Breaking News
Home / ਦੁਨੀਆ / ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਲਿਆਂਦੀਆਂ ਜਾਣ

ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਲਿਆਂਦੀਆਂ ਜਾਣ

ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ‘ਚ ਉਠਾਇਆ ਮਾਮਲਾ
ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਮੰਗ ਕੀਤੀ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਵਾਪਸ ਲਿਆ ਕੇ ਅੰਮ੍ਰਿਤਸਰ ‘ਚ ਸਾਂਭੀਆਂ ਜਾਣ। ਉਨ੍ਹਾਂ ਦੱਸਿਆ ਕਿ 1974 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਬਰਤਾਨਵੀ ਹਕੂਮਤ ਨਾਲ ਰਾਬਤਾ ਕਰਕੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਸੀ ਤੇ ਸ਼ਹੀਦ ਦੇ ਸ਼ਹਿਰ ਸੁਨਾਮ (ਸੰਗਰੂਰ) ‘ਚ ਉਨ੍ਹਾਂ ਦੇ ਸਸਕਾਰ ਮਗਰੋਂ ਅਸਥੀਆਂ ਦੀ ਰਾਖ਼ ਸਤੁਲਜ ‘ਚ ਪ੍ਰਵਾਹ ਕੀਤੀਆਂ ਸੀ।
ਇਨ੍ਹਾਂ ਅਸਥੀਆਂ ਦਾ ਕੁਝ ਹਿੱਸਾ ਜੱਲ੍ਹਿਆਂਵਾਲਾ ਦੇ ਅਜਾਇਬ ਘਰ ‘ਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ 1843 ‘ਚ ਦਲੀਪ ਸਿੰਘ ਪੰਜ ਸਾਲ ਦੀ ਉਮਰ ‘ਚ ਸਿੱਖਾਂ ਦੇ ਮਹਾਰਾਜਾ ਐਲਾਨੇ ਗਏ ਸੀ ਪਰ ਅੰਗਰੇਜ਼ ਹਕੂਮਤ ਨੇ ਸਿੱਖ ਰਾਜ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਫਤਹਿਗੜ੍ਹ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਦਲੀਪ ਸਿੰਘ ਦਾ ਧਰਮ ਬਦਲਿਆ ਗਿਆ ਪਰ ਜਦੋਂ ਉਹ ਇੰਗਲੈਂਡ ‘ਚ ਆਪਣੀ ਮਾਂ ਨੂੰ ਮੁੜ ਮਿਲਿਆ ਤਾਂ ਸਿੱਖ ਰਾਜ ਬਾਰੇ ਜਾਣਕਾਰੀ ਹਾਸਲ ਕੀਤੀ। ਉਹ ਮੁੜ ਸਿੰਘ ਸਜਿਆ ਤੇ ਉਸ ਨੇ ਆਪਣਾ ਰਾਜ ਭਾਗ ਵਾਪਸ ਲੈਣ ਦੀ ਇੱਛਾ ਪ੍ਰਗਟਾਈ। ਮਹਾਰਾਜਾ ਦਲੀਪ ਸਿੰਘ ਨੇ 1886 ਵਿੱਚ ਭਾਰਤ ਦੀ ਯਾਤਰਾ ਸ਼ੁਰੂ ਕੀਤੀ ਤੇ ਆਪਣੇ ਰਾਜ ‘ਤੇ ਦਾਅਵਾ ਕੀਤਾ ਪਰ ਅੰਗਰੇਜ਼ਾਂ ਨੇ ਉਸ ਨੂੰ ਅਦਨ ਬੰਦਰਗਾਹ ‘ਤੇ ਰੋਕ ਲਿਆ ਜਿਸ ਮਗਰੋਂ ਉਸ ਦਾ ਪਰਿਵਾਰ ਬਰਤਾਨੀਆ ਚਲਾ ਗਿਆ। ਦਲੀਪ ਸਿੰਘ ਦਾ 1893 ‘ਚ ਦੇਹਾਂਤ ਹੋ ਗਿਆ ਤੇ ਬਰਤਾਨਵੀ ਹਕੂਮਤ ਨੇ ਉਸ ਨੂੰ ਦਫ਼ਨਾ ਦਿੱਤਾ ਸੀ। ਬਾਜਵਾ ਨੇ ਕਿਹਾ ਕਿ ਬਰਤਾਨਵੀ ਹਕੂਮਤ ਨੇ ਮਹਾਰਾਜਾ ਨੂੰ ਦਫ਼ਨਾ ਕੇ ਭਾਰਤੀ ਇਤਿਹਾਸ ਦੇ ਇਕ ਹੋਰ ਹਿੱਸੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਆਖ਼ਰੀ ਮਹਾਰਾਜਾ ਦੀਆਂ ਨਿਸ਼ਾਨੀਆਂ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਨਿੱਜੀ ਦਿਲਚਸਪੀ ਲੈਣ।

Check Also

ਅਰਬਪਤੀ ਹਿੰਦੂਜਾ ਫੈਮਿਲੀ ਦੇ ਚਾਰ ਮੈਂਬਰਾਂ ਨੂੰ ਕੋਰਟ ਨੇ ਸੁਣਾਈ ਸਜ਼ਾ

ਹਿੰਦੂਜਾ ਪਰਿਵਾਰ ’ਤੇ ਨੌਕਰਾਂ ਦੀ ਤਸਕਰੀ ਅਤੇ ਸ਼ੋਸ਼ਣ ਕਰਨ ਦਾ ਲੱਗਿਆ ਆਰੋਪ ਬਿ੍ਰਟੇਨ/ਬਿਊਰੋ ਨਿਊਜ਼ : …