ ਲੈ ਸਕੇ। ਸੁਖਦੇਵ ਸਿੰਘ ਢੀਂਡਸਾ ਵਲੋਂ ਪਿਛਲੇ ਦਿਨੀਂ ਕਾਂਗਰਸ ਤੇ ਸੁਖਬੀਰ ਸਿੰਘ ਬਾਦਲ ਦਲ ਤੋਂ ਬਿਨਾ ਹੋਰ ਕਿਸੇ ਵੀ ਦਲ ਨਾਲ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਕਾਇਮ ਰੱਖੀਆਂ ਹਨ। ਸੁਖਦੇਵ ਸਿੰਘ ਢੀਂਡਸਾ ਦੀਆਂ ਸਰਗਰਮੀਆਂ ਦਾ ਭਵਿੱਖ ਇਸ ਗੱਲ ‘ਤੇ ਵੀ ਨਿਰਭਰ ਕਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਵਜੋਂ ਭਾਰਤੀ ਚੋਣ ਕਮਿਸ਼ਨ ਵਲੋਂ ਕਿਸ ਨੂੰ ਪ੍ਰਵਾਨਗੀ ਮਿਲਦੀ ਹੈ? ਇਹ ਸਭ ਕੁਝ ਵੀ ਕੇਂਦਰੀ ਹਕੂਮਤ ਉਤੇ ਨਿਰਭਰ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੱਡੀ ਸਿਆਸੀ ਰੱਦੋ-ਬਦਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਭਾਜਪਾ ਪੰਜਾਬ ਵਿੱਚ ਹਰ ਹੀਲੇ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ। ਕਾਂਗਰਸ ਵਿੱਚ ਫੁੱਟ ਪੈਣ ਦੀ ਸੰਭਾਵਨਾ ਹੈ। ਕਾਂਗਰਸ ਤੋਂ ਰੁੱਸੇ ਹੋਏ ਨੇਤਾ ਭਾਜਪਾ ਵਿਚ ਜਾ ਸਕਦੇ ਹਨ।
ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਭਾਜਪਾ ਹਾਲੇ ਇੱਕਲਿਆ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੀ, ਉਸ ਦਾ ਦਾਇਰਾ ਸ਼ਹਿਰਾਂ ਵਿੱਚ ਤਾਂ ਹੋ ਸਕਦਾ ਹੈ, ਪਰ ਪਿੰਡਾਂ ਵਿੱਚ ਖ਼ਾਸ ਕਰਕੇ ਕਿਸਾਨਾਂ ਵਿੱਚ ਉਸਦਾ ਘੇਰਾ ਨਹੀਂ ਵੱਧ ਰਿਹਾ। ਕਿਸਾਨ ਵਿਰੋਧੀ ਜਾਰੀ ਤਿੰਨ ਆਰਡੀਨੈਂਸਾਂ ਨੇ ਪੰਜਾਬ ਦੇ ਕਿਸਾਨਾਂ ਤੋਂ ਭਾਜਪਾ ਨੂੰ ਹੋਰ ਦੂਰ ਕਰ ਦਿੱਤਾ ਹੈ। ਕਿਸਾਨਾਂ ਦੀ ਦੂਰੀ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਧ ਰਹੀ ਹੈ, ਜਿਸਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰਿਆ ਸਗੋਂ ਕੇਂਦਰੀ ਸਰਕਾਰ ‘ਚ ਭਾਈਵਾਲ ਹੋਣ ਕਾਰਨ ਦੋਹਰੀ ਨੀਤੀ ਅਖਤਿਆਰ ਕੀਤੀ ਹੈ। ਇਹ ਜਾਣਦਿਆਂ ਹੋਇਆਂ ਵੀ ਕਿ ਕਿਸਾਨਾਂ ਲਈ ਕਾਰਪੋਰੇਟ ਖੇਤੀ ਦਾ ਰਸਤਾ ਖੋਲ੍ਹ ਕੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਤਿਆਰੀ ਕੇਂਦਰ ਸਰਕਾਰ ਵਲੋਂ ਚੱਲ ਰਹੀ ਹੈ।
ਪੰਜਾਬ ਕਾਂਗਰਸੀ ਸਰਕਾਰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਕਾਗਜੀਂ-ਪੱਤਰੀਂ ਲੋਕਾਂ ਦਾ ਢਿੱਡ ਭਰ ਰਹੀ ਹੈ, ਖਾਲੀ ਖਜ਼ਾਨੇ ਦੀ ਦੁਹਾਈ ਦੇ ਰਹੀ ਹੈ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਨਸ਼ੇ ਤੇ ਮਾਫ਼ੀਏ ਨੂੰ ਕੰਟਰੋਲ ਕਰਨ ਦੇ ਦਮਗਜ਼ੇ ਮਾਰ ਰਹੀ ਹੈ। ਨਿੱਤ ਨਵੇਂ ਬਿਆਨ ਦੇਕੇ, ਲੋਕਾਂ ਨੂੰ ਸੱਚੀ-ਸੁੱਚੀ ਸਰਕਾਰ ਬਨਣ ਦਾ ਦਾਅਵਾ ਵੀ ਕਰ ਰਹੀ ਹੈ। ਪਰ ਲੋਕ ਬਾਵਜੂਦ ਇਸ ਗੱਲ ਦੇ ਕਿ ਕਾਂਗਰਸ ਦੀ ਕਾਰਗੁਜਾਰੀ ਪਿਛਲੇ ਤਿੰਨ ਵਰ੍ਹਿਆਂ ਵਿਚ ਤਸੱਲੀਬਖ਼ਸ਼ ਨਹੀਂ ਰਹੀ, ਵਿਰੋਧੀ ਧਿਰ ਤੋਂ ਨਿਰਾਸ਼, ਕਾਂਗਰਸ ਦੀ ਕੰਨੀ ਫੜੀ ਨਜ਼ਰ ਆ ਰਹੀ ਹੈ। ਪੰਜਾਬ ਦੀ ਸਿਆਸਤ ਵਿੱਚ ਇੱਕ ਖਿਲਾਅ ਬਣਿਆ ਦਿਸਦਾ ਹੈ।
ਤੀਜੀ ਧਿਰ ਬਨਣ ਲਈ ਆਮ ਆਦਮੀ ਪਾਰਟੀ ਦਾ ਲਗਾਇਆ ਜ਼ੋਰ, ਪਾਰਟੀ ਦੇ ਨੇਤਾਵਾਂ ਦੇ ਖੇਰੂੰ-ਖੇਰੂੰ ਹੋਣ ਕਾਰਨ, ਕੋਈ ਸਿੱਟੇ ਨਹੀਂ ਕੱਢ ਰਿਹਾ। ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੇ ਵੱਡੇ ਮਸਲੇ ਹੱਲ ਕਰਨ ਲਈ ਕੋਈ ਵੀ ਧਿਰ ਭੂਮਿਕਾ ਨਿਭਾਉਣ ਲਈ ਅੱਗੇ ਨਹੀਂ ਆ ਰਹੀ।
ਪੰਜਾਬ ਦੇ ਲੋਕਾਂ ਦੇ ਮਸਲੇ ਵੱਡੇ ਹਨ:-
ਪਹਿਲਾ : ਪੰਜਾਬ ਦੇ ਕਿਸਾਨ ਦੀ ਤਬਾਹੀ, ਪੰਜਾਬ ਨੂੰ ਤਬਾਹ ਕਰ ਦੇਵੇਗੀ। ਜੇਕਰ ਮੌਜੂਦਾ ਮੰਡੀ ਢਾਂਚਾ ਤੋੜ ਦਿੱਤਾ ਗਿਆ ਤਾਂ ਪੰਜਾਬ ਦਾ ਕਿਸਾਨ ਦਰ-ਦਰ ਧੱਕੇ ਖਾਏਗਾ।
ਦੂਜਾ : ਪੰਜਾਬ ਦਾ ਖੇਤ ਮਜ਼ਦੂਰ ਅਤੇ ਮਜ਼ਦੂਰਾਂ ਦੀ ਹਾਲਤ ”ਖੀਸੇ ਖਾਲੀ, ਢਿੱਡ ਭੁੱਖੇ ਅਤੇ ਤਨ ਉਤੇ ਲੀਰਾਂ” ਵਾਲੀ ਹੈ।
ਤੀਜਾ : ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹਿਆ ਜਾ ਰਿਹਾ ਹੈ।
ਚੌਥਾ : ਪੰਜਾਬ ਦਾ ਖੇਤੀ ਸੰਕਟ ਡੂੰਘਾ ਹੋ ਰਿਹਾ ਹੈ, ਕਿਸਾਨ ਘਾਟੇ ਦੀ ਖੇਤੀ ਕਰ ਰਿਹਾ ਹੈ। ਖੁਦਕੁਸ਼ੀਆਂ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਨੀਵਾਂ ਹੋ ਰਿਹਾ ਹੈ।
ਪੰਜਵਾਂ : ਮਾਫੀਆ ਰਾਜ ਨੇ ਪੰਜਾਬ ਦੀ ਅਮਨ-ਕਨੂੰਨ ਦੀ ਸਥਿਤੀ ਵਿਗਾੜੀ ਹੋਈ ਹੈ। ਪੰਜਾਬ ਭ੍ਰਿਸ਼ਟਾਚਾਰ ਨਾਲ ਪੁਰੰਨਿਆ ਪਿਆ ਹੈ।
ਛੇਵਾਂ : ਪੰਜਾਬ ਦੇ ਲੋਕ ਅਤੇ ਸਰਕਾਰ ਪੋਟਾ-ਪੋਟਾ ਕਰਜ਼ਾਈ ਹਨ ਅਤੇ ਬੇਰੁਜ਼ਗਾਰੀ ਨੇ ਨੌਜਵਾਨਾਂ ਨੂੰ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ ਹੋਇਆ ਹੈ ਜਾਂ ਨਸ਼ਿਆਂ ਦੇ ਆਦੀ ਬਣਾ ਦਿੱਤਾ ਹੈ।
ਇਹੋ ਜਿਹੇ ਹਾਲਾਤ ਵਿੱਚ ਪੰਜਾਬ ਦੀ ਉਹ ਧਿਰ ਹੀ ਪੰਜਾਬੀਆਂ ਦੀ ਬੇੜੀ ਬੰਨੇ ਲਾਏਗੀ, ਜੋ ਪੰਜਾਬ ਦੇ ਲੋਕਾਂ ਦੇ ਦੁੱਖ-ਦਰਦ ਨੂੰ ਸਮਝੇਗੀ। ਹਾਲੀ ਤਾਂ ਪੰਜਾਬ ਵਿਚ ਸਿਆਸੀ ਤਿਕੜਮਵਾਜੀ ਨੇ ਪੰਜਾਬ ਦਾ ਸਿਆਸੀ ਮਾਹੌਲ ਗੰਧਲਾ ਕੀਤਾ ਹੋਇਆ ਹੈ।
ਲੋਕਾਂ ਦਾ ਵਿਸ਼ਵਾਸ਼ ਜਿੱਤਣ ਲਈ ਕਿਸੇ ਸੁਹਿਰਦ ਸਿਆਸੀ ਪਾਰਟੀ ਨੂੰ ਇਮਾਨਦਰੀ ਨਾਲ ਕਦਮ ਚੁੱਕਣੇ ਪੈਣਗੇ ਤਦੇ ਉਹੀ ਧਿਰ ਪੰਜਾਬ ‘ਚ ਤੀਜੀ ਧਿਰ ਵਜੋਂ ਸਥਾਪਿਤ ਹੋ ਸਕੇਗੀ। ਕਿਉਂਕਿ ਰਿਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ (ਬ), ਭਾਜਪਾ ਨੇ ਤਾਂ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ।
ੲੲੲ
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …