Breaking News
Home / ਕੈਨੇਡਾ / ਟਰੀਲਾਈਨ ਕਲੱਬ ਨੇ ਸੀਨੀਅਰ/ਯੂਥ ਅਵੇਅਰਨੈੱਸ, ਖੇਡ ਮੇਲਾ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ

ਟਰੀਲਾਈਨ ਕਲੱਬ ਨੇ ਸੀਨੀਅਰ/ਯੂਥ ਅਵੇਅਰਨੈੱਸ, ਖੇਡ ਮੇਲਾ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ

logo-2-1-300x105-3-300x105ਬਰੈਂਪਟਨ/ ਹਰਜੀਤ ਬੇਦੀ
ਬੀਤੇ ਦਿਨੀ ਟਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਖੁੱਲ੍ਹੇ ਡੁੱਲ੍ਹੇ ਟਰੀਲਾਈਨ ਪਾਰਕ ਵਿੱਚ ਯੂਥ/ ਸੀਨੀਅਰਜ ਅਵੇਅਰਨੈੱਸ, ਖੇਡ ਮੇਲਾ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ ਗਏ। ਮੇਲੇ ਦੀ ਸ਼ੁਰੂਆਤ ਬਖਤਾਵਰ ਸਿੰਘ ਸੰਧੂ ਵਲੋਂ ਅਰਦਾਸ ਕਰਕੇ ਕੀਤੀ ਗਈ। ਕਲੱਬ ਦੇ ਪਰਧਾਨ ਜਗਜੀਤ ਸਿੰਘ ਗਰੇਵਾਲ ਵਲੋਂ ਭਾਰਤ ਅਤੇ ਉੱਪ-ਪਰਧਾਨ ਦਰਬਾਰਾ ਸਿੰਘ ਗਰੇਵਾਲ ਵਲੋਂ ਕਨੇਡਾ ਦਾ ਝੰਡਾ ਝੁਲਾ ਕੇ ਦੋਹਾਂ ਦੇਸ਼ਾਂ ਦੇ ਕੌਮੀ ਗੀਤ ਗਾਏ ਗਏ। ਉਪਰੰਤ ਪੁਸ਼ਪਿੰਦਰ ਕੌਰ ਵਾਲੀਆ ਨੇ ਸ਼ਬਦ ਗਾਇਨ ਕੀਤਾ। ਫਿਰ ਆਏ ਹੋਏ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦੇ ਚਾਹ-ਪਾਣੀ ਪੀਣ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਹੋਈ।
ਸਟੇਜ ਦੇ ਧਨੀ ਅਤੇ ਮਸ਼ਹੂਰ ਕਵੀ ਅਵਤਾਰ ਸਿੰਘ ਅਰਸ਼ੀ ਨੇ ਸਟੇਜ ਸੰਭਾਲਦਿਆਂ ਹੀ ਕਲੱਬ ਦੇ ਪਰਧਾਨ ਜਗਜੀਤ ਗਰੇਵਾਲ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਕਲੱਬ ਪਰਧਾਨ ਨੇ ਸਾਰਿਆਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਸੰਖੇਪ ਵਿੱਚ ਭਾਰਤ ਦੀ ਆਜ਼ਾਦੀ ਲਹਿਰ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਸਤਨਾਮ ਸਿੰਘ ਵੱਸਣ ਅਤੇ ਸੀਨੀਅਰ ਐਡਵਾਈਜ਼ਰ ਬੁਲੰਦ ਸਿੰਘ ਦਿਓਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਦੇ ਚੀਫ ਐਡਵਾਈਜ਼ਰ ਤਾਰਾ ਸਿੰਘ ਗਰਚਾ ਨੇ ਸਭ ਦਾ ਧੰਨਵਾਦ ਕਰਦਿਆਂ ਕਾਫੀ ਵਿਸਥਾਰ ਨਾਲ ਆਪਣੇ ਵਿਚਾਰ ਸਰੋਤਿਆਂ ਅੱਗੇ ਰੱਖੇ। ਐਮ ਪੀ ਰੂਬੀ ਸਹੋਤਾ ਅਤੇ ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਕਰਮਵਾਰ ਫੈਡਰਲ ਸਰਕਾਰ ਅਤੇ ਪਰੋਵਿੰਸਲ ਸਰਕਾਰ ਦੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਭੁਪਿੰਦਰ ਸਿੰਘ ਨੰਦਾ, ਗੁਰਦੇਵ ਸਿੰਘ ਰੱਖੜਾ, ਹਰਬੰਸ ਸਿੰਘ ਗਰੇਵਾਲ( ਪਟਿਆਲੇ ਵਾਲੇ) ਅਤੇ ਕਮੇਡੀਅਨ ਕੁਲਵੰਤ ਸੇਖੇ ਨੇ ਆਪਣੀਆਂ ਕਵਿਤਾਵਾਂ ਅਤੇ ਚੁਟਕਲਿਆਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਕਲੱਬ ਦੇ ਪਰਧਾਨ , ਸਮੂਹ ਡਾਇਰੈਕਟਰਾਂ, ਐਮ ਪੀ ਰੂਬੀ ਸਹੋਤਾ ਅਤੇ ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਮਿਲਕੇ ਕਲੱਬ ਨੂੰ ਸਹਾਇਤਾ ਦੇਣ ਵਾਲਿਆਂ ਦਾ ਟਰਾਫੀਆਂ ਨਾਲ ਸਨਮਾਨ ਕੀਤਾ।
ਸਟੇਜ ਦੀ ਕਾਰਵਾਈ ਤੋਂ ਬਾਦ ਖੇਡਾਂ ਸ਼ੁਰੂ ਹੋ ਗਈਆਂ। ਜਿਸਦਾ ਤਾਰਾ ਸਿੰਘ ਗਰਚਾ ਦੀ ਅਗਵਾਈ ਵਿੱਚ ਸ਼ਿਵਜਿੰਦਰ ਸਿੰਘ ਗਿੱਲ, ਸ਼ੇਰ ਸਿੰਘ ਮਾਵੀ ਅਤੇ ਗੁਰਦੇਵ ਸਿੰਘ ਸਿੱਧੂ ਆਦਿ ਨੇ ਵਧੀਆ ਢੰਗ ਨਾਲ ਪਰਬੰਧ ਕੀਤਾ। ਈਵੈਂਟਸ ਵਿੱਚ ਬਚਿੱਆਂ ਦੀਆਂ ਦੌੜਾ, ਔਰਤਾਂ ਦੀ ਚਮਚਾ ਰੇਸ, 100 ਮੀਟਰ ਰੇਸ, ਮਰਦਾਂ ਦੀ 100 ਮੀਟਰ ਰੇਸ, ਤੇਜ ਚੱਲਣ, ਮਿਉਜੀਕਲ ਚੇਅਰ ਰੇਸ ਅਤੇ ਸ਼ਾਟ-ਪੁੱਟ ਮੁਕਾਬਲੇ ਸ਼ਾਮਲ ਸਨ। ਖੇਡਾਂ ਵਿੱਚ ਬੱਚਿਆਂ ਅਤੇ ਮਾਪਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਜੇਤੂਆਂ ਨੂੰ ਇਨਾਮ ਦੇਣ ਸਮੇ ਲਛਮਣ ਸਿੰਘ ਥਿੰਦ ਅਤੇ ਜਗਬੀਰ ਸਿੰਘ ਮਸੂਤਾ ਨੇ ਡਿਉਟੀ ਨਿਭਾਈ। ਕਲੱਬ ਦੇ ਪਰਧਾਨ ਜਗਜੀਤ ਸਿੰਘ ਗਰੇਵਾਲ ਨੇ ਵਧੀਆ ਕਾਰਗੁਜ਼ਾਰੀ  ਅਤੇ ਕਲੱਬ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਯਤਨਾ ਲਈ ਵਧਾਈ ਦਿੰਦਿਆਂ ਕੈਸ਼ੀਅਰ ਹਰਪਾਲ ਸਿੰਘ ਛੀਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸੇ ਤਰ੍ਹਂਾ ਸਲਾਹਕਾਰਾਂ ਤਾਰਾ ਸਿੰਘ ਗਰਚਾ, ਬੁਲੰਦ ਸਿੰਘ ਦਿਓਲ ਅਤੇ ਡਾ: ਜੀਤ ਸਿੰਘ ਵਿਰਕ ਦਾ ਯੋਗ ਅਗਵਾਈ ਦੇਣ ਲਈ ਧੰਨਵਾਦ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਸਿਖਰ ਰਜਨੀ ਸ਼ਰਮਾ ਦੀ ਅਗਵਾਈ ਵਿੱਚ ਗਿੱਧਾ , ਜਾਗੋ ਅਤੇ ਟੀ ਵੀ ਆਰਟਿਸਟ ਸੁਨੀਤਾ ਦੀਆਂ ਬੋਲੀਆਂ ਤੇ ਬੀਬੀਆਂ ਦਾ ਗਿੱਧਾ ਸੀ। ਅਵਤਾਰ ਸਿੰਘ ਗਰੇਵਾਲ ਅਤੇ ਅਵਤਾਰ ਸਿੰਘ ਖੇੜੀ ਦੀ ਨਿਗਰਾਨੀ ਵਿੱਚ ਪਰੋਗਰਾਮ ਦੇ ਅੰਤ ਤੱਕ ਖਾਣ-ਪੀਣ ਦਾ ਖੁੱਲ੍ਹਾ ਪਰੋਗਰਾਮ ਚਲਦਾ ਰਿਹਾ। ਮੇਲੇ ਵਾਂਗ ਮਰਦਾਂ ਔਰਤਾਂ ਅਤੇ ਬੱਚਿਆਂ ਦੇ ਬਹੁਤ ਹੀ ਜਿਆਦਾ ਇਕੱਠ ਵਿੱਚ ਕਿਸੇ ਚੀਜ ਦੀ ਕੋਈ ਤੋਟ ਨਾ ਆਈ। ਛਬੀਲ ਦਾ ਪਰਬੰਧ ਹਰਦੇਵ ਸਿੰਘ ਪਨਾਂਗ ਅਤੇ ਉਸਦੇ ਪਰਿਵਾਰ ਵਲੋਂ ਕੀਤਾ ਗਿਆ ਜੋ ਸਾਰਾ ਸਮਾ ਚਲਦੀ ਰਹੀ। ਇਹ ਸ਼ਾਨਦਾਰ ਪਰੋਗਰਾਮ ਕਲੱਬ ਮੈਂਬਰਾਂ ਦੇ ਸਹਿਯੋਗ ਅਤੇ ਏਕੇ ਨਾਲ ਹੀ ਸੰਭਵ ਹੋ ਸਕਿਆ ਜਿਸ ਦੀ ਹਰ ਇੱਕ ਨੇ ਪਰਸੰਸਾ ਕੀਤੀ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …