Breaking News
Home / ਮੁੱਖ ਲੇਖ / ਕਰੋਨਾ ਅਤੇ ਕੂੜਾ ਕਰਕਟ ਨਜਿੱਠਣ ਵਾਲੇ ਕਾਮੇ

ਕਰੋਨਾ ਅਤੇ ਕੂੜਾ ਕਰਕਟ ਨਜਿੱਠਣ ਵਾਲੇ ਕਾਮੇ

ਮਨਮੋਹਨ ਸਿੰਘ
ਕੋਵਿਡ-19 ਵਿਸ਼ਵਵਿਆਪੀ ਸਿਹਤ ਸੰਕਟ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਲਈ ਵੱਡੀ ਚੁਣੌਤੀ ਹੈ। ਇਹ ਸਿਹਤ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰਾਂ ਵਿਚ ਅਸਰ ਪਾ ਰਿਹਾ ਹੈ। ਇਹ ਭਾਰਤ ਵਿਚ ਵੀ ਸਮਾਜ ਦੇ ਹਰ ਵਰਗ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕਰ ਰਿਹਾ ਹੈ। ਸਿਹਤ ਸੇਵਾਵਾਂ ਮੁਹੱਈਆ ਕਰ ਰਹੇ ਡਾਕਟਰ ਅਤੇ ਸਬੰਧਤ ਅਮਲਾ ਹਾਲਾਤ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਹੈ। ਕਾਨੂੰਨ-ਵਿਵਸਥਾ ਨਾਲ ਸਬੰਧਤ ਅਮਲੇ ਦੇ ਹਾਲਾਤ ਵੀ ਅਜਿਹੇ ਹੀ ਹਨ। ਸਾਡੇ ਸਮਾਜ ਦਾ ਇੱਕ ਹਿੱਸਾ ਕੂੜੇ ਕਰਕਟ ਦੀ ਸਾਂਭ ਸੰਭਾਲ ਦਾ ਕੰਮ ਕਰਦਾ ਹੈ ਅਤੇ ਇਸ ਵਿਚੋਂ ਦੁਬਾਰਾ ਕੰਮ ਆਉਣ ਵਾਲੀਆਂ ਵਸਤਾਂ ਨੂੰ ਬਿਨਾ ਕਿਸੇ ਸੁਰੱਖਿਆ ਤੋਂ ਛਾਂਟ ਕੇ ਕੂੜੇ ਦੇ ਪ੍ਰਬੰਧ ਦੀ ਭੂਮਿਕਾ ਵੀ ਨਿਭਾ ਰਿਹਾ ਹੈ। ਇਨ੍ਹਾਂ ਕਾਮਿਆਂ ਨੂੰ ਕੂੜਾ ਕਰਕਟ ਕਾਮੇ, ਸਫਾਈ ਸੇਵਕ ਅਤੇ ਰੈਗ ਪਿੱਕਰ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸ਼ਬਦਕੋਸ਼ ਅਨੁਸਾਰ ਵਿਚ ਕੂੜਾ ‘ਅਣਚਾਹਿਆ ਪਦਾਰਥ’ ਹੈ ਅਤੇ ਇਸ ਦੀ ਸਾਂਭ ਸੰਭਾਲ ਕਰਨ ਵਾਲੇ ਲੋਕ ਵੀ ਸਮਾਜ ਵਿਚ ‘ਅਣਚਾਹੇ ਲੋਕਾਂ’ ਵਾਂਗ ਵਿਚਰਦੇ ਹਨ। ਕਰੋਨਾ ਮਹਾਮਾਰੀ ਨੇ ਕੂੜਾ ਕਰਕਟ ਕਾਮਿਆਂ ਲਈ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਕੂੜਾ ਕਰਕਟ ਅਤੇ ਸਫਾਈ ਸੇਵਕਾਂ ਦਾ ਕੰਮ-ਕਾਜ ਉਨ੍ਹਾਂ ਦੀਆਂ ਨਿਰਧਾਰਿਤ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੱਕ ਹੀ ਸੀਮਿਤ ਨਹੀਂ ਹੈ। ਉਨ੍ਹਾਂ ਵੱਲੋਂ ਦਿਨ ਪ੍ਰਤੀ ਦਿਨ ਸੜਕਾਂ, ਗਲੀਆਂ ਅਤੇ ਨਾਲੀਆਂ ਦੀ ਸਫਾਈ ਕੂੜੇ ਦੇ ਡੰਪਰਾਂ ਵਿਚ ਲਦਾਈ ਉਤਰਾਈ ਅਤੇ ਕੂੜੇ ਦੇ ਢੇਰਾਂ ਦੀ ਦੇਖਭਾਲ ਦਾ ਕੰਮ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਲਾਵਾਰਿਸ ਲਾਸ਼ਾਂ ਚੁੱਕਣ ਅਤੇ ਸਸਕਾਰ ਕਰਨ ਲਈ ਵੀ ਵਰਤਿਆ ਜਾਂਦਾ ਹੈ; ਮਰੇ ਹੋਏ ਪਸ਼ੂ, ਕੁੱਤੇ, ਗਾਵਾਂ ਆਦਿ ਨੂੰ ਚੁੱਕ ਕੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦਾ ਕੰਮ ਵੀ ਉਹੀ ਕਰਦੇ ਹਨ। ਕਰੋਨਾ ਸੰਕਟ ਨੇ ਕੂੜਾ ਕਰਕਟ ਕਾਮਿਆਂ ਦੇ ਕੰਮ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਹਾਲਾਤ ਨੂੰ ਬਦ ਤੋਂ ਬਦਤਰ ਬਣਾ ਦਿੱਤਾ ਹੈ। ਲੋਕਾਂ ਨੂੰ ਦਰਵਾਜ਼ਿਆਂ ਦੀਆਂ ਦੇਹਲੀਆਂ ਤੇ ਕੂੜਾ ਪ੍ਰਬੰਧਨ ਸੇਵਾਵਾਂ ਹਾਸਲ ਹੋਣ ਦਾ ਸਨਮਾਨ ਮਿਲਿਆ ਹੋਇਆ ਹੈ।
ਵਿਸ਼ਵ ਭਰ ਦੇ ਕੂੜਾ ਕਰਕਟ ਕਾਮੇ ਸਮਾਜ ਦੀ ਰੱਖਿਆ ਕਰ ਰਹੇ ਹਨ। ਗ਼ੈਰ ਰਸਮੀ (informal) ਸੈਕਟਰ ਵਿਚ ਸ਼ਾਮਲ ਕੂੜੇ ਕਰਕਟ ਦਾ ਕੰਮ ਕਰਨ ਵਾਲੇ ਲੋਕ ਆਪਣੀ ਸਿਹਤ ਅਤੇ ਰੋਜ਼ੀ-ਰੋਟੀ ਲਈ ਵਧੇਰੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਮੌਜੂਦਾ ਹਾਲਾਤ ਵਿਚ ਮਿਉਂਸਿਪਲ ਕੂੜੇ ਕਰਕਟ ਨਾਲ ਕਿੰਨਾ ਬਾਇਓ-ਮੈਡੀਕਲ ਕੂੜਾ ਰਲ ਰਿਹਾ ਹੈ ਅਤੇ ਇਸ ਦਾ ਨਿਬੇੜਾ ਕਿਵੇਂ ਕੀਤਾ ਜਾਣਾ ਹੈ, ਇਸ ਨੂੰ ਖਤਮ ਕਰਨ ਲਈ ਕਿਹੜੇ ਸਿਸਟਮ ਲਗਾਏ ਜਾਣੇ ਹਨ? ਕੀ ਅਜਿਹੇ ਹਾਲਾਤ ਵਿਚ ਕੂੜਾ ਕਰਕਟ ਕਾਮਿਆਂ ਅਤੇ ਰੈਗ ਪਿੱਕਰਾਂ ਦੀ ਰੱਖਿਆ ਲਈ ਕੋਈ ਵਿਉਂਤਬੰਦੀ ਹੈ? ਇਸ ਮਹਾਮਾਰੀ ਤੋਂ ਪਹਿਲਾਂ ਵੀ ਕੂੜਾ ਕਰਕਟ ਦਾ ਕੰਮ ਕਰਨ ਵਾਲੇ ਲੋਕ ਸਮਾਜ ਦਾ ਸਭ ਤੋਂ ਕਮਜ਼ੋਰ ਅੰਗ ਸਨ। ਮੌਜੂਦਾ ਹਾਲਾਤ ਤੋਂ ਸਾਬਿਤ ਹੈ ਕਿ ਸਾਡਾ ਸਮਾਜ ਲੰਮੇ ਅਰਸੇ ਤੋਂ ਕੂੜਾ ਕਰਕਟ ਕਾਮਿਆਂ ਦਾ ਰਿਣੀ ਹੈ। ਇਹ ਲੋਕ ਵਾਤਾਵਰਨ ਅਤੇ ਸਮਾਜ ਦੇ ਫਾਇਦੇ ਲਈ ਕੂੜੇ ਦੀ ਮੁੜ ਵਰਤੋਂ ਅਤੇ ਰੀਸਾਈਕਲਿੰਗ ਦਰਾਂ ਵਿਚ ਵਾਧਾ ਕਰ ਕੇ ਕੂੜੇ ਦੇ ਡੰਪਾਂ ਵਿਚ ਨਾਮਾਤਰ ਕੂੜਾ ਇਕੱਠਾ ਹੋਣ ਪ੍ਰਤੀ ਅੰਦੋਲਨ ਦਾ ਅਹਿਮ ਹਿੱਸਾ ਹਨ। ਭਾਰਤ ਦੇ ਸ਼ਹਿਰੀ ਖੇਤਰਾਂ ਵਿਚ ਲੋਕ ਹਰ ਸਾਲ 6.20 ਕਰੋੜ ਟਨ ਮਿਉਂਸਿਪਲ ਕੂੜਾ ਪੈਦਾ ਕਰਦੇ ਹਨ, ਇਸ ਦਾ ਲਗਭਗ 70 ਪ੍ਰਤੀਸ਼ਤ ਹੀ ਇਕੱਤਰ ਕੀਤਾ ਜਾਂਦਾ ਹੈ। ਮਿਉਂਸਿਪਲ ਕੂੜੇ ਦੇ ਪੁਰਾਣੇ ਢੇਰ ਵਿਰਾਸਤੀ ਰਹਿੰਦ-ਖੂੰਹਦ ਦੇ ਰੂਪ ਵਿਚ ਵਾਤਾਵਰਨ ਲਈ ਇੱਕ ਹੋਰ ਖਤਰਾ ਹਨ। ਮੌਜੂਦਾ ਪ੍ਰਬੰਧ ਮਹਾਮਾਰੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਕਰੋਨਾ ਕਾਰਨ ਕੂੜੇ ਦੀ ਤਜਾਰਤੀ ਲੜੀ ਵੀ ਟੁੱਟ ਗਈ ਹੈ। ਲੌਕਡਾਊਨ ਕਾਰਨ ਉਹ ਲੋਕ ਬਾਹਰ ਨਹੀਂ ਜਾ ਸਕੇ ਜਿਨ੍ਹਾਂ ਨੇ ਕੂੜੇ ਕਰਕਟ ਵਿਚੋਂ ਵੇਚਣ ਯੋਗ ਸਮਾਨ ਜਾਂ ਰੱਦੀ ਇਕੱਠੀ ਕੀਤੀ ਸੀ, ਉਹ ਵੇਚ ਵੀ ਨਹੀਂ ਸਕੇ ਜਿਸ ਕਾਰਨ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਢਾਅ ਲੱਗੀ ਹੈ। ਅਧਿਐਨਾਂ ਨੇ ਦਰਸਾਇਆ ਹੈ ਕਿ ਕੂੜਾ ਕਰਕਟ ਕਾਮਿਆਂ ਨੂੰ ਲਾਗ ਲੱਗਣ (ਇਨਫੈਕਸ਼ਨ ਹੋਣ) ਦਾ ਜੋਖਮ ਆਮ ਲੋਕਾਂ ਤੋਂ ਤਿੰਨ ਤੋਂ ਛੇ ਗੁਣਾ ਵਧੇਰੇ ਹੁੰਦਾ ਹੈ। ਕੂੜੇ ਕਰਕਟ ਵਿਚੋਂ ਮੀਥੇਨ, ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦੇ ਵਾਤਾਵਰਨ ਵਿਚ ਵਾਧੂ ਨਿਕਾਸ ਕਾਰਨ ਸਿਰ ਦਰਦ, ਨੱਕ ਦਾ ਵਹਿਣਾ ਅਤੇ ਉਲਟੀਆਂ ਆਉਂਦੀਆਂ ਹਨ। ਇਨ੍ਹਾਂ ਦੇ ਸਾਹ ਨਾਲ ਅੰਦਰ ਜਾਣ ਕਰ ਕੇ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇੱਥੋਂ ਤਕ ਕਿ ਕੈਂਸਰ, ਜਨਮ ਦੀਆਂ ਖਾਮੀਆਂ, ਪਾਚਕ ਸਮੱਸਿਆਵਾਂ ਅਤੇ ਅੰਗਾਂ ‘ਤੇ ਮਾਰ ਵੀ ਪੈ ਸਕਦੀ ਹੈ। ਕੁਝ ਸਰੋਤ ਕੂੜੇ ਕਰਕਟ ਕਾਮਿਆਂ ਲਈ ਮੌਤ ਦੇ ਆਮ ਜੋਖਮ ਵਿਚ 30 ਪ੍ਰਤੀਸ਼ਤ ਤੱਕ ਜ਼ਿਆਦਾ ਹੋਣ ਦੀ ਰਿਪੋਰਟ ਕਰਦੇ ਹਨ। ਮੈਕਸਿਕੋ ਸਿਟੀ ਵਿਚ ਇਕ ਅਧਿਐਨ ਅਨੁਸਾਰ ਕੂੜਾ ਕਰਕਟ ਕਾਮਿਆਂ ਦੀ ਔਸਤ ਉਮਰ 39 ਸਾਲ ਹੈ ਹਾਲਾਂਕਿ ਬਾਅਦ ਵਿਚ ਆਏ ਵਿਸ਼ਵ ਬੈਂਕ ਦੇ ਅਧਿਐਨ ਅਨੁਸਾਰ ਉਨ੍ਹਾਂ ਦੀ ਔਸਤਨ ਉਮਰ 53 ਸਾਲ ਦੱਸੀ ਗਈ ਹੈ ਜਦੋਂ ਕਿ ਬਾਕੀ ਲੋਕਾਂ ਦੀ ਉਮਰ 69 ਸਾਲਾਂ ਤੱਕ ਪਹੁੰਚਦੀ ਹੈ; ਭਾਵ, ਆਮ ਲੋਕਾਂ ਨਾਲੋਂ ਕੂੜਾ ਕਰਕਟ ਕਾਮੇ ਦੁਨੀਆ ਵਿਚੋਂ ਔਸਤਨ 16 ਸਾਲ ਪਹਿਲਾਂ ਚਲੇ ਜਾਂਦੇ ਹਨ। ਸਰਕਾਰ ਅਤੇ ਮਿਉਂਸਿਪਲ ਅਧਿਕਾਰੀਆਂ ਨੇ ਸਵੱਛਤਾ ਕਰਮਚਾਰੀਆਂ ਅਤੇ ਕੂੜਾ ਚੁੱਕਣ ਵਾਲਿਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਕੋਈ ਵੀ ਮੀਡੀਆ ਮੁਹਿੰਮ ਦੀ ਸ਼ੁਰੂਆਤ ਨਹੀਂ ਕੀਤੀ; ਸ਼ਾਇਦ ਪ੍ਰਸ਼ਾਸਨ ਉਨ੍ਹਾਂ ਨੂੰ ਡਰਾਉਣ ਦੀ ਇੱਛਾ ਨਹੀਂ ਰੱਖਦਾ। ਜ਼ਿਆਦਾਤਰ ਕੂੜਾ ਕਰਕਟ ਕਾਮੇ ਗੈਰ ਰਸਮੀ ਹੀ ਹੁੰਦੇ ਹਨ, ਜਿਵੇਂ ਭਾਰਤ ਵਿਚ ਲਗਭਗ 40 ਲੱਖ ਰੈਗ ਪਿੱਕਰ ਕੂੜੇ ਵਿਚੋਂ ਦੁਬਾਰਾ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ (ਪਲਾਸਟਿਕ ਤੇ ਸ਼ੀਸ਼ੇ ਦੀਆਂ ਬੋਤਲਾਂ, ਟੀਨ ਦੇ ਡੱਬੇ, ਪਾਲੀਥੀਨ ਆਦਿ) ਵੇਚ ਕੇ ਹੀ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ। ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਦੁਆਰਾ ਕੋਈ ਅਦਾਇਗੀ ਨਹੀਂ ਕੀਤੀ ਜਾਂਦੀ। ਅਜਿਹਾ ਕਰਨ ਨਾਲ ਸ਼ਹਿਰ ਦਾ ਸਮੁੱਚਾ ਕੂੜਾ ਕਰਕਟ ਲਗਭਗ 10 ਤੋਂ 15 ਪ੍ਰਤੀਸ਼ਤ ਘੱਟ ਜਾਂਦਾ ਹੈ। ਇਹ ਲੋਕ ਜ਼ਿਆਦਾਤਰ ਤਾਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਜਾਂ ਸ਼ਹਿਰਾਂ ਵਿਚ ਦੁਕਾਨਾਂ ਦੇ ਅੱਗੇ ਸੌਂਦੇ ਹਨ। ਉਨ੍ਹਾਂ ਲਈ ਸਥਾਈ ਅਤੇ ਪੱਕੀ ਛੱਤ ਕਿਸੇ ਵੱਡੇ ਸੁਫਨੇ ਤੋਂ ਘੱਟ ਨਹੀਂ ਹੈ। ਕਰੋਨਾ 19 ਦੇ ਲੌਕਡਾਊਨ ਦੌਰਾਨ ਸਮਾਜ ਦੇ ਇੱਕ ਖਾਸ ਵਰਗ ਦੇ ਲੋਕਾਂ ਲਈ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਜੀਵਨ-ਕਾਲ ਦਾ ਵਿਸ਼ੇਸ਼ ਮੌਕਾ ਮਿਲਿਆ ਪਰ ਕੂੜਾ ਕਰਕਟ ਕਾਮਿਆਂ ਦੀ ਜ਼ਿੰਦਗੀ ਤਹਿਸ-ਨਹਿਸ ਹੋ ਗਈ।
ਸਰਕਾਰੀ ਜਾਂ ਅਰਧ ਸਰਕਾਰੀ ਅਦਾਰਿਆਂ, ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਜ਼ਿਆਦਾਤਰ ਕੂੜਾ ਕਰਕਟ ਅਤੇ ਸਫਾਈ ਕਰਨ ਵਾਲੇ ਕਾਮੇ ਆਊਟਸੋਰਸ ਜਾਂ ਠੇਕੇ ਦੇ ਆਧਾਰ ‘ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਲਗਭਗ ਅੱਠ ਤੋਂ ਨੌਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਉਜਰਤ ਮਿਲਦੀ ਹੈ। ਇਸ ਤੋਂ ਇਲਾਵਾ ਰੈਗ ਪਿੱਕਰ ਗੈਰ ਰਸਮੀ ਸੈਕਟਰ ਵਿਚ ਕੰਮ ਕਰ ਰਹੇ ਹਨ; ਭਾਵ, ਉਨ੍ਹਾਂ ਨੂੰ ਕੁਝ ਨਿੱਜੀ ਵਿਅਕਤੀਆਂ ਦੁਆਰਾ ਕੁਝ ਨਾ ਕੁਝ ਭੁਗਤਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਕੂੜਾ ਕਰਕਟ ਵਿਚੋਂ ਰੀਸਾਈਕਲ ਕਤੀ ਜਾਣ ਵਾਲੀਆਂ ਚੀਜ਼ਾਂ ਲੱਭ ਕੇ ਸੌਂਪਦੇ ਹਨ। ਮਿਉਂਸਿਪਲ ਵੇਸਟ ਰੂਲਜ਼-2016 ਅਨੁਸਾਰ ਰੈਗ ਪਿਕਰਜ਼ ਅਤੇ ਅਜਿਹਾ ਹੋਰ ਕੰਮ ਕਰਦੀਆਂ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਕੇ ਮੁੱਖ ਧਾਰਾ ਵਿਚ ਜੋੜਨ ਦਾ ਉਪਬੰਧ ਹੈ ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਸਰਕਾਰ ਨੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਵਪਾਰਕ ਅਦਾਰਿਆਂ ਲਈ ਕਈ ਐੱਸਓਪੀਜ਼ (ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ) ਅਤੇ ਸਲਾਹ-ਮਸ਼ਵਰੇ ਜਾਰੀ ਕੀਤੇ ਹਨ। ਬਹੁਤ ਸਾਰੇ ਐੱਸਓਪੀਜ਼ ਜਾਰੀ ਕਰ ਕੇ ਕੂੜਾ ਕਰਕਟ ਦੇ ਕਾਮਿਆਂ ਦੀ ਕੋਵਿਡ-19 ਦੌਰਾਨ ਸਿਹਤ ਸੰਭਾਲ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੂੰ ਖਾਸ ਪਾਸ, ਸ਼ਨਾਖਤੀ ਕਾਰਡ ਅਤੇ ਤਾਲਾਬੰਦੀ ਦੌਰਾਨ ਕੰਮ ਕਰਨ ਲਈ ਆਗਿਆ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਲਈ ਪੀਪੀਈ ਕਿੱਟਾਂ, ਲੋੜੀਂਦੇ ਬੂਟ, ਸੈਨੇਟਾਈਜ਼ਰ ਆਦਿ ਵੀ ਮੁੱਹਈਆ ਕਰਵਾਉਣੇ ਬਣਦੇ ਹਨ ਪਰ ਅਜਿਹੇ ਮਾਮਲੇ ਅਤੇ ਹਦਾਇਤਾਂ ਜ਼ਮੀਨੀ ਪੱਧਰ ‘ਤੇ ਕਦੇ ਹੀ ਪਹੁੰਚਦੀਆਂ ਹਨ। ਮਹਾਮਾਰੀ ਦੌਰਾਨ ਕੂੜੇ ਦੇ ਪ੍ਰਬੰਧ ਦੀਆਂ ਪ੍ਰਣਾਲੀਆਂ ਅਤੇ ਨੀਤੀਆਂ ਨੂੰ ਕੂੜਾ ਚੁੱਕਣ ਵਾਲਿਆਂ ਦੀ ਭਾਗੀਦਾਰੀ ਅਤੇ ਸਲਾਹ-ਮਸ਼ਵਰੇ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕੰਮ ਕਰਨ ਵਾਲਿਆਂ ਲਈ ਘੱਟੋ-ਘੱਟ ਉਜਰਤ ਦੇਣ ਦੀ ਨੀਤੀ ਬੰਦ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪੱਕੇ ਤੌਰ ‘ਤੇ ਨਿਯੁਕਤ ਕੀਤੇ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਮਹੀਨਾਵਾਰ ਤਨਖਾਹ ਦੀ ਅਦਾਇਗੀ ਕਰਨੀ ਚਾਹੀਦੀ ਹੈ। ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਕਰੋਨਾ ਦੌਰਾਨ ਕਿਸੀ ਕੂੜੇ ਕਰਕਟ ਦਾ ਕੰਮ ਕਰਨ ਵਾਲੇ ਕਾਮੇ ਦੀ ਮੌਤ ਤੇ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹੋਰ ਰਾਜਾਂ ਨੂੰ ਵੀ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ। ਇਨ੍ਹਾਂ ਕਾਮਿਆਂ ਲਈ ਸਮਾਜਿਕ ਸੁਰੱਖਿਆ ਦੇ ਤੁਰੰਤ ਉਪਾਅ ਕਰਨੇ ਅਤਿਅੰਤ ਜ਼ਰੂਰੀ ਹਨ। ਰਸਮੀ ਜਾਂ ਗੈਰ ਰਸਮੀ ਤੌਰ ‘ਤੇ ਕੰਮ ਕਰ ਰਹੇ ਕੂੜਾ ਕਰਕਟ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖਾਣ-ਪੀਣ, ਰਿਹਾਇਸ਼, ਦਵਾਈਆਂ ਅਤੇ ਜ਼ਿੰਦਗੀ ਦੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਦੀ ਉਜਰਤ ਦੀ ਅਦਾਇਗੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਭਾਰਤ ਦੇ ਕੂੜੇ ਦੇ ਸੰਕਟ ਨਾਲ ਨਜਿੱਠਣ ਦਾ ਕੰਮ ਕਰ ਰਹੇ ਇਨ੍ਹਾਂ ਨਾਇਕਾਂ ਨੂੰ ਸ਼ਾਇਦ ਹੀ ਕਿਤੇ ਸਤਿਕਾਰਿਆ ਗਿਆ ਹੋਵੇ। ਇਨ੍ਹਾਂ ‘ਸਫ਼ਾਈ ਸੈਨਿਕਾਂ’ ਨੂੰ ਬਣਦੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਇਸ ਸਨਮਾਨ ਦੇ ਖਾਸ ਕਰਕੇ ਕਰੋਨਾ ਮਹਾਮਾਰੀ ਦੌਰਾਨ ਪੂਰੇ ਹੱਕਦਾਰ ਹਨ। ਜਦੋਂ ਇਹ ਸੰਕਟ ਖਤਮ ਹੋ ਜਾਵੇਗਾ ਤਾਂ ਹੁਣ ਕੀਤੇ ਜਾਣ ਵਾਲੇ ਪ੍ਰਬੰਧ ਆਉਣ ਵਾਲੇ ਲੰਮੇ ਸਮੇਂ ਵਿਚ ਉਨ੍ਹਾਂ ਲਈ ਸਹਾਇਕ ਸਿੱਧ ਹੋਣਗੇ ਅਤੇ ਇਹ ਉਨ੍ਹਾਂ ਪ੍ਰਤੀ ਸਮਾਜ ਵੱਲੋਂ ਸਾਲਾਂ ਬੱਧੀ ਕੀਤੀ ਗਈ ਅਣਗਹਿਲੀ ਅਤੇ ਅਣਦੇਖੀ ਨੂੰ ਖਤਮ ਕਰਨ ਲਈ ਲਾਭਕਾਰੀ ਹੋਵੇਗਾ। ਅਜਿਹੇ ਹਾਲਾਤ ਵਿਚ ਕੂੜਾ ਕਰਕਟ ਕਾਮੇ ਆਖ ਰਹੇ ਹਨ: “ਸਾਡੀ ਵੀ ਸੁਣੋ”।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …