ਭਗਵੰਤ ਮਾਨ ਨੇ ਕਿਹਾ, ਸਕੂਲਾਂ ਦੀਆਂ ਵਰਦੀਆਂ ਅਤੇ ਕਿਤਾਬਾਂ ਵੀ ਮਾਪੇ ਆਪਣੀ ਸਹੂਲਤ ਅਨੁਸਾਰ ਖਰੀਦ ਸਕਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਸਕੂਲਾਂ ਵਲੋਂ ਵਧਾਈਆਂ ਜਾਂਦੀਆਂ ਫੀਸਾਂ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸਿੱਖਿਆ ਨਾਲ ਸਬੰਧਤ ਦੋ ਵੱਡੇ ਫੈਸਲੇ ਲਏ ਗਏ ਹਨ। ਭਗਵੰਤ ਮਾਨ ਵਲੋਂ ਤੁਰੰਤ ਪ੍ਰਭਾਵ ਨਾਲ ਨਿੱਜੀ ਸਕੂਲਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇਸ ਸਮੈਸਟਰ ਤੋਂ ਇਕ ਰੁਪਈਆ ਵੀ ਫੀਸ ਨਹੀਂ ਵਧਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਫੀਸ ਵਧਾਉਣ ਬਾਰੇ ਆਉਣ ਵਾਲੇ ਦਿਨਾਂ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਈ ਵੀ ਸਕੂਲ ਪ੍ਰਸ਼ਾਸਨ ਵਿਦਿਆਰਥੀਆਂ ਲਈ ਵਰਦੀ ਅਤੇ ਕਿਤਾਬਾਂ ਦੀ ਖਰੀਦ ਲਈ ਕਿਸੇ ਖਾਸ ਦੁਕਾਨ ਦਾ ਪਤਾ ਨਹੀਂ ਦੱਸ ਸਕੇਗਾ ਅਤੇ ਮਾਪੇ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਦੁਕਾਨ ਤੋਂ ਵਰਦੀ ਅਤੇ ਕਿਤਾਬਾਂ ਖਰੀਦ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਕਿਸੇ ਵੀ ਤਰ੍ਹਾਂ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਤੋਂ ਬਾਅਦ ਇਕ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅਜੇ ਲੰਘੀ 16 ਮਾਰਚ ਨੂੰ ਹੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।