10.6 C
Toronto
Friday, September 25, 2026
spot_img
Homeਕੈਨੇਡਾਟੀ.ਪੀ.ਏ.ਆਰ.ਕਲੱਬ ਦੇ 34 ਮੈਬਰਾਂ ਨੇ ਪੀਟਰਬੋਰੋ ਵਿਖੇ 'ਮੋਨਾਰਕ ਬਟਰਫ਼ਲਾਈ 10 ਕਿਲੋਮੀਟਰ ਦੌੜ'...

ਟੀ.ਪੀ.ਏ.ਆਰ.ਕਲੱਬ ਦੇ 34 ਮੈਬਰਾਂ ਨੇ ਪੀਟਰਬੋਰੋ ਵਿਖੇ ‘ਮੋਨਾਰਕ ਬਟਰਫ਼ਲਾਈ 10 ਕਿਲੋਮੀਟਰ ਦੌੜ’ ਵਿਚ ਲਿਆ ਹਿੱਸਾ

ਬਰੈਂਪਟਨ/ਡਾ. ਝੰਡ
ਸੰਗਤਰੇ ਅਤੇ ਕਾਲ਼ੇ ਖੰਭਾਂ ਵਾਲੀਆਂ ਵੱਡੇ ਸਾਈਜ਼ ਦੀਆਂ ‘ਮੋਨਾਰਕ’ ਕਿਸਮ ਦੀਆਂ ਵੱਖਰੀ ਦਿੱਖ ਵਾਲੀਆਂ ਤਿਤਲੀਆਂ ਦੇ ਸ਼ਹਿਰ ਪੀਟਰਬੋਰੋ ਵਿਖੇ ਹਰ ਸਾਲ ਕਰਵਾਈ ਜਾਂਦੀ 10 ਕਿਲੋਮੀਟਰ ਦੌੜ ਵਿੱਚ ਟੀ.ਪੀ.ਏ.ਆਰ.ਕਲੱਬ ਦੇ 34 ਮੈਬਰਾਂ ਨੇ ਇਸ ਵਾਰ ਵੀ ਬੜੇ ਸ਼ੌਕ ਤੇ ਉਤਸ਼ਾਹ ਨਾਲ ਭਾਗ ਲਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਕਲੱਬ ਦੇ ਮੈਂਬਰਾਂ ਦੀਆਂ ਟੀ-ਸਰਟਾਂ ਵੀ ਸੰਗਤਰੇ ਰੰਗ ਦੀਆਂ ਹੀ ਹਨ ਅਤੇ ਇਨ੍ਹਾਂ ਵਿੱਚ ਦੋਹਾਂ ਸਾਈਡਾਂ ਉੱਪਰ ਦੋ ਕਾਲ਼ੀਆਂ ਧਾਰੀਆਂ ਵੀ ਹਨ। ਇਸ ਤਰ੍ਹਾਂ ਇਹ ਟੀ-ਸ਼ਰਟਾਂ ਮੋਨਾਰਕ ਤਿਤਲੀਆਂ ਨਾਲ ਮੇਲ਼ ਖਾਂਦੀਆਂ ਹਨ। ਇਸ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲੈਣ ਲਈ ਕਲੱਬ ਦੇ ਮੈਂਬਰ ਸਵੇਰੇ 6.30 ਵਜੇ ਬਰੈਂਪਟਨ ਦੇ ਏਅਰਪੋਰਟ ਰੋਡ ‘ਤੇ ਕੰਟਰੀਸਾਈਡ ਇੰਟਰਸੈੱਕਸ਼ਨ ਵਾਲੇ ਪਲਾਜ਼ੇ ਦੀ ਪਾਰਕਿੰਗ ਵਿੱਚ ‘ਕੁਲਵੰਤ ਧਾਲੀਵਾਲ ਦੇ ਸਬਵੇਅ’ ਦੇ ਸਾਹਮਣੇ ਇਕੱਠੇ ਹੋਏ ਅਤੇ ਆਪਣੇ ਸਾਥੀਆਂ ਦੀ 10 ਕੁ ਮਿੰਟ ਉਡੀਕ ਕਰਨ ਲੱਗੇ। ਇਸ ਦੌਰਾਨ ਵਾਰਡ ਨੰਬਰ 9-10 ਤੋਂ ਰੀਜਨਲ ਕੌਂਸਲਰ ਦੀ ਚੋਣ ਲੜ ਰਹੇ ਸਤਪਾਲ ਸਿੰਘ ਜੌਹਲ ਵੀ ਉੱਥੇ ਉਨ੍ਹਾਂ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਵੱਲੋਂ ਇਸ ‘ਮੋਨਾਰਕ ਬਟਰਫ਼ਲਾਈ ਰਨ’ ਵਿੱਚ ਸ਼ਾਮਲ ਹੋਣ ਵਾਲੇ ਦੌੜਾਕਾਂ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।
ਉਪਰੰਤ, ਸਾਰੇ ਮੈਂਬਰ ਬੱਸ ਵਿੱਚ ਸਵਾਰ ਹੋ ਗਏ ਅਤੇ ਆਪਣੀ ਮੰਜ਼ਲ ਵੱਲ ਚੱਲ ਪਏ। ਰਸਤੇ ਵਿੱਚ ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਨੂੰ ਗੋਰਵੇਅ ਤੇ ਡੈਰੀ ਦੇ ਇੰਟਰਸੈੱਕਸ਼ਨ ਦੇ ਨੇੜਿਉਂ ਨਾਲ ਲਿਆ ਅਤੇ ਫਿਰ ਡਰਾਈਵਰ ਨੇ ਬੱਸ ਨੂੰ ਪੀਟਰਬੋਰੋ ਦੇ ਰਸਤੇ ਪਾ ਲਿਆ। ਸਾਢੇ ਨੌਂ ਵਜੇ ਦੇ ਕਰੀਬ ਬੱਸ ਪੀਟਰਬੋਰੋ ਦੇ ਦੌੜ ਦੇ ਆਰੰਭ ਹੋਣ ਵਾਲੇ ਸਥਾਨ ਦੇ ਨੇੜੇ ਪਹੁੰਚ ਗਈ। ਦੌੜ ਦੇ ਪ੍ਰਬੰਧਕਾਂ ਵਿੱਚੋਂ ਕੋਚ-ਨੁਮਾ ਇੱਕ ਵਿਅੱਕਤੀ ਵੱਲੋਂ ਦੌੜਾਕਾਂ ਨੂੰ 10 ਕੁ ਮਿੰਟ ਸਰੀਰ ਨੂੰ ਗਰਮ ਕਰਨ ਵਾਲੀਆਂ ਕੁਝ ਵਰਜਿਸ਼ਾਂ ਕਰਵਾਈਆਂ ਗਈਆਂ ਅਤੇ ਫਿਰ ਦੌੜ ਦੇ ਨਿਰਧਾਰਤ ਸਮੇਂ ਠੀਕ 10.00 ਵਜੇ ਇਸ 10 ਕਿਲੋਮੀਟਰ ਦੌੜ ਦੇ ‘ਆਰੰਭਕੀ-ਸਥਾਨ’ (ਸਟਾਰਟਿੰਗ ਪੋਆਇੰਟ) ਤੋਂ ‘ਹੂਟਰ’ ਦੀ ਬੁਲੰਦ ਆਵਾਜ਼ ਨਾਲ ਪ੍ਰਬੰਧਕਾਂ ਵੱਲੋਂ ਇਹ ਦੌੜ ਸ਼ੁਰੂ ਕਰਵਾ ਦਿੱਤੀ ਗਈ। ਦੌੜ ਦਾ ਸਾਰਾ ਰਸਤਾ ਬੜਾ ਰਮਣੀਕ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ ਅਤੇ ਦੌੜਾਕਾਂ ਨੇ ਦੌੜਦਿਆਂ ਹੋਇਆਂ ਇਸ ਖ਼ੂਬਸੂਰਤ ਮੰਜ਼ਰ ਨੂੰ ਖ਼ੂਬ ਮਾਣਿਆਂ।
ਘੰਟੇ ਕੁ ਬਾਅਦ ਹੀ ਦੌੜਾਕ ਵਾਪਸ ‘ਫਿਨਿਸ਼ ਪੋਆਇੰਟ’ ਜੋ ਇਸ ਦੌੜ ਦਾ ‘ਸਟਾਰਟਿੰਗ ਪੋਆਇੰਟ’ ਵੀ ਸੀ, ਵੱਲ ਆਉਣੇ ਸ਼ੁਰੂ ਹੋ ਗਏ ਅਤੇ ਕਈਆਂ ਨੇ ਇਸਦੇ ਲਈ ਵਧੇਰੇ ਸਮਾਂ ਵੀ ਲਿਆ। ਇਨਾਮ-ਵੰਡ ਸਮਾਗਮ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ‘ਤੇ ਆਉਣ ਵਾਲਿਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਦਿੱਤੇ ਗਏ ਅਤੇ ਦੌੜ ਵਿੱਚ ਸ਼ਾਮਲ ਹੋਣ ਵਾਲੇ ਰਜਿਸਟਰਡ ਦੌੜਾਕਾਂ ਨੂੰ ਮੋਨਾਰਕ ਤਿਤਲੀ ਦੀ ਸ਼ਕਲ ਦੇ ਮੈਡਲ ਦਿੱਤੇ ਗਏ। ਇਸ ਦੌਰਾਨ ਕੁਝ ਲੜਕੇ ਤੇ ਲੜਕੀਆਂ ਵੱਲੋਂ ਖ਼ੂਬਸੂਰਤ ਡਾਂਸ ਪੇਸ਼ ਕੀਤਾ ਗਿਆ ਜਿਸ ਦੀ ਸਾਰੇ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਹੋਈ।
ਇੱਥੋਂ ਵਿਹਲੇ ਹੋ ਕੇ ਕਲੱਬ ਦੇ ਮੈਂਬਰ ਬੱਸ ਵਿਚ ਸਵਾਰ ਹੋ ਕੇ ਇੱਕ ਪਾਰਕ ਵੱਲ ਚੱਲ ਪਏ ਅਤੇ ਉੱਥੇ ਪਹੁੰਚ ਕੇ ਆਪਣੇ ਨਾਲ ਲਿਆਂਦਾ ਹੋਇਆ ਭੋਜਨ ਗਰਮ ਕਰਕੇ ਛਕਿਆ। ਇਸ ਦੌਰਾਨ ਮਿਊਜ਼ਿਕ ਸਿਸਟਮ ਉੱਪਰ ਪੰਜਾਬੀ ਗਾਣੇ ਚਲਾ ਕੇ ਕੁਝ ਮੈਂਬਰਾਂ ਵੱਲੋਂ ਖ਼ੂਬ ਭੰਗੜਾ ਪਾਇਆ ਗਿਆ ਅਤੇ ਸ਼ੁਗਲ-ਮੇਲਾ ਕੀਤਾ ਗਿਆ। ਬਾਅਦ ਦੁਪਹਿਰ ਤਿੰਨ ਕੁ ਵਜੇ ਵਾਪਸੀ ਲਈ ਚਾਲੇ ਪਾਏ ਅਤੇ ਸ਼ਾਮੀਂ ਪੰਜ ਕੁ ਵਜੇ ਬਰੈਂਪਟਨ ਵਾਪਸ ਪਹੁੰਚੇ।

 

 

RELATED ARTICLES
POPULAR POSTS