ਭਗਵੰਤ ਮਾਨ ਨੇ ਇਸ ਨੂੰ ਦੱਸਿਆ ਕਾਇਰਤਾ ਵਾਲੀ ਹਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿਖੇ ਸਰਕਾਰੀ ਰਿਹਾਇਸ਼ ’ਤੇ ਹਮਲਾ ਹੋ ਗਿਆ ਅਤੇ ਘਰ ਦੇ ਬਾਹਰ ਭੰਨਤੋੜ ਹੋਣ ਦੀ ਖਬਰ ਸਾਹਮਣੇ ਆਈ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰੇ ਅਤੇ ਬੂਮ ਬੈਰੀਅਰ ਵੀ ਤੋੜ ਦਿੱਤੇ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਭੰਨਤੋੜ ਕਰਨ ਵਾਲੇ ਵਿਅਕਤੀ ਕਿਸੇ ਮਾਮਲੇ ’ਤੇ ਵਿਰੋਧ ਕਰਨ ਲਈ ਆਏ ਸਨ। ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਅਤੇ ਕੇਜਰੀਵਾਲ ਦੇ ਘਰ ’ਤੇ ਹੋਏ ਹਮਲੇ ਨੂੰ ਕਾਇਰਤਾ ਵਾਲੀ ਹਰਕਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਹੱਥੋਂ ਕਰਾਰੀ ਹਾਰ ਮਿਲਣ ਕਾਰਨ ਭਾਜਪਾ ਦੀ ਬੌਖਲਾਹਟ ਸਾਫ ਨਜ਼ਰ ਆ ਰਹੀ ਹੈ। ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਭਾਜਪਾ ਨੂੰ ਸਿਰਫ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੋਂ ਡਰ ਲੱਗਦਾ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਪੰਜਾਬ ਦੇ ਸਾਰੇ ‘ਆਪ’ ਆਗੂਆਂ ਨੇ ਕੇਜਰੀਵਾਲ ਦੇ ਘਰ ’ਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ‘ਆਪ’ ਆਗੂਆਂ ਨੇ ਕੇਜਰੀਵਾਲ ਦੇ ਘਰ ’ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ’ਤੇ ਆਰੋਪ ਲਗਾਏ ਹਨ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਵੀ ਆਮ ਆਦਮੀ ਪਾਰਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।