ਧਰਨੇ ‘ਚ ਲੱਖੋਵਾਲ, ਰੁਲਦੂ ਸਿੰਘ, ਬੀਬੀ ਇੰਦਰਜੀਤ ਕੌਰ ਸਮੇਤ ਕਈ ਆਗੂ ਪਹੁੰਚੇ
ਜ਼ੀਰਾ/ਬਿਊਰੋ ਨਿਊਜ਼ : ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਰੁੱਧ ਚੱਲ ਰਹੇ ਧਰਨੇ ‘ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ ਸੂਬਾ ਸਕੱਤਰ ਭਾਕਿਯੂ ਲੱਖੋਵਾਲ, ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਮੁਖੀ ਬੀਬੀ ਇੰਦਰਜੀਤ ਕੌਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪੁੱਜੇ।
ਇਸ ਮੌਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਪਾਣੀ ਦੀ ਖਰਾਬੀ ਕਰਨ ਲਈ ਸ਼ਰਾਬ ਫੈਕਟਰੀ ਪ੍ਰਬੰਧਕਾਂ ਨੂੰ ਸਜ਼ਾ ਮਿਲਦੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹੋਰ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਕਿਉਂਕਿ ਜਿਹੜਾ ਦੂਸ਼ਿਤ ਪਾਣੀ ਟਰੀਟਮੈਂਟ ਪਲਾਂਟਾਂ ‘ਚ ਪਾਉਣਾ ਚਾਹੀਦਾ ਸੀ, ਉਹ ਧਰਤੀ ਹੇਠ ਪਾਇਆ ਗਿਆ, ਜਿਸ ਲਈ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਇੰਡਸਟਰੀ ਲੱਗੀ ਹੈ ਜਾਂ ਲੱਗ ਰਹੀ ਹੈ, ਸਰਕਾਰ ਉਸ ਦੀ ਨਿਗਰਾਨੀ ਕਰੇ। ਉਨ੍ਹਾਂ ਕਿਹਾ ਕਿ ਇਲਾਕੇ ਦਾ ਪਾਣੀ ਇਸੇ ਸ਼ਰਾਬ ਫ਼ੈਕਟਰੀ ਕਰਕੇ ਖਰਾਬ ਹੋਇਆ ਹੈ। ਇਸ ਮੌਕੇ ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ‘ਚ ਮੌਜੂਦ ਸ਼ਰਾਬ ਤੇ ਹੋਰ ਫ਼ੈਕਟਰੀਆਂ ਵਲੋਂ ਪਾਣੀ ਤੇ ਹਵਾ ਨੂੰ ਗੰਧਲਾ ਕੀਤਾ ਜਾ ਰਿਹਾ ਹੈ, ਜਿਸ ਨਾਲ ਮਨੁੱਖ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਕਰਕੇ ਪੰਜਾਬ ਸਰਕਾਰ ਪਾਣੀਆਂ, ਹਵਾ ਤੇ ਵਾਤਾਵਰਨ ਨੂੰ ਖ਼ਰਾਬ ਕਰਨ ਵਾਲੀਆਂ ਫ਼ੈਕਟਰੀਆਂ ਵਿਰੁੱਧ ਸਖ਼ਤ ਐਕਸ਼ਨ ਲਵੇ ਤੇ ਸੂਬੇ ਦੇ ਲੋਕ ਅਜਿਹੇ ਲੋਕਾਂ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਤਾਂ ਜੋ ਅਸੀਂ ਹਵਾ, ਪਾਣੀ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੀਏ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ।