‘ਸ਼ੂਟਿੰਗ ਫੈੱਡਰੇਸ਼ਨ ਆਫ ਕੈਨੇਡਾ’ ਦੀ ਕੁੱਕਸਟਾਊਨ ਵਿਖੇ ਹੋਈ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ
ਬਰੈਂਪਟਨ/ਡਾ. ਝੰਡ : ਸ਼ੂਟਿੰਗ ਫੈੱਡਰੇਸ਼ਨ ਆਫ ਕੈਨੇਡਾ ਦੀ 1 ਅਗੱਸਤ ਤੋਂ 7 ਅਗੱਸਤ ਤੱਕ ਕੁੱਕਸਟਾਊਨ ਵਿਖੇ ਹੋਏ ਕੈਨੇਡਾ ਨੈਸ਼ਨਲ ਟੂਰਨਾਮੈਂਟ ਵਿਚ ਕੈਨੇਡਾ ਦੇ ਸਾਰੇ ਰਾਜਾਂ ਤੇ ਟੈਰੀਟਰੀਆਂ ਦੇ ਸ਼ੂਟਰ ਸ਼ਾਮਲ ਹੋਏ। ਪੰਜਾਬ ਦੇ ਪਿਛੋਕੜ ਦੇ ਰਾਜਪ੍ਰੀਤ ਸਿੰਘ ਜਿਸ ਨੇ ਲੱਗਭੱਗ ਦੋ ਮਹੀਨੇ ਪਹਿਲਾਂ ਹੋਈ ‘ਕੈਨੇਡੀਅਨ ਏਅਰਗੰਨ ਗਰੈਂਡ ਪਰਿਕਸ ਇੰਟਰਨੈਸ਼ਨਲ ਚੈਂਪੀਅਨਸ਼ਿਪ’ ਵਿਚ ਦੋ ਸੋਨ-ਤਮਗੇ ਜਿੱਤੇ ਸਨ, ਵੱਲੋਂ ਵੀ ਇਸ ਟੂਰਨਾਮੈਂਟ ਵਿਚ ਭਾਗ ਲਿਆ ਗਿਆ।
ਰਾਜਪ੍ਰੀਤ ਨੇ 2022 ਅਤੇ ਇਸ ਤੋਂ ਪਿਛਲੇ ਨੈਸ਼ਨਲ ਟੂਰਨਾਮੈਂਟਾਂ ਦੀ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਦੇ ਹੋਏ ਇਸ ਟੂਰਨਾਮੈਂਟ ਵਿਚ ਵੀ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਆਪ ਨੂੰ ਕੈਨੇਡਾ ਦਾ ‘ਟੌਪ-ਸਕੋਰਰ’ ਸਾਬਤ ਕਰਦਿਆਂ ਹੋਇਆਂ ਬਾਖੂਬੀ ਨਾਮਣਾ ਖੱਟਿਆ ਹੈ। ਹੁਣ ਬੱਸ ਉਸ ਦੇ ਕੈਨੇਡਾ ਦੇ ਪੱਕੇ-ਵਾਸੀ (ਪੀ.ਆਰ.) ਬਣਨ ਦੀ ਅੜਿੱਚਣ ਹੀ ਬਾਕੀ ਰਹੀ ਗਈ ਹੈ ਅਤੇ ਇਸ ਨੂੰ ਪਾਰ ਕਰਨ ਤੋਂ ਬਾਅਦ ਉਹ ਕੈਨੇਡਾ ਵੱਲੋਂ ਸਾਰੇ ਇੰਟਰਨੈਸ਼ਨਲ ਟੂਰਨਾਮੈਂਟਾਂ ਵਿਚ ਭਾਗ ਲੈ ਸਕਦਾ ਹੈ। ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਪੂਰੀ ਉਮੀਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਇਸ ਸਬੰਧੀ ਜਲਦੀ ਹੀ ਕਾਰਵਾਈ ਪੂਰੀ ਕਰ ਲਈ ਜਾਏਗੀ ਅਤੇ ਫਿਰ ਰਾਜਪ੍ਰੀਤ ਲਈ ਕੈਨੇਡਾ ਵੱਲੋਂ ਉਲੰਪਿਕਸ-2024 ਵਿਚ ਜਾਣ ਵਾਲੀ ਟੀਮ ਦਾ ਮੈਂਬਰ ਬਣਨ ਲਈ ਰਾਹ ਪੱਧਰਾ ਹੋ ਜਾਏਗਾ।
ਰਾਜਪ੍ਰੀਤ ਦੇ ਤਾਇਆ ਜੀ ਹਰਜੀਤ ਸਿੰਘ ਨੇ ਇਸ ਦੇ ਬਾਰੇ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਕੈਨੇਡਾ ਸਰਕਾਰ ਨੂੰ ਕੈਨੇਡਾ ਦੇ ਇਕ ਉੱਤਮ ਸ਼ੂਟਰ ਰਾਜਪ੍ਰੀਤ ਨੂੰ ਪੀ.ਆਰ. ਮਨਾਉਣ ਦੀ ਕਾਰਵਾਈ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਉਸ ਨੂੰ ਉਲੰਪਿਕਸ-2024 ਲਈ ਤਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਉਸ ਦੀ ਵਿੱਤੀ-ਸਹਾਇਤਾ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਭਾਰਤ ਵਿਚ ਪੜ੍ਹਦਿਆਂ ਸ਼ੂਟਿੰਗ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਤਿਆਰੀ ਅਤੇ ਇਨ੍ਹਾਂ ਵਿਚ ਉਸ ਦੀ ਸ਼ਮੂਲੀਅਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਲੱਗਭੱਗ ਇਕ ਕਰੋੜ ਰੁਪਏ ਦਾ ਖਰਚਾ ਕੀਤਾ ਜਾ ਚੁੱਕਾ ਹੈ। ਇਸ ਦੇ ਲਈ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਹੀ ਉਸ ਦੀ ਕੋਈ ਮਾਇਕ ਮਦਦ ਕੀਤੀ ਗਈ ਹੈ।
ਕੈਨੇਡਾ ਵਿਚ ਹੋਏ ਇਨ੍ਹਾਂ ਸ਼ੂਟਿੰਗ ਮੁਕਾਬਲਿਆਂ ਦੀ ਤਿਆਰੀ ਲਈ ਵੀ ਸਾਰਾ ਖ਼ਰਚ ਪਰਿਵਾਰ ਵੱਲੋਂ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਲੰਪਿਕਸ ਵਿਚ ਜਾਣ ਦਾ ਰਾਜਪ੍ਰੀਤ ਦਾ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਓਨਟਾਰੀਓ ਦੀ ਸੂਬਾ ਸਰਕਾਰ ਅਤੇ ਕੈਨੇਡਾ ਦੀ ਫ਼ੈੱਡਰਲ ਸਰਕਾਰ ਉਸ ਦੀ ਹੌਸਲਾ-ਅਫ਼ਜ਼ਾਈ ਅਤੇ ਵਿੱਤੀ ਮਦਦ ਕਰੇ।