ਦੀਪਕ ਸ਼ਰਮਾ ਚਨਾਰਥਲ
ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ੍ਹੇ ਸਨ, ਉਸ ਸਮੇਂ ਇੱਕਾ-ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ੍ਹੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾ ਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨ ਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀ ਬਿਆਨ ਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚ ਨਾੜ ਨੂੰ ਸਾੜਨ ਲਈ ਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੇ ਬੱਦਲ ਛਾਏ ਹਨ। ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾ ਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ। ਹਰ ਸਾਲ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਫਲਾਣੇ ਪਿੰਡ ਵਿਚ ਬਿਜਲੀ ਦੀ ਤਾਰ ਟੁੱਟਣ ਕਾਰਨ, ਫਲਾਣੇ ਇਲਾਕੇ ਵਿਚ ਸ਼ਾਟ ਸਰਕਟ ਕਾਰਨ, ਫਲਾਣੀ ਥਾਂ ਚੰਗਿਆੜੀਆਂ ਡਿੱਗਣ ਕਾਰਨ ਖੜ੍ਹੀ ਕਣਕ ਨੂੰ ਅੱਗ ਲੱਗੀ। ਪਰ ਮੌਕਾ ਪਾ ਕੇ ਇਹ ਅੱਗ ਬੁਝਾ ਲਈ ਜਾਂਦੀ ਸੀ। ਪਰ ਇਸ ਵਾਰ ਤਾਂ ਕੁਦਰਤ ਦਾ ਕਹਿਰ ਅਜਿਹਾ ਵਰਤਿਆ ਕਿ ਹਜ਼ਾਰਾਂ ਏਕੜ ਫਸਲ ਪਲਾਂ ਵਿਚ ਵੇਖਦਿਆਂ-ਵੇਖਦਿਆਂ ਤਬਾਹ ਹੋ ਗਈ। ਲੰਘੀ 20 ਅਪ੍ਰੈਲ 2018 ਦਿਨ ਸ਼ੁੱਕਰਵਾਰ ਨੂੰ ਪੰਜਾਬ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਸਨ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਸਰਹਿੰਦ-ਪਟਿਆਲਾ ਦੇ ਵਿਚਾਲੇ ਪੈਂਦਾ ਸਾਰਾ ਇਲਾਕਾ ਅੱਗ ਦੀ ਭੱਠੀ ਬਣ ਚੁੱਕਾ ਸੀ। ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੇ ਖੇਤਾਂ ਵਿਚ ਲੱਗੀ ਅੱਗ ਵੇਖਦਿਆਂ ਹੀ ਵੇਖਦਿਆਂ ਭਾਂਬੜ ਬਣ ਗਈ। ਇਕ ਪਾਸੇ ਐਨ ਪੱਕੀਆਂ ਫਸਲਾਂ ਤੇ ਦੂਜੇ ਪਾਸੇ ਇਸ ਅੱਗ ਨੂੰ ਫੈਲਾਉਣ ਵਿਚ ਤੇਜ਼ ਹਵਾਵਾਂ ਨੇ ਘਿਓ ਦਾ ਕੰਮ ਕੀਤਾ। ਅੱਗ ਖੇਤ ਤੋਂ ਦੂਜਾ ਖੇਤ ਪਾਰ ਕਰਦੀ ਗਈ, ਅੱਗ ਵੱਟਾਂ ਟੱਪਦੀ ਗਈ, ਅੱਗ ਪਹੇ ਟੱਪਦੇ ਗਈ, ਅੱਗ ਸੜਕਾਂ ਟੱਪਦੀ ਗਈ, ਅੱਗ ਸੂਏ ਟੱਪਦੀ ਗਈ ਪਰ ਉਸ ਨੂੰ ਰੋਕਣਾ ਅਸੰਭਵ ਹੁੰਦਾ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਚਨਾਰਥਲ ਕਲਾਂ ਦੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਛੋਟਾ ਚਨਾਰਥਲ, ਤਾਪਰ, ਸਾਨੀਪੁਰ ਆਦਿ ਕਰੀਬ 11 ਪਿੰਡਾਂ ਦੇ ਖੇਤਾਂ ਨੂੰ ਸਾੜ ਕੇ ਸੁਆਹ ਕਰ ਗਈ। ਮੋਟੇ ਅੰਦਾਜ਼ੇ ਮੁਤਾਬਕ ਪੂਰੇ ਜ਼ਿਲ੍ਹੇ ਦੇ 2 ਹਜ਼ਾਰ ਏਕੜ ਖੇਤਾਂ ਵਿਚ ਅੱਗ ਫੈਲੀ, ਜਿਨ੍ਹਾਂ ਵਿਚੋਂ ਕਰੀਬ 900 ਤੋਂ 1200 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ। ਅਸੀਂ ਤਾਂ ਕੀ ਪਿੰਡਾਂ ਦੇ ਬਜ਼ੁਰਗ ਵੀ ਦੱਸ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ 70 ਤੋਂ 90 ਸਾਲਾਂ ਦੇ ਸਮੇਂ ਦੌਰਾਨ ਅਜਿਹੀ ਭਿਆਨਕ ਅੱਗ ਕਦੀ ਨਹੀਂ ਵੇਖੀ। ਜਿਹੜੀ ਟਰੈਕਟਰਾਂ ਦੇ ਖੇਤ ਵਾਹੁਣ ਦੇ ਬਾਵਜੂਦ, ਮਿੱਟੀ ਪਾਉਣ ਦੇ ਬਾਵਜੂਦ, ਪਾਣੀ ਦੇ ਟੈਂਕਰ ਲਾਉਣ ਦੇ ਬਾਵਜੂਦ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਅੱਗ ਬੁਝਾਉਣ ਦੇ ਬਾਵਜੂਦ ਕਾਬੂ ਹੇਠ ਨਹੀਂ ਆ ਰਹੀ ਸੀ। 40 – 40 ਫੁੱਟ ਉਚੀਆਂ ਅੱਗ ਦੀਆਂ ਲਪਟਾਂ ਤੇ ਅਸਮਾਨ ਛੂੰਹਦਾ ਕਾਲਾ ਧੂੰਆਂ, ਫਸਲ ਦੀ ਉਡੀਕ ਕਰ ਰਹੇ ਕਿਸਾਨਾਂ ਦੀਆਂ ਅੱਖਾਂ ਵਿਚ ਅੱਥਰੂ ਤੇ ਸਿਰਾਂ ‘ਚ ਸੁਆਹ ਪੈ ਗਈ। ਪਰ ਦਿੱਲੀ ਨੂੰ ਪੰਜਾਬ ਦੇ ਖੇਤਾਂ ਵਿਚੋਂ ਉਠ ਰਿਹਾ ਨਾ ਇਹ ਭਾਂਬੜ ਦਿੱਸਿਆ ਤੇ ਨਾ ਹੀ ਅਸਮਾਨ ਛੂੰਹਦਾ ਖੇਤਾਂ ਨੂੰ ਸਾੜ ਕੇ ਦਿਲਾਂ ਨੂੰ ਫੂਕਣ ਵਾਲਾ ਇਹ ਧੂੰਆਂ ਨਜ਼ਰ ਆਇਆ। ਬੇਸ਼ੱਕ ਮੌਜੂਦਾ ਵਿਧਾਇਕ ਤੇ ਸਮੇਂ ਦੇ ਅਧਿਕਾਰੀ ਮੌਕੇ ‘ਤੇ ਅੱਪੜੇ ਪਰ ਫਿਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਸਰਕਾਰਾਂ ਦੇ ਅੱਖ, ਕੰਨ ਤੇ ਦਿਲ ਨਹੀਂ ਹੁੰਦਾ। ਜਿਹੜੀ ਦਿੱਲੀ ਪੰਜਾਬ ਦੇ ਨਾੜ ਨੂੰ ਅੱਗ ਲੱਗਣ ਤੋਂ ਉਠਣ ਵਾਲੇ ਧੂੰਏਂ ਨਾਲ ਪ੍ਰਦੂਸ਼ਤ ਹੋਣ ਦਾ ਕੋਠੇ ਚੜ੍ਹ ਰੋਣਾ ਰੋਂਦੀ ਰਹੀ, ਉਹ ਦਿੱਲੀ ਹੁਣ ਦੋ ਹੰਝੂ ਵੀ ਕਿਸਾਨਾਂ ਦੀ ਇਸ ਹਾਲਤ ‘ਤੇ ਕੇਰ ਨਹੀਂ ਸਕਦੀ ਤੇ ਪੰਜਾਬ ਸਰਕਾਰ ਤੋਂ ਵੀ ਬਾਹਲੀ ਉਮੀਦ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਸ ਨੇ ਵੀ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿਚ 8 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਪੱਲੇ ਨਹੀਂ ਪਾਉਣਾ, ਜਦੋਂ ਕਿ ਅੰਦਾਜ਼ਨ 32 ਤੋਂ 35 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨ ਦਾ ਨੁਕਸਾਨ ਹੋਇਆ ਹੈ। ਅਜਿਹੇ ਮੌਕੇ ‘ਤੇ ਜਿਸ ਕਿਸਾਨ ਦਾ ਸਭ ਕੁਝ ਅੱਗ ਦੀ ਭੱਠੀ ਵਿਚ ਝੋਂਕਿਆ ਗਿਆ ਹੋਵੇ, ਉਸ ਨਾਲ ਜੇਕਰ ਆਪਣੇ ਸਹਾਰਾ ਬਣ ਕੇ ਖੜ੍ਹ ਜਾਣ ਤਾਂ ਉਸਦੀ ਹਿੰਮਤ ਬੱਝ ਜਾਂਦੀ ਹੈ। ਜੇ ਮੈਂ ਇਸ 1200 ਏਕੜ ਦੇ ਕਰੀਬ ਤਬਾਹ ਹੋਈ ਫਸਲ ‘ਚੋਂ ਆਪਣਾ ਨਿੱਜ ਫੂਕਿਆ ਹੋਇਆ ਵੇਖਾਂ ਤਾਂ ਮੇਰੇ ਪਿੰਡ ਚਨਾਰਥਲ ਕਲਾਂ ਦੀ ਵੀ 125 ਏਕੜ ਦੇ ਕਰੀਬ ਪੱਕੀ ਸੋਨੇ ਵਰਗੀ ਫਸਲ ਸੜ ਕੇ ਸੁਆਹ ਹੋਈ ਹੈ। ਕਈਆਂ ਨੇ ਹੱਥ ਫੂਕਾ ਲਏ, ਕਈਆਂ ਦੇ ਮੂੰਹ ਝੁਲਸੇ ਗਏ, ਕਈਆਂ ਦੀ ਭੁੱਬ ਨਿਕਲ ਗਈ ਤੇ ਕਈ ਕਿਸਾਨਾਂ ਦੇ ਹੋਸ਼ ਉਡ ਗਏ, ਪਰ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ। ਪਿੰਡ ਦੇ ਕਿਸਾਨ, ਆਂਢੀ ਗੁਆਂਢੀ ਪਿੰਡਾਂ ਦੇ ਲੋਕ, ਜਿੱਥੇ ਟਰੈਕਟਰਾਂ ਨਾਲ ਖੇਤ ਵਾਹੁਣ ‘ਤੇ ਲੱਗੇ ਸਨ, ਉਥੇ ਨਾਮਧਾਰੀ ਭਾਈਚਾਰੇ ਨੇ ਵੀ ਅੱਗ ਬੁਝਾਉਣ ਵਿਚ ਵੱਡੀ ਸੇਵਾ ਨਿਭਾਈ, ਪਰ ਜਦ ਤੱਕ ਅੱਗ ਬੁਝੀ ਤਦ ਤੱਕ ਪੂਰੇ ਜ਼ਿਲ੍ਹੇ ਦੀ 2 ਹਜ਼ਾਰ ਏਕੜ ਦੇ ਕਰੀਬ ਖੇਤਾਂ ਵਿਚ ਰਾਖ ਵਿਛ ਚੁੱਕੀ ਸੀ ਤੇ ਜ਼ਿਲ੍ਹੇ ਦੇ ਨੌਜਵਾਨਾਂ ਦੇ ਫੋਨਾਂ ਦੀਆਂ ਵੀਡੀਓ ਕਲਿੱਪ ਤੇ ਫੋਟੋਜ਼ ਨਾਲ ਮੈਮੋਰੀਆਂ ਫੁੱਲ ਹੋ ਗਈਆਂ ਸਨ। ਜੇਕਰ ਸਾਰੇ ਨੌਜਵਾਨ ਜਿਨ੍ਹਾਂ ਨੇ ਵੀਡੀਓ ਬਣਾਈਆਂ ਤੇ ਫੋਟੋਆਂ ਖਿੱਚੀਆਂ ਜੇ ਆਪਣੇ ਫੋਨ ਲਾਂਭੇ ਰੱਖ ਕੇ ਅੱਗ ਬੁਝਾਉਣ ਲਈ ਜੁਟਦੇ ਤਾਂ ਸ਼ਾਇਦ ਅੰਕੜਾ 2 ਹਜ਼ਾਰ ਏਕੜ ਦੀ ਬਜਾਏ ਇਕ ਹਜ਼ਾਰ ਏਕੜ ਜਾਂ ਇਸ ਤੋਂ ਵੀ ਘੱਟ ਹੁੰਦਾ। ਪਰ ਹੁਣ ਮਸਲਾ ਤਾਂ ਜਿਊਂਦੇ ਜੀਅ ਆਪਣਾ ਸਭ ਕੁਝ ਗਵਾਹ ਚੁੱਕੇ ਕਿਸਾਨ ਨੂੰ ਸਾਂਭਣ ਦਾ ਸੀ। ਪਿੰਡ ਚਨਾਰਥਲ ਕਲਾਂ ਦੇ ਸਮੁੱਚੇ ਕਿਸਾਨ ਪਰਿਵਾਰ ਧੜੇਬਾਜ਼ੀ ਤੋਂ, ਸਿਆਸਤ ਤੋਂ, ਆਪਸੀ ਰੋਸਿਆਂ ਤੋਂ ਉਪਰ ਉਠ ਕੇ ਗੁਰਦੁਆਰਾ ਸਾਹਿਬ ਆ ਬੈਠੇ ਤੇ ਸੂਚੀ ਤਿਆਰ ਕਰ ਲਈ ਕਿ ਕਿਸ ਕਿਸਾਨ ਦਾ ਕਿੰਨਾ ਨੁਕਸਾਨ ਹੋਇਆ। ਤਹਿ ਕੀਤਾ ਕਿ ਜਿਸ ਕਿਸਾਨ ਦੀ ਜਿੰਨੀ ਏਕੜ ਫਸਲ ਸੜ ਕੇ ਸੁਆਹ ਹੋਈ ਹੈ, ਉਸ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਕੱਤਰ ਕਰਕੇ ਸਹਾਇਤਾ ਕੀਤੀ ਜਾਵੇ। ਇਹ ਫੈਸਲਾ ਕਰਨ ਤੋਂ ਬਾਅਦ ਫਿਰ ਸੂਚੀ ਤਿਆਰ ਹੋਈ ਕਿ ਹੁਣ ਕਿਸ ਨੇ ਕਿੰਨੀ ਸਹਾਇਤਾ ਕਰਨੀ ਹੈ। ਇਸਦਾ ਪੈਮਾਨਾ ਇਹ ਰੱਖਿਆ ਗਿਆ ਕਿ ਜਿਸ ਕੋਲ ਜਿੰਨੇ ਏਕੜ ਜ਼ਮੀਨ ਹੈ, ਉਹ ਓਨੇ ਹਜ਼ਾਰ ਦੇਵੇ। 5 ਏਕੜ ਵਾਲਿਆਂ ਨੇ 5 ਹਜ਼ਾਰ, 10 ਏਕੜ ਵਾਲਿਆਂ ਨੇ 10 ਹਜ਼ਾਰ, 20 ਵਾਲਿਆਂ ਦੇ 20 ਹਜ਼ਾਰ ਤੇ 40-50 ਏਕੜ ਵਾਲਿਆਂ ਨੇ 40 ਹਜ਼ਾਰ-50 ਹਜ਼ਾਰ ਸਹਾਇਤਾ ਦੇਣ ਵਾਲੀ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਦਿੱਤਾ। ਮੇਰੇ ਵਰਗੇ ਵੀ ਕਈ ਸਨ, ਜਿਨ੍ਹਾਂ ਕੋਲ ਜ਼ਮੀਨ ਨਹੀਂ, ਪਰ ਉਹ ਨੌਕਰੀ ਪੇਸ਼ੇ ਰਾਹੀਂ ਜੋ ਕਮਾਉਂਦੇ ਹਨ, ਉਸ ਵਿਚੋਂ ਉਨ੍ਹਾਂ ਆਪਣੀ ਸਮਰੱਥਾ ਅਨੁਸਾਰ ਆਪਣੇ ਪਿੰਡ ਦੇ ਸਾਥੀਆਂ ਦੀ ਸਹਾਇਤਾ ਲਈ ਯੋਗਦਾਨ ਪਾਇਆ। ਇਕ ਪਾਸੇ ਸਹਾਇਤਾ ਦਾ ਜ਼ਿੰਮਾ ਪੀੜਤ ਕਿਸਾਨਾਂ ਦੇ ਸਾਥੀ ਪਿੰਡ ਵਾਸੀ ਕਿਸਾਨਾਂ ਨੇ ਚੁੱਕਿਆ, ਦੂਜੇ ਪਾਸੇ ਪਿੰਡ ਵਿਚੋਂ ਉਠ ਕੇ ਟਿਵਾਣਾ ਫੀਡ ਰਾਹੀਂ ਵੱਡਾ ਨਾਮਣਾ ਖੱਟਣ ਵਾਲੇ ਨੌਜਵਾਨਾਂ ਨੇ ਦੋ ਲੱਖ ਦੀ ਸਿੱਧੀ ਮਾਲੀ ਮੱਦਦ ਕੀਤੀ। ਪਰ ਜਿਹੜੀ ਅੱਗ ਦਾ ਧੂੰਆਂ ਦਿੱਲੀ ਨੂੰ ਨਜ਼ਰ ਨਹੀਂ ਆਇਆ ਉਸ ਦਾ ਸੇਕ ਕੈਨੇਡਾ, ਅਮਰੀਕਾ ਬੈਠੇ ਪਿੰਡ ਵਾਸੀਆਂ ਨੂੰ ਜ਼ਰੂਰ ਲੱਗਾ। ਐਨ ਆਰ ਆਈ ਭਰਾਵਾਂ ਨੇ ਪਿੰਡ ਚਨਾਰਥਲ ਕਲਾਂ ਦੇ ਆਪਣੇ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਜਿੱਥੇ ਫੰਡ ਰੇਜਿੰਗ ਸ਼ੁਰੂ ਕੀਤੀ, ਉਥੇ ਐਨ ਆਰ ਆਈਆਂ ਦੇ ਉਹ ਬੱਚੇ ਜਿਹੜੇ ਵਿਦੇਸ਼ਾਂ ਵਿਚ ਹੀ ਜ਼ਿਆਦਾਤਰ ਜਨਮੇ ਹਨ, ਜਿਨ੍ਹਾਂ ਵਿਚੋਂ ਕਈ ਪਿੰਡ ਵੀ ਸ਼ਾਇਦ ਨਾ ਆਏ ਹੋਣ, ਉਹਨਾਂ ਵੀ ਫੇਸਬੁੱਕ ‘ਤੇ ਇਕ ਗਰੁੱਪ ਬਣਾਇਆ ਤੇ ਬੱਚਿਆਂ ਨੇ ਆਪਣੇ ਪੱਧਰ ‘ਤੇ ਫੰਡ ਰੇਜਿੰਗ ਸ਼ੁਰੂ ਕੀਤੀ। ਕੋਈ ਦੋ ਡਾਲਰ, ਕੋਈ ਪੰਜ ਡਾਲਰ, ਕੋਈ ਦਸ ਡਾਲਰ, ਇੱਥੋਂ ਤੱਕ ਕਿ ਬੱਚਿਆਂ ਦੇ ਅਜਿਹੇ ਦੋਸਤ ਜਿਹੜੇ ਪੰਜਾਬ ਤੋਂ ਵੀ ਬਾਹਰੀ ਹਨ ਕੁਝ ਸਾਊਥ ਦੇ, ਕੁਝ ਦਿੱਲੀ ਦੱਖਣ ਦੇ, ਕੁਝ ਕੈਨੇਡਾ ਅਮਰੀਕਾ ਦੇ ਹੀ, ਉਨ੍ਹਾਂ ਸਾਰਿਆਂ ਨੇ ਇਸ ਸਹਿਯੋਗ ਵਿਚ ਯੋਗਦਾਨ ਪਾਇਆ। ਮੇਰੀਆਂ ਇਹ ਲਿਖਤਾਂ ਲਿਖਣ ਤੱਕ ਪਿੰਡ ਚਨਾਰਥਲ ਕਲਾਂ ਦੇ ਐਨ ਆਰ ਆਈ ਬੱਚੇ ਹੀ 3 ਹਜ਼ਾਰ ਤੋਂ ਵੱਧ ਡਾਲਰ ਇਕੱਠੇ ਕਰ ਚੁੱਕੇ ਹਨ। ਕੁਝ ਹੋਰ ਸੰਸਥਾਵਾਂ, ਕੁਝ ਹੋਰ ਸੰਗਠਨ ਵੀ ਲਗਾਤਾਰ ਸਹਿਯੋਗ ਲਈ ਸਾਹਮਣੇ ਆ ਰਹੇ ਹਨ। ਇਸ ਲਈ ਜਿਹੜੇ ਸਾਡੇ ਨਾਲ ਦੁੱਖ ਦੀ ਘੜੀ ਵਿਚ ਖੜ੍ਹੇ, ਉਹਨਾਂ ਦਾ ਧੰਨਵਾਦ, ਅਜਿਹੇ ਉਦਮ ਪੰਜਾਬ ਦੇ ਉਨ੍ਹਾਂ ਸਾਰੇ ਪਿੰਡਾਂ ਵਿਚ ਵੀ ਚੱਲ ਰਹੇ ਹੋਣਗੇ, ਜਿੱਥੇ-ਜਿੱਥੇ ਕਿਸਾਨਾਂ ਦੀ ਔਲਾਦ ਵਰਗੀ ਫਸਲ ਨੂੰ ਇਸ ਡੈਣ ਅੱਗ ਨੇ ਖਾਧਾ ਹੋਵੇਗਾ। ਪਰ ਸਵਾਲ ਆ ਕੇ ਉਥੇ ਹੀ ਖੜ੍ਹਦਾ ਹੈ, ਕਿ ਜੇ ਰਿਟਾਇਰ ਹੋਏ ਮੁਲਾਜ਼ਮ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਜਿਸ ਕਿਸਾਨ ਨੇ ਫਸਲ ਪਾਲੀ ਤੇ ਉਹ ਕੁਦਰਤੀ ਕਰੋਪੀ ਕਾਰਨ ਜਾਂ ਸਰਕਾਰ ਦੇ ਬਿਜਲੀ ਵਿਭਾਗ ਦੀਆਂ ਨਲਾਇਕੀਆਂ ਕਾਰਨ ਸੜ ਕੇ ਸੁਆਹ ਹੁੰਦੀ ਹੈ ਤਾਂ ਉਸ ਨੂੰ ਬਣਦਾ ਮੁਆਵਜ਼ਾ ਕਿਉਂ ਨਹੀਂ ਮਿਲਦਾ। ਇਕ ਏਕੜ ਦੀ ਫਸਲ ਮੰਡੀ ਵੇਚੋ ਤਾਂ 35 ਹਜ਼ਾਰ ਦੀ, ਹੁਣ ਸੜ ਗਈ ਤਾਂ ਮੁਆਵਜ਼ਾ 8 ਹਜ਼ਾਰ, ਇਹ ਕਿੱਥੋਂ ਦਾ ਇਨਸਾਫ। ਦਿੱਲੀ ਦੀ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਨਸੀਹਤਾਂ ਦਿੰਦਿਆਂ ਨਹੀਂ ਥੱਕਦੀ ਕਿ ਨਾੜ ਨੂੰ ਨਾ ਫੂਕੋ, ਸਾਡਾ ਦਿੱਲੀ ਪ੍ਰਦੂਸ਼ਿਤ ਹੁੰਦਾ ਹੈ, ਹੁਣ ਅੱਜ ਉਸ ਨੂੰ ਸਾਡੇ ਖੇਤਾਂ ਵਿਚੋਂ ਉਠ ਰਹੀਆਂ ਅੱਗ ਦੀਆਂ ਲਪਟਾਂ ਤੇ ਦਿਲਾਂ ਵਿਚੋਂ ਨਿਕਲ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ। ਹੁਣ ਕਿਉਂ ਨਹੀਂ ਉਹ ਦੇਸ਼ ਦੇ ਅੰਨਦਾਤਾ ਦੀ ਬਾਂਹ ਫੜਨ ਲਈ ਅੱਪੜਦੇ। ਬੜੇ ਪੱਥਰ ਦਿਲ ਹਨ ਜਨਾਬ।
ਦੀਪਕ ਸ਼ਰਮਾ ਚਨਾਰਥਲ
98152- 52959, 98770-47924