4 ਮਾਰਚ ਨੂੰ ਸ਼ਰਾਬ ਘੋਟਾਲਾ ਮਾਮਲੇ ’ਚ ਪੁੱਛਗਿੱਛ ਕਰਨ ਲਈ ਸੱਦਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 27 ਫਰਵਰੀ ਦਿਨ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 8ਵਾਂ ਸੰਮਨਾ ਭੇਜਿਆ ਗਿਆ ਹੈ। ਇਸ ਸੰਮਨ ਰਾਹੀਂ ਉਨ੍ਹਾਂ ਨੂੰ 4 ਮਾਰਚ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਜਦਕਿ 7ਵੇਂ ਸੰਮਨ ਰਾਹੀਂ ਉਨ੍ਹਾਂ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪ੍ਰੰਤੂ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਉਧਰ 7ਵੇਂ ਸੰਮਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮਾਮਲਾ ਕੋਰਟ ਵਿਚ ਹੈ ਅਤੇ ਇਸ ਸਬੰਧੀ ਸੁਣਵਾਈ ਆਉਂਦੀ 16 ਮਾਰਚ ਨੂੰ ਹੋਣੀ ਹੈ। ਇਸ ਲਈ ਈਡੀ ਨੂੰ ਵਾਰ-ਵਾਰ ਸੰਮਨ ਭੇਜਣ ਦੀ ਬਜਾਏ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਈਡੀ ਨੇ ਲੰਘੀ 17 ਫਰਵਰੀ, 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ 2023 ਨੂੰ ਅਤੇ 2 ਨਵੰਬਰ 2023 ਨੂੰ ਵੀ ਕੇਜਰੀਵਾਲ ਨੂੰ ਸੰਮਨ ਭੇਜਿਆ ਸੀ। ਪ੍ਰੰਤੂ ਹੁਣ ਤੱਕ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਜਦਕਿ ਆਮ ਆਦਮੀ ਪਾਰਟੀ ਈਡੀ ਦੇ ਸੰਮਨਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੀ ਆਈ ਹੈ।