Breaking News
Home / ਰੈਗੂਲਰ ਕਾਲਮ / ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ
(ਤੀਜੀ ਤੇ ਆਖਰੀ ਕਿਸ਼ਤ)
ਬਾਬਾ ਬਿਨੋਦ ਸਿੰਘ ਨੇ ਗੜ੍ਹੀ ਛੱਡ ਜਾਣ ਦਾ ਸੁਝਾਅ ਦਿੱਤਾ (ਜਿਵੇਂ ਕਿ ਦਸੰਬਰ 1710 ਵਿਚ ਲੋਹਗੜ੍ਹ ਦੇ ਕਿਲ੍ਹੇ ਨੂੰ ਛੱਡਦੇ ਸਮੇਂ ਕੀਤਾ ਗਿਆ ਸੀ)। ਪਰ ਬੰਦਾ ਸਿੰਘ ਦੀ ਰਣਨੀਤੀ ਵੱਖਰੀ ਸੀ, ਉਹ ਗੜ੍ਹੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ । ਪਰ ਉਸ ਨੇ ਕਿਹਾ ਕਿ ਜਿਹੜੇ ਲੋਕ ਗੜ੍ਹੀ ਛੱਡ ਕੇ ਜਾਣਾ ਚਾਹੁੰਦੇ ਸਨ, ਜਾ ਸਕਦੇ ਹਨ । ਰਾਤ ਵੇਲੇ, ਬਾਬਾ ਬਿਨੋਦ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੜ੍ਹੀ ਛੱਡ ਦਿੱਤੀ। ਇਸ ਤਰ੍ਹਾਂ ਬੰਦਾ ਸਿੰਘ ਅਤੇ ਉਸ ਦੇ 800 ਸਾਥੀ ਹੀ ਗੜ੍ਹੀ ਵਿਚ ਰਹਿ ਗਏ।
ਸਮੇਂ ਦੇ ਗੁਜ਼ਰਣ ਨਾਲ ਗੜ੍ਹੀ ਅੰਦਰਲੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਸਨ। ਕੋਈ ਭੋਜਨ ਨਹੀਂ ਸੀ ਬਚਿਆ। ਘਾਹ, ਪੌਦਿਆਂ ਤੇ ਰੁੱਖਾਂ ਦੇ ਪੱਤੇ ਵੀ ਉਬਾਲ ਕੇ ਖਾਧੇ ਜਾ ਚੁੱਕੇ ਸਨ। ਇਥੋਂ ਤਕ ਕਿ ਰੁੱਖਾਂ ਦੀ ਸੱਕ ਵੀ ਖਾਧੀ ਗਈ। ਕੋਈ ਵੀ ਉਨ੍ਹਾਂ ਦੇ ਦੁੱਖਾਂ ਦੀ ਕਲਪਨਾ ਨਹੀਂ ਕਰ ਸਕਦਾ। ਜਾਨਵਰਾਂ ਅਤੇ ਪੰਛੀਆਂ ਦਾ ਮਾਸ ਵੀ ਖਾਧਾ ਗਿਆ। ਹੁਣ ਤਾਂ ਖਾਣਾ ਪਕਾਉਣ ਲਈ ਲੱਕੜ ਵੀ ਨਹੀਂ ਸੀ ਬਚੀ। ਬੰਦਾ ਸਿੰਘ ਦੇ ਬਹੁਤ ਸਾਰੇ ਸਾਥੀ ਬੀਮਾਰੀ ਅਤੇ ਪੇਟ ਦੇ ਦਰਦ ਕਾਰਨ ਨਿਢਾਲ ਹੋ ਚੁੱਕੇ ਸਨ। 8 ਮਹੀਨਿਆਂ ਤੱਕ ਘੇਰਾ ਪਾਈ ਰੱਖਣ ਤੋਂ ਬਾਅਦ ਮੁਗਲ ਫੌਜਾਂ ਨੇ ਹੱਥਾਂ ਵਿਚ ਤਲਵਾਰਾਂ ਲੈ ਕੇ ਗੜ੍ਹੀ ਉੱਤੇ ਹਮਲਾ ਬੋਲ ਦਿੱਤਾ। ਡਾਢੇ ਔਖੇ ਹਾਲਾਤਾਂ ਵਿਚ ਵੀ ਸਿੱਖਾਂ ਨੇ ਸਖ਼ਤ ਟਾਕਰਾ ਕੀਤਾ। ਕਿਹਾ ਜਾਂਦਾ ਹੈ ਕਿ ਬੰਦਾ ਸਿੰਘ, ਮੁਗਲ ਫੌਜ ਦੁਆਰਾ ਫੜੇ ਜਾਣ ਤੋਂ ਪਹਿਲਾਂ ਇਕੱਲਾ ਹੀ 50 ਤੋਂ 60 ਮੁਗਲ ਸਿਪਾਹੀਆਂ ਨੂੰ ਮਾਰ ਚੁੱਕਾ ਸੀ। ਹਾਜ਼ੀ ਕਰਮਵਾਰ ਖਾਨ ਨੇ ਆਪਣੀ ਕਿਤਾਬ ”ਤਾਜ਼ਕੀਰਤੁ-ਸੁਲਤਿਨ ਚੁਗਟਿਅਨ” ਵਿਚ ਲਿਖਿਆ ਹੈ ਕਿ ”ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਸ਼ਾਸਕਾਂ ਦੀ ਬੁੱਧੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਪਰ ਇਹ ਅੱਲਾ ਦਾ ਰਹਿਮ ਸੀ ਕਿ ਕਾਫ਼ਿਰ (ਗ਼ੈਰ ਮੁਸਲਮਾਨ) ਬੰਦਾ ਸਿੰਘ ਅਤੇ ਉਸ ਦੇ ਸਾਥੀ ਭੁੱਖ ਨਾਲ ਕਮਜ਼ੋਰ ਹੋ ਗਏ ਸਨ।
ਮੁਗਲ ਨਵਾਬ ਹੈਰਾਨ ਸੀ ਕਿ ਬੰਦਾ ਸਿੰਘ ਤੇ ਉਸ ਦੇ ਸਾਥੀ ਜਿਸ ਦ੍ਰਿੜਤਾ ਨਾਲ ਲੜ ਰਹੇ ਸਨ, ਉਨ੍ਹਾਂ ਕੋਲੋਂ ਸਿਰਫ 600 ਰੁਪਏ, 23 ਸੋਨੇ ਦੇ ਸਿੱਕੇ ਅਤੇ ਕੁਝ ਹਥਿਆਰ ਹੀ ਮਿਲੇ । ਮੁਗਲ ਫੌਜੀਆਂ ਨੇ ਸੋਚਿਆ ਕਿ ਸਿੱਖ ਸੋਨੇ ਦੇ ਸਿੱਕੇ ਨਿਗਲ ਗਏ ਹਨ। ਬਹੁਤ ਸਾਰੇ ਸਿੱਖ ਮਾਰ ਕੇ ਉਨ੍ਹਾਂ ਦੇ ਢਿੱਡ ਪਾੜ ਕੇ ਸੋਨੇ ਦੇ ਸਿੱਕੇ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਇਸ ਤਰ੍ਹਾਂ ਬੰਦਾ ਸਿੰਘ ਦਸੰਬਰ 1715 ਵਿਚ ਲਗਭਗ 760 ਸਿੱਖਾਂ ਸਮੇਤ ਫੜ ਲਿਆ ਗਿਆ। ਜਲੂਸ ਦੇ ਰੂਪ ਵਿਚ ਇਹਨਾਂ ਨੂੰ ਲਾਹੌਰ ਲਿਜਾਇਆ ਗਿਆ। ਬਾਦਸ਼ਾਹ ਫਾਰੁਖਸੀਅਰ ਚਾਹੁੰਦਾ ਸੀ ਕਿ ਕੈਦੀਆਂ ਨੂੰ ਦਿੱਲੀ ਲਿਜਾਇਆ ਜਾਵੇ। ਲਾਹੌਰ ਦਾ ਗਵਰਨਰ ਅਬਦੁ-ਸਮਦ ਇਨਾਮ ਪ੍ਰਾਪਤ ਕਰਨ ਲਈ ਦਿੱਲੀ ਜਾਣਾ ਚਾਹੁੰਦਾ ਸੀ, ਪਰ ਫਾਰੁਖਸੀਅਰ ਨੇ ਉਸ ਨੂੰ ਲਾਹੌਰ ਰਹਿਣ ਅਤੇ ਆਪਣੇ ਪੁੱਤਰ ਜ਼ਕਰੀਆ ਖ਼ਾਨ ਨੂੰ ਦਿੱਲੀ ਭੇਜਣ ਦਾ ਆਦੇਸ਼ ਦਿੱਤਾ।
ਅਬਦੁ-ਸਮਦ ਅਤੇ ਉਸਦੇ ਬੇਟੇ ਨੇ ਸੋਚਿਆ ਕਿ ਬੰਦਾ ਸਿੰਘ, ਬਰਛੀਆਂ ਤੇ ਟੰਗੇ ਸਿੱਖਾਂ ਦੇ 200 ਸਿਰ ਅਤੇ 700 ਕੈਦੀ ਬਾਦਸ਼ਾਹ ਨੂੰ ਖੁਸ਼ ਕਰਨ ਲਈ ਕਾਫ਼ੀ ਨਹੀਂ ਸਨ। ਉਨ੍ਹਾਂ ਨੇ ਸਥਾਨਕ ਹਾਕਮਾਂ ਨੂੰ ਹੁਕਮ ਦਿੱਤਾ ਕਿ ਜਿੱਥੇ ਕਿਧਰੇ ਵੀ ਸਿੱਖ ਮਿਲਣ, ਉਨ੍ਹਾਂ ਦਾ ਸਿਰ ਕਲਮ ਕਰ ਕੇ ਉਹ ਅਬਦੁ-ਸਮਦ ਜਾਂ ਉਸ ਦੇ ਬੇਟੇ ਨੂੰ ਭੇਟ ਕਰਨ। ਇਸ ਤਰ੍ਹਾਂ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਬੰਦਾ ਸਿੰਘ ਦੇ ਸਿਰ ਉੱਤੇ ਟੋਪੀ ਅਤੇ ਜੋਕਰ ਵਾਲੇ ਕੱਪੜੇ ਪਾਏ ਗਏ ਸਨ। ਉਸ ਨੂੰ ਸਖ਼ਤ ਜੰਜ਼ੀਰਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਗਿਆ ਸੀ। ਇਹ ਪਿੰਜਰਾ ਇੱਕ ਹਾਥੀ ਦੇ ਉੱਪਰ ਬੰਨ੍ਹਿਆ ਹੋਇਆ ਸੀ। ਪਿੰਜਰੇ ਦੇ ਦੋਵੇਂ ਪਾਸਿਆਂ ਤੇ ਦੋ ਮੁਗਲ ਸਿਪਾਹੀ ਨੰਗੀਆਂ ਤਲਵਾਰਾਂ ਫੜੀ ਬੈਠੇ ਸਨ ਤਾਂ ਜੋ ਬੰਦਾ ਸਿੰਘ ਕਿਧਰੇ ਭੱਜਣ ਦੀ ਕੋਸ਼ਿਸ਼ ਨਾ ਕਰ ਸਕੇ। ਤਕਰੀਬਨ 760 ਕੈਦੀਆਂ ਨੂੰ ਬੱਕਰੀ ਦੀਆਂ ਖੱਲਾਂ ਅਤੇ ਰੰਗ-ਬਰੰਗੀਆਂ ਟੋਪੀਆਂ ਪਹਿਨਣ ਲਈ ਮਜ਼ਬੂਰ ਕੀਤਾ ਗਿਆ ਸੀ। ਉਨ੍ਹਾਂ ਨੂੰ ਜੰਜ਼ੀਰਾਂ ਅਤੇ ਹਥਕੜ੍ਹੀਆਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਊਠਾਂ ਉੱਤੇ ਬਿਨ੍ਹਾਂ ਕਾਠੀ ਤੋਂ ਬਿਠਾਇਆ ਗਿਆ ਸੀ। ਹਰ ਊਠ ਉੱਤੇ ਦੋ ਦੋ ਸਿੱਖ, ਪਿੱਠ ਨਾਲ ਪਿੱਠ ਜੋੜ ਕੇ ਬੈਠਾਏ ਗਏ ਸਨ। ਮੁਗਲ ਸੈਨਿਕ ਆਪਣੇ ਬਰਛਿਆਂ ਉੱਤੇ ਸਿੱਖਾਂ ਦੇ ਸਿਰ ਟੰਗੀ ਜਲੂਸ ਵਿਚ ਸ਼ਾਮਿਲ ਸਨ।
ਬੰਦਾ ਸਿੰਘ ਸਭ ਤੋਂ ਅੱਗੇ ਇਕ ਲੋਹੇ ਦੇ ਪਿੰਜਰੇ ਵਿਚ ਹਾਥੀ ਉੱਤੇ ਬਿਠਾਇਆ ਹੋਇਆ ਸੀ। ਪਿੱਛੇ ਪਿੱਛੇ ਊਠਾਂ ਉੱਤੇ ਜੰਜ਼ੀਰਾਂ ਵਿਚ ਜਕੜੇ ਤਕਰੀਬਨ 760 ਕੈਦੀ ਚਲ ਰਹੇ ਸਨ। ਲਗਭਗ ਸੱਤ ਸੌ ਮੁਗਲ ਸਿਪਾਹੀ ਘੋੜਿਆਂ ਉੱਤੇ ਆਪਣੇ ਬਰਛਿਆਂ ਉਪਰ ਸਿੱਖਾਂ ਦੇ ਸਿਰ ਟੰਗੀ ਚਲ ਰਹੇ ਸਨ। ਇਨ੍ਹਾਂ ਪਿੱਛੇ ਲਗਭਗ 700 ਸੌ ਗੱਡੀਆਂ, ਸਿੱਖਾਂ ਦੇ ਕੱਟੇ ਹੋਏ ਸਿਰ ਨਾਲ ਭਰੀਆ ਤੁਰ ਰਹੀਆਂ ਸਨ। ਇਕ ਮੁਗਲ ਸਿਪਾਹੀ ਇਕ ਬਰਛੀ ਉੱਤੇ ਇੱਕ ਮਰੀ ਹੋਈ ਬਿੱਲੀ ਟੰਗੀ ਚਲ ਰਿਹਾ ਸੀ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਜਾਪ ਰਿਹਾ ਸੀ ਕਿ ਕਿਸੇ ਸਿੱਖ ਦਾ ਅੰਸ਼ ਮਾਤਰ ਵੀ ਨਹੀਂ ਬਚਿਆ ਸੀ।
ਇਹ ਜਲੂਸ ਫਰਵਰੀ 1716 ਨੂੰ ਦਿੱਲੀ ਲਈ ਰਵਾਨਾ ਹੋਇਆ। ਹਜ਼ਾਰਾਂ ਆਦਮੀ ਅਤੇ ਔਰਤਾਂ ਇਸ ਵਰਤਾਰੇ ਨੂੰ ਦੇਖਣ ਲਈ ਸੜਕਾਂ ਤੇ ਮੌਜੂਦ ਸਨ। ਸਾਰੇ ਧਰਮਾਂ ਦੇ ਲੋਕ, ਇੱਥੋਂ ਤਕ ਕਿ ਈਸਾਈ ਵੀ ਇਸ ਘਟਨਾ ਕ੍ਰਮ ਨੂੰ ਦੇਖ ਰਹੇ ਸਨ। ਫੜੇ ਗਏ ਸਿੱਖਾਂ ਵਿਚੋਂ ਕੋਈ ਵੀ ਸਿੱਖ ਨਿਰਾਸ਼ ਨਜ਼ਰ ਨਹੀਂ ਸੀ ਆ ਰਿਹਾ, ਨਾ ਹੀ ਕੋਈ ਰਹਿਮ ਦੀ ਮੰਗ ਕਰਨ ਲਈ ਤਿਆਰ ਸੀ। ਇਸ ਨੂੰ ਪਰਮਾਤਮਾ ਦੀ ਰਜ਼ਾ ਵਜੋਂ ਸਵੀਕਾਰ ਕਰਦਿਆਂ ਉਹ ਖੁਸ਼ੀ ਨਾਲ ਗੁਰਬਾਣੀ ਗਾਇਨ ਕਰ ਰਹੇ ਸਨ।
ਸਿੱਖਾਂ ਨੂੰ ਦਿੱਲੀ ਦੇ ਕਿਲ੍ਹੇ ਵਿਚ ਕੈਦ ਕਰ ਕੇ ਦਬਾਅ ਪਾਇਆ ਗਿਆ ਕਿ ਉਹ ਆਪਣਾ ਅਕੀਦਾ ਛੱਡ ਕੇ ਮੁਸਲਮਾਨ ਬਣ ਜਾਣ। ਉਨ੍ਹਾਂ ਦੇ ਪੱਕਾ ਇਨਕਾਰ ਕਰਨ ਉੱਤੇ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਆਦੇਸ਼ ਦਿੱਤੇ ਗਏ। ਬੰਦਾ ਸਿੰਘ ਅਤੇ ਉਸਦੇ ਕੁਝ ਹੋਰ ਸਾਥੀਆਂ ਨੂੰ ਪੁੱਛ-ਗਿੱਛ ਲਈ ਛੱਡ ਕੇ, ਬਾਕੀ ਸਿੱਖਾਂ ਦਾ ਦਿੱਲੀ ਗੇਟ ਦੇ ਸਾਹਮਣੇ ਖੂਨੀ ਦਰਵਾਜਾ ਵਿਖੇ ਸਿਰ ਕਲਮ ਕਰ ਦਿੱਤਾ ਗਿਆ। ਹਰ ਰੋਜ਼ 100 ਸਿੱਖਾਂ ਨੂੰ ਜਨਤਕ ਮੌਤ ਦਿੱਤੀ ਜਾਂਦੀ ਸੀ ਅਤੇ ਇਹ ਸਿਲਸਿਲਾ ਸੱਤ ਦਿਨ ਤਕ ਚਲਦਾ ਰਿਹਾ। ਇਹ ਕਤਲੇਆਮ ਮਾਰਚ 1716 ਵਿਚ ਕੀਤਾ ਗਿਆ।
ਬਹੁਤ ਸਾਰੇ ਲੋਕਾਂ ਨੇ ਸਿੱਖਾਂ ਦੇ ਇਸ ਭਿਆਨਕ ਕਤਲੇਆਮ ਨੂੰ ਵੇਖਿਆ ਅਤੇ ਇਸ ਦਾ ਵਰਨਣ ਵੀ ਅੰਕਿਤ ਕੀਤਾ। ਬਹਾਦਰ ਸਿੱਖਾਂ ਨੇ ਕੋਈ ਕਮਜ਼ੋਰੀ ਜਾਂ ਨਿਰਾਸ਼ਾ ਜ਼ਾਹਿਰ ਨਹੀਂ ਕੀਤੀ। ਸਗੋਂ ਉਨ੍ਹਾਂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਦਿਆਂ ਹੱਸਦੇ ਹੋਏ ਮੌਤ ਨੂੰ ਗਲੇ ਲਗਾਇਆ ਅਤੇ ਆਪਣਾ ਅਕੀਦੇ ਉੱਤੇ ਡਟੇ ਰਹੇ। ਦਿੱਲੀ ਵਿਖੇ ਸਥਿਤ ਬ੍ਰਿਟਿਸ਼ ਅੰਬੈਸੀ ਨੇ ਰਿਕਾਰਡ ਕੀਤਾ, ”ਇਹ ਬੜੇ ਹੀ ਕਮਾਲ ਦੀ ਗੱਲ ਸੀ ਕਿ ਉਹ ਸਾਰੇ ਹੀ ਬਹੁਤ ਸਬਰ ਨਾਲ ਆਪਣੀ ਕਿਸਮਤ ਭੋਗ ਰਹੇ ਸਨ। ਅਤੇ ਅੰਤ ਤਕ ਕਿਸੇ ਨੇ ਇਸ ਨਵੇਂ ਬਣੇ ਧਰਮ ਤੋਂ ਆਪਣਾ ਮੁੱਖ ਨਹੀਂ ਮੋੜਿਆ।”
ਬੰਦਾ ਸਿੰਘ ਅਤੇ ਉਸਦੇ ਬਾਕੀ ਆਦਮੀਆਂ ਕੋਲੋਂ ਉਨ੍ਹਾਂ ਦੀਆਂ ਜੰਗੀ ਰਣਨੀਤੀਆਂ, ਦੌਲਤ ਅਤੇ ਅਸਲੇ ਬਾਰੇ ਪਤਾ ਕਰਨ ਲਈ 3 ਮਹੀਨੇ ਪੁੱਛ-ਗਿੱਛ ਕੀਤੀ ਗਈ। ਦਰਅਸਲ, ਬੰਦਾ ਸਿੰਘ ਨੇ ਧਨ-ਦੌਲਤ ਜਾਂ ਮੌਹਰਾਂ ਨੂੰ ਕਦੇ ਦਫਨਾਇਆ ਨਹੀਂ ਸੀ। ਜਿੱਤਾਂ ਵਿਚ ਉਸਨੂੰ ਜੋ ਕੁਛ ਵੀ ਮਿਲਦਾ ਸੀ, ਉਹ ਆਪਣੇ ਸਿਪਾਹੀਆਂ ਅਤੇ ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਉਸ ਦੇ ਹਥਿਆਰ ਸਿਰਫ਼ ਤਲਵਾਰਾਂ, ਬਰਛੀਆਂ, ਕਮਾਨਾਂ, ਤੀਰ, ਤੇ ਖੰਜਰ ਆਦਿ ਸਨ। ਉਸਦੀ ਸੈਨਾ ਪੈਦਲ ਅਤੇ ਘੋੜ ਸਵਾਰਾਂ ਦੀ ਹੀ ਸੀ। ਉਸ ਕੋਲ ਕੋਈ ਹਾਥੀ, ਤੋਪਾਂ ਜਾਂ ਕੋਈ ਹੋਰ ਵਧੀਆ ਹਥਿਆਰ ਨਹੀਂ ਸਨ।
ਜੂਨ 1716 ਵਿਚ, ਬੰਦਾ ਸਿੰਘ ਅਤੇ ਉਸ ਦੇ 26 ਸਾਥੀ ਇਕ ਜਲੂਸ ਦੇ ਰੂਪ ਵਿਚ ਪੁਰਾਣੀ ਦਿੱਲੀ ਦੀਆਂ ਗਲੀਆਂ ਵਿਚੋਂ ਲੰਘਾਏ ਗਏ ਅਤੇ ਫਿਰ ਕੁਤੁਬ ਮੀਨਾਰ ਨੇੜੇ ਖਵਾਜਾ ਕੁਤੁਬ-ਉਦ-ਦੀਨ ਬਖਤੀਯਾਰ ਕਾਕੀ ਦੇ ਮਕਬਰੇ (ਕਬਰ) ਕੋਲ ਲਿਆਂਦੇ ਗਏ। ਬੰਦਾ ਸਿੰਘ ਦੀਆਂ ਅੱਖਾਂ ਸਾਹਮਣੇ 26 ਸਿੱਖਾਂ ਦਾ ਸਿਰ ਕਲਮ ਕਰ ਦਿੱਤਾ ਗਿਆ। ਮੁਗਲ ਹਾਕਮਾਂ ਨੂੰ ਆਸ ਸੀ ਕਿ ਅਜਿਹੀ ਕੂਕਰਤਾ ਦੇਖ ਕੇ ਬੰਦਾ ਸਿੰਘ ਰਹਿਮ ਦੀ ਮੰਗ ਕਰੇਗਾ। ਪਰ ਅਜਿਹਾ ਨਹੀਂ ਹੋਇਆ। ਤਦ ਬੰਦਾ ਸਿੰਘ ਦੀ ਵਾਰੀ ਆਈ, ਉਸਨੂੰ ਇਸਲਾਮ ਕਬੂਲ ਕਰਨ ਜਾਂ ਮੌਤ ਦਾ ਸਾਹਮਣਾ ਕਰਨ ਲਈ ਕਿਹਾ ਗਿਆ। ਉਸ ਨੇ ਮੌਤ ਨੂੰ ਸਵੀਕਾਰ ਕੀਤਾ।
ਸਿਯਾਰੂਲ-ਮੁਤਾਖੇਰੀਨ ਦੇ ਲੇਖਕ ਮੁਹੰਮਦ ਅਮੀਨ ਖਾਨ, ਜੋ ਕਿ ਇੱਕ ਮੁਸਲਮਾਨ ਇਤਿਹਾਸਕਾਰ ਸੀ, ਅਨੁਸਾਰ, ਇੱਕ ਦਾਨਸ਼ਵਰ ਨੂੰ ਬੰਦਾ ਸਿੰਘ ਬਹਾਦਰ ਨੂੰ ਫਾਂਸੀ ਤੋਂ ਪਹਿਲਾਂ ਮਿਲਣ ਦੀ ਇਜਾਜ਼ਤ ਮਿਲ ਗਈ। ਉਸ ਨੇ ਬੰਦਾ ਸਿੰਘ ਨੂੰ ਪੁੱਛਿਆ,”ਇਹ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਵਿਅਕਤੀ ਜੋ ਆਪਣੀਆਂ ਖੂਬੀਆਂ ਵਿਚ ਇੰਨੀ ਕੁ ਨਿਪੁੰਨਤਾ, ਅਤੇ ਆਪਣੇ ਚਰਿੱਤਰ ਵਿਚ ਇੰਨ੍ਹੀ ਪਾਕੀਜ਼ਗੀ ਦਰਸਾਉਂਦਾ ਹੈ, ਉਸ ਨੂੰ ਅਜਿਹੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਹੈ।” ਬੜੇ ਹੀ ਸੰਜੀਦਾ ਢੰਗ ਨਾਲ ਬੰਦਾ ਬਹਾਦਰ ਨੇ ਉੱਤਰ ਦਿੱਤਾ, ”ਹਰੇਕ ਧਰਮ ਅਤੇ ਹਰੇਕ ਦੇਸ਼ ਵਿੱਚ, ਜਦੋਂ ਵੀ ਆਦਮੀ ਭ੍ਰਿਸ਼ਟ, ਤਾਨਾਸ਼ਾਹ ਅਤੇ ਜ਼ਾਲਮ ਬਣ ਜਾਂਦੇ ਹਨ, ਪਰਮਾਤਮਾ ਮੇਰੇ ਵਰਗੀ ਮੁਸੀਬਤ ਉਨ੍ਹਾਂ ਨੂੰ ਸਬਕ ਸਿਖਾਉਣ ਤੇ ਸਜ਼ਾ ਦੇਣ ਲਈ ਭੇਜਦਾ ਹੈ।” ਇਸ ਤਰ੍ਹਾਂ ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਆਖ਼ਰ ਤਕ ਮਾਨਸਿਕ ਤੌਰ ਉੱਤੇ ਅਡੋਲ ਰਿਹਾ ਅਤੇ ਉਸ ਨੂੰ ਆਪਣੇ ਮਿਸ਼ਨ ਦੀ ਪਾਕੀਜ਼ਗੀ ਉੱਤੇ ਪੂਰੀ ਨਿਸ਼ਠਾ ਸੀ।
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ : ਬੰਦਾ ਸਿੰਘ ਦਾ 4 ਸਾਲ ਦਾ ਬੇਟਾ ਉਸਦੀ ਗੋਦ ਵਿਚ ਬੈਠਾਇਆ ਗਿਆ। ਬੰਦਾ ਸਿੰਘ ਨੂੰ ਇੱਕ ਖੰਜਰ ਦਿੱਤਾ ਗਿਆ ਅਤੇ ਉਸ ਨੂੰ ਆਪਣੇ ਹੀ ਪੁੱਤਰ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ ਗਿਆ। ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਫਾਂਸੀ ਦੇਣ ਵਾਲੇ ਨੇ ਉਸ ਦੇ ਪੁੱਤਰ ਦੀ ਛਾਤੀ ਨੂੰ ਚੀਰ ਕੇ, ਬੱਚੇ ਦੇ ਤੜਫ਼ ਰਹੇ ਦਿਲ ਨੂੰ ਕੱਢ ਬੰਦਾ ਸਿੰਘ ਦੇ ਮੂੰਹ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੰਦਾ ਸਿੰਘ ਸੰਗਲਾਂ ਨਾਲ ਜਕੜਿਆਂ ਹੌਇਆ ਸੀ ਪਰ ਉਸ ਨੇ ਪੂਰੇ ਗੁੱਸੇ ਨਾਲ ਜਲਾਦ ਦੇ ਹੱਥ ਨੂੰ ਝਟਕ ਦਿੱਤਾ। ਇਸ ਤੋਂ ਬਾਅਦ, ਜੰਬੂਰਾਂ ਨਾਲ ਉਸ ਦਾ ਮਾਸ ਨੋਚਿਆ ਗਿਆ। ਗਰਮ ਤਿੱਖੀਆਂ ਸਲਾਖਾਂ ਨਾਲ ਉਸ ਦਾ ਸਰੀਰ ਸਾੜਿਆ ਗਿਆ ਤੇ ਛੱਲਣੀ ਛੱਲਣੀ ਕਰ ਦਿੱਤਾ ਗਿਆ। ਉਸਦੀਆਂ ਅੱਖਾਂ ਨੋਚ ਲਈਆਂ ਗਈਆਂ ਅਤੇ ਉਸ ਦੇ ਹੱਥ ਤੇ ਪੈਰ ਕੱਟ ਦਿਤੇ ਗਏ। ਇਸ ਤਰ੍ਹਾਂ ਜਦੋਂ ਉਹ ਬੇਹੋਸ਼ ਹੋ ਗਿਆ, ਤਾਂ ਉਸਦਾ ਸਿਰ ਵੱਢ ਦਿੱਤਾ ਗਿਆ। ਇਹ 9 ਜੂਨ 1716 ਦਾ ਮਨਹੂਸ ਦਿਨ ਸੀ।
ਅੰਗ੍ਰੇਜ਼ ਇਤਿਹਾਸਕਾਰ ਕਨਿੰਘਮ ਨੇ ਲਿਖਿਆ ਕਿ ਮੁਗਲਾਂ ਦੀਆਂ ਅਣਮਨੁੱਖੀ ਗਤੀਵਿਧੀਆਂ ਇੰਨੀਆਂ ਜ਼ਾਲਮਾਨਾ ਸਨ ਕਿ ਉਨ੍ਹਾਂ ਤੋਂ ਇਲਾਵਾ ਕੋਈ ਵੀ ਮਨੁੱਖ ਅਜਿਹੇ ਅਣਮਨੁੱਖੀ ਵਰਤਾਰੇ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ। ਵਰਨਣਯੋਗ ਹੈ ਕਿ ਫਰੁਖਸੀਅਰ, ਜਿਸ ਨੇ ਬੰਦਾ ਸਿੰਘ ਅਤੇ ਉਸਦੇ ਆਦਮੀਆਂ ਨੂੰ ਜੂਨ 1716 ਵਿਚ ਤਸੀਹੇ ਦਿੱਤੇ ਅਤੇ ਕਤਲ ਕਰ ਦਿੱਤਾ, ਸਿਰਫ ਤਿੰਨ ਸਾਲਾਂ ਬਾਅਦ, ਆਪਣੇ ਬੰਦਿਆਂ ਦੇ ਹੱਥੋਂ, ਅਜਿਹੀ ਹੀ ਦੁਰਦਸ਼ਾ ਦਾ ਭਾਗੀ ਬਣਿਆ। ਉਸ ਵਿਰੁੱਧ ਬਗਾਵਤ ਹੋ ਗਈ ਸੀ ਅਤੇ ਬਾਗੀਆਂ ਤੋਂ ਡਰਦਾ ਮਾਰਿਆਂ ਉਹ ਲਾਲ ਕਿਲ੍ਹੇ ਦੇ ਹਨੇਰੇ ਕਮਰਿਆਂ ਵਿੱਚ ਛੁਪ ਗਿਆ। ਬਾਗੀਆਂ ਨੇ ਉਸਦਾ ਪਿੱਛਾ ਕੀਤਾ, ਠੀਕ ਬੰਦਾ ਸਿੰਘ ਨਾਲ ਬੀਤੇ ਹਾਲਾਤਾਂ ਵਾਂਗ ਹੀ, ਬਾਗੀਆਂ ਨੇ ਫਾਰੁਖਸੀਅਰ ਦੀਆਂ ਅੱਖਾਂ ਵੀ ਉਸੇ ਤਰ੍ਹਾਂ ਨੋਚ ਲਈਆਂ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।
ਬੰਦਾ ਸਿੰਘ ਬਹਾਦਰ ਦੀ ਦੇਣ : ਬੰਦਾ ਸਿੰਘ ਬਹਾਦਰ ਨੇ ਲਗਭਗ ਛੇ-ਸੱਤ ਸਾਲ ਰਾਜ ਕੀਤਾ। ਉਸ ਨੇ ਅਰਬ ਦੇਸ਼ਾਂ ਤੋਂ ਆਏ ਹਮਲਾਵਰ ਫੌਜਾਂ ਦੇ 700 ਸਾਲਾਂ ਦੇ ਰਾਜ ਨੂੰ ਤੋੜਿਆ । ਮੁਗਲ ਸਲਤਨਤ ਦੀ ਅਜਿੱਤ ਸ਼ਕਤੀ ਦੀ ਮਿੱਥ ਉਸ ਨੇ ਤੋੜ ਦਿੱਤੀ। ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਕੁਰਬਾਨੀਆਂ ਨੇ ਸਿੱਖਾਂ ਨੂੰ ਨਿਰਾਸ਼ ਨਹੀਂ ਕੀਤਾ ਬਲਕਿ ਭਵਿੱਖ ਦੀਆਂ ਲੜਾਈਆਂ ਲਈ ਤਿਆਰ ਬਰ ਤਿਆਰ ਕਰ ਦਿੱਤਾ। ਅਗਲੇ 40 ਸਾਲਾ ਦੌਰਾਨ ਬਹੁਤ ਹੀ ਮੁਸ਼ਕਲ ਭਰੇ ਹਾਲਾਤਾ ਦਾ ਟਾਕਰਾ ਕਰਦੇ ਹੋਏ, ਸੰਨ 1756 ਵਿਚ, ਸਿੱਖਾਂ ਨੇ ਨਵਾਬ ਕਪੂਰ ਸਿੰਘ ਅਤੇ ਫਿਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਾਹੌਰ ਵਿਖੇ ਰਾਜ ਕੀਤਾ। ਬਾਅਦ ਵਿਚ ਉਹਨਾਂ ਨੇ 12 ਸਿੱਖ ਮਿਸਲਾਂ ਦੇ ਰੂਪ ਵਿਚ ਪੂਰੇ ਪੰਜਾਬ ਵਿਚ ਰਾਜ ਕੀਤਾ। ਇਸ ਦੇ ਫਲਸਰੂਪ 1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਖ਼ਾਲਸਾ ਰਾਜ ਦੀ ਸਥਾਪਨਾ ਹੋਈ।
ਇੰਝ ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਸ਼ਹੀਦ ਹੋਇਆ ਹੈ। ਜੋ ਇਕ ਬੈਰਾਗੀ ਤੋਂ ਇਕ ਅੰਮ੍ਰਿਤਧਾਰੀ ਸਿੱਖ ਬਣ, ਲੋਕਾਂ ਦੇ ਅਧਿਕਾਰਾਂ ਦਾ ਰਖਵਾਲਾ ਬਣਿਆ। ਉਸ ਨੇ ਮੁਗਲ ਸਾਮਰਾਜ ਦੇ ਜ਼ੁਲਮ ਦਾ ਟਾਕਰਾ ਕਰਦਿਆਂ ਆਪਣੀ ਜਾਨ ਵਾਰ ਦਿੱਤੀ। ਬੇਸ਼ਕ ਉਸ ਦਾ ਰਾਜ ਥੋੜ੍ਹੇ ਸਮੇਂ ਲਈ ਹੀ ਸੀ, ਪਰ ਉਸ ਦੁਆਰਾ ਲਿਆਂਦੇ ਗਏ ਸੁਧਾਰ ਅੱਜ ਵੀ ਮੌਜੂਦ ਹਨ। ਬੰਦਾ ਸਿੰਘ ਨੇ ਸਿੱਧ ਕਰ ਦਿੱਤਾ ਕਿ ਲੋਕਾਂ ਅੰਦਰ ਜ਼ਾਲਮ ਹਾਕਮਾਂ ਨੂੰ ਢਾਹੁਣ ਦੀ ਤਾਕਤ ਹੁੰਦੀ ਹੈ। ਬੰਦਾ ਸਿੰਘ ਬਹਾਦਰ ਦੇ ਪੂਰਨਿਆਂ ਉੱਤੇ ਚਲਦੇ ਹੋਏ ਪੰਜਾਬ ਦੇ ਲੋਕਾਂ ਨੇ, ਖ਼ਾਲਸੇ ਦੀ ਅਗੁਵਾਈ ਹੇਠ, ਜ਼ਾਲਮ ਹਾਕਮਾਂ ਦਾ ਨਾਸ਼ ਕਰ ਦਿੱਤਾ ਅਤੇ ਖੁੱਦ ਰਾਜਭਾਗ ਦੇ ਮਾਲਕ ਬਣ ਗਏ।
ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਮਾਰਕ
ਬਾਬਾ ਜੀ ਦੀ ਮਹਾਨ ਦੇਣ ਦੀ ਯਾਦ ਵਿਚ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਕੁਤਬ ਮੀਨਾਰ ਨੇੜੇ ਦਿੱਲੀ ਦੇ ਮੇਹਰੌਲੀ ਖੇਤਰ ਵਿੱਚ ਸਥਿਤ ਹੈ। ਇਥੇ ਬਾਬਾ ਬੰਦਾ ਸਿੰਘ ਬਹਾਦਰ ਜੀ, ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਅਤੇ ਚਾਲੀ ਸਿੱਖਾਂ ਨੂੰ ਮੁਗਲਾਂ ਨੇ ਸ਼ਹੀਦ ਕੀਤਾ ਸੀ। ਗੁਰਦੁਆਰਾ ਬੰਦਾ ਬਹਾਦਰ ਸਾਹਿਬ ਕੁਤਬ ਮੀਨਾਰ ਤੋਂ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ‘ਤੇ ਹੈ। ਚਪੜਚਿੜ੍ਹੀ ਦੇ ਸਥਾਨ ਵਿਖੇ ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਦੀ ਯਾਦ ਵਿਚ ਇਕ ਸਮਾਰਕ ਬਣਾਇਆ ਗਿਆ ਅਤੇ ਬਾਬਾ ਬੰਦਾ ਸਿੰਘ ਤੇ ਉਸ ਦੇ ਸਾਥੀ ਜਰਨੈਲਾਂ ਦੇ ਬੁੱਤ ਵੀ ਸਥਾਪਿਤ ਕੀਤੇ ਗਏ ਹਨ। ਹਰਿਆਣਾ ਦੇ ਰੋਹੜੀ ਖਾਂਡਾ ਖੇਤਰ ਵਿਖੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਯਾਦਗਾਰੀ ਸਮਾਰਕ ਸਥਾਪਿਤ ਕੀਤਾ ਗਿਆ ਹੈ।
(ਸਮਾਪਤ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …