Breaking News
Home / ਕੈਨੇਡਾ / ਵਿਦੇਸ਼ੀ ਵਿਦਿਆਰਥੀਆਂ ਦਾ ਸ਼ੋਸ਼ਣ ਰੋਕਣ ਲਈ, ਉਨ੍ਹਾਂ ਦੇ ਕੰਮ ਕਰਨ ‘ਤੇ ਲੱਗੀਆਂ ਪਾਬੰਦੀਆਂ ਹਟਾਓ

ਵਿਦੇਸ਼ੀ ਵਿਦਿਆਰਥੀਆਂ ਦਾ ਸ਼ੋਸ਼ਣ ਰੋਕਣ ਲਈ, ਉਨ੍ਹਾਂ ਦੇ ਕੰਮ ਕਰਨ ‘ਤੇ ਲੱਗੀਆਂ ਪਾਬੰਦੀਆਂ ਹਟਾਓ

ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਸਰਕਾਰ ਤੋਂ ਮੰਗ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਕਾਰਜਕਰਨੀ ਦੀ ਲੰਘੇ ਬੁੱਧਵਾਰ ਨੂੰ ਹੋਈ ਮੀਟਿੰਗ ਵਿਚ ਹੋਰ ਵਿਸ਼ਿਆਂ ਤੋਂ ਇਲਾਵਾ ਕੈਨੇਡਾ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਦਾ ਸ਼ੋਸ਼ਣ ਰੋਕਣ ਲਈ ਕੈਨੇਡਾ ਸਰਕਾਰ ਤੋਂ ਇਨ੍ਹਾਂ ਦੇ ਕੰਮ ਕਰਨ ‘ਤੇ ਲਾਈਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ। ਮੈਂਬਰਾਂ ਦਾ ਵਿਚਾਰ ਸੀ ਕਿ ਇਨ੍ਹਾਂ ਪਾਬੰਦੀਆਂ ਕਾਰਨ ਅਪਣੇ ਖਰਚੇ ਪੂਰੇ ਕਰਨ ਲਈ ਕਈ ਵਾਰ ਉਨ੍ਹਾਂ ਨੂੰ ਕਾਨੂੰਨ ਮੁਤਾਬਿਕ ਮਨਜ਼ੂਰ ਘੰਟਿਆਂ ਤੋਂ ਵੱਧ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਕਈ ਰੁਜ਼ਗਾਰ ਦੇਣ ਵਾਲੇ, ਆਨੇ ਬਹਾਨੇ ਉਨ੍ਹਾਂ ਦੀ ਲੁੱਟ ਕਰਦੇ ਹਨ। ਇਸ ਮੀਟਿੰਗ ਵਿਚ ਕਈ ਅਦਾਰਿਆਂ ਵਲੋਂ ਕੁਝ ਕੁ ਗੁੰਮਰਾਹ ਹੋਈਆਂ ਪੰਜਾਬੀ ਵਿਦਿਆਰਥਣਾਂ ਦੇ ਸਮਾਜ ਵਿਰੋਧੀ ਤੱਤਾਂ ਦੇ ਚੁੰਗਲ ਵਿਚ ਫੱਸ ਕੇ ਗਲਤ ਰਾਹ ਪੈਣ ਦੀ ਗੱਲ ਨੂੰ ਵਧਾ ਚੜਾਅ, ਸਨਸਨੀਖੇਜ਼ ਬਣਾ ਕੇ ਵੱਡੇ ਪੱਧਰ ‘ਤੇ ਉਨ੍ਹਾਂ ਵਿਚ ਵੇਸਵਾ ਗਮਨੀ ਦੇ ਹੋਣ ਦਾ ਪ੍ਰਚਾਰ ਕਰਨ ਦੀ ਨਿੰਦਾ ਕੀਤੀ ਗਈ।
ਜੂਮ ਮੀਟਿੰਗ ਜਿਸ ਵਿਚ ਬੀ ਸੀ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਦੇ ਨੁਮਾਇੰਦਿਆਂ ਨੇ ਭਾਗ ਲਿਆ, ਦੋ ਘੰਟਿਆਂ ਤੋਂ ਵੱਧ ਸਮਾਂ ਚੱਲੀ। ਜਥੇਬੰਦੀ ਦੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ, ਵਿਦੇਸ਼ੀ ਖਾਸਕਰ ਪੰਜਾਬੀ ਵਿਦਿਆਰਥੀਆਂ ਵਲੋਂ ਆਪਣੇ ਸਾਥੀਆਂ ਦੇ ਸ਼ੋਸ਼ਣ ਵਿਰੁੱਧ ਚਲਾਈ ਜਾ ਰਹੀ ਜਦੋ ਜਹਿਦ ਬਾਰੇ ਹੋਈ ਬਹਿਸ ਵਿਚ, ਇਸ ਸ਼ੋਸ਼ਣ ਦਾ ਮੁੱਖ ਕਾਰਨ ਸਰਕਾਰ ਵਲੋਂ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਕਰਨ ‘ਤੇ ਲਾਈਆਂ ਰੋਕਾਂ ਨੂੰ ਮੰਨਿਆ ਗਿਆ। ਬੀਤੇ ਕਈ ਦਹਾਕਿਆਂ ਤੋਂ ਸਰਕਾਰ ਵਲੋਂ ਕਾਲਜਾਂ ਯੂਨੀਵਰਸਟੀਆਂ ਦੇ ਫੰਡਾਂ ਵਿਚ ਕਟੌਤੀ ਕਰਕੇ, ਉਨ੍ਹਾਂ ਨੰ ਆਤਮ ਨਿਰਭਰ ਹੋਣ ਦੀ ਸਰਕਾਰ ਦੀ ਦੁਹਾਈ ਦਾ ਨਤੀਜਾ ਹੈ ਕਿ ਇਹ ਸਿਖਿਆ ਦੇ ਅਦਾਰੇ, ਫੀਸਾਂ ਦੇ ਰੂਪ ਵਿਚ ਵੱਡੀਆਂ ਰਕਮਾਂ, ਖਾਸਕਰ ਵਿਦੇਸ਼ੀ ਵਿਦਿਆਰਥੀਆਂ ਤੋਂ, ਇਕੱਠੀਆਂ ਕਰਨ ਵਿਚ ਜੁੱਟੇ ਹੋਏ ਹਨ। ਚੰਗੇ ਭਵਿੱਖ ਦੀ ਉਮੀਦ ਵਿਚ ਕਈ ਦੇਸ਼ਾਂ ਤੋਂ, ਹੇਠਲੇ ਮੱਧ ਵਰਗ ਵਿਚੋਂ, ਭਾਰੀ ਰਕਮਾਂ ਖਰਚ ਕੇ ਆ ਰਹੇ ਵਿਦਿਆਰਥੀਆਂ ‘ਤੇ ਇਹ ਫੀਸਾਂ ਤਲਵਾਰ ਵਾਂਗ ਲਟਕਦੀਆਂ ਰਹਿੰਦੀਆਂ ਹਨ ਅਤੇ ਉਹ ਇਨ੍ਹਾਂ ਅਤੇ ਹੋਰ ਰਹਿਣ ਸਹਿਣ ਦੇ ਖਰਚਿਆਂ ਨੂੰ ਪੂਰੇ ਕਰਨ ਲਈ ਕਈ ਵਾਰ, ਕਨੂੰਨੀ ਹੱਦ ਤੋਂ ਵੱਧ ਘੰਟੇ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਇਸ ਦਾ ਫਾਇਦਾ ਕਈ ਰੁਜ਼ਗਾਰ ਦੇਣ ਵਾਲੇ ਲੈਂਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਉਚਿੱਤ ਉਜਰਤ ਨਹੀਂ ਦਿੰਦੇ ਅਤੇ ਕਈ ਵਾਰ ਤਾਂ ਕੰਮ ਕਰਵਾਉਣ ਬਾਅਦ ਬਣਦੀ ਰਕਮ ਤੋਂ ਮੁਨਕਰ ਹੀ ਹੋ ਜਾਂਦੇ ਹਨ। ਮੈਂਬਰਾਂ ਵਲੋਂ ਆਪਣੀ ਬਣਦੀ ਉਜਰਤ ਲੈਣ ਲਈ, ਜਦੋ ਜਹਿਦ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਇਹ ਲੁੱਟ ਰੋਕਣ ਲਈ, ਵਿਦੇਸ਼ੀ ਵਿਦਿਆਰਥੀਆਂ ਨੂੰ ਇਥੋਂ ਦੇ ਵਿਦਿਆਰਥੀਆਂ ਬਰਾਬਰ ਕੰਮ ਕਰਨ ਦੀ ਇਜ਼ਾਜ਼ਤ ਦੇਵੇ। ਮੌਨਟਰੀਅਲ ਵਿਚ ਤਿੰਨ ਕਾਲਜਾਂ ਵਲੋਂ ਅਪਣੇ ਆਪ ਨੂੰ, ਲੱਖਾਂ ਡਾਲਰਾਂ ਦੀ ਲੁੱਟ ਕਰਨ ਉਪਰੰਤ, ਦਿਵਾਲੀਆ ਕੱਢ, ਵਿਦਿਆਰਥੀਆਂ ਦੇ ਭਵਿਖ ਨੂੰ ਖਤਰੇ ਵਿਚ ਪਾਉਣ ਦੀ ਵੀ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਇਨ੍ਹਾਂ ਵਿਦਿਆਥੀਆਂ ਦੀ ਪੜ੍ਹਾਈ ਦੂਸਰੇ ਕਾਲਜਾਂ ਵਿਚ ਮੁਕੱਮਲ ਕਰਵਾਉਣ ਦੇ ਇੰਤਜ਼ਾਮ ਕਰਨ ਦੀ ਮੰਗ ਵੀ ਕੀਤੀ ਗਈ।
ਸੋਸ਼ਲ ਮੀਡੀਏ ਅਤੇ ਕੁਝ ਕੁ ਹੋਰ ਚੈਨਲਾਂ ‘ਤੇ ਵਿਦੇਸ਼ੀ ਵਿਦਿਆਰਥਣਾ ਵਿਚ ਵੱਡੇ ਪੱਧਰ ‘ਤੇ ਵੇਸਵਾ ਗਮਨੀ ਦੇ ਗੁਮਰਾਹ ਕੁੰਨ ਭੰਡੀ ਪ੍ਰਚਾਰ ਦੀ ਵੀ ਇਸ ਮੀਟਿੰਗ ਵਿਚ ਨਿੰਦਾ ਕੀਤੀ ਗਈ। ਮੈਂਬਰਾਂ ਦਾ ਵਿਚਾਰ ਸੀ ਕਿ ਸਮਾਜ ਦੇ ਦੂਸਰੇ ਵਰਗਾਂ ਵਾਂਗ, ਬੇਸ਼ੱਕ ਕੁਝ ਕੁ ਗੁਮਰਾਹ ਹੋਈਆਂ ਪੰਜਾਬੀ ਵਿਦਿਅਰਥਣਾਂ ਦੇ ਸਮਾਜ ਵਿਰੋਧੀ ਤੱਤਾਂ ਦੇ ਚੁੰਗਲ ਵਿਚ ਫੱਸ ਕੇ ਗਲਤ ਰਾਹ ਪੈਣ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਸ ਨੂੰ ਵਧਾ ਚੜ੍ਹਾਅ, ਸਨਸਨੀਖੇਜ਼ ਬਣਾ ਕੇ ਵੱਡੇ ਪੱਧਰ ‘ਤੇ ਉਨ੍ਹਾਂ ਵਿਚ ਵੇਸਵਾ ਗਮਨੀ ਦੇ ਹੋਣ ਦਾ ਪ੍ਰਚਾਰ ਕਰਨਾ ਗਲਤ ਹੈ, ਜਿਸ ਨੇ ਪੰਜਾਬ ਬੈਠੇ, ਲੜਕੀਆਂ ਦੇ ਮਾਪਿਆਂ ਵਿਚ ਬੇਲੋੜੀ ਚਿੰਤਾ ਬਣਾਈ ਹੈ। ਕੁਝ ਕੁ ਲੜਕੀਆਂ ਦੇ ਗਲਤ ਰਸਤੇ ਪੈਣ ਦਾ ਕਾਰਨ ਵੀ ਆਰਥਿਕ ਹੀ ਹੈ, ਜਿਸ ਨੂੰ ਵੱਡੀ ਹੱਦ ਤੱਕ, ਵਿਦਿਆਰਥੀਆਂ ਨੂੰ ਮਰਜ਼ੀ ਮੁਤਾਬਿਕ ਕੰਮ ਕਰਨ ਦੀ ਖੁੱਲ ਦੇਣ ਨਾਲ ਘਟਾਇਆ ਜਾ ਸਕਦਾ ਹੈ।
ਮੀਟਿੰਗ ਵਿਚ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੀ ਮੈਂਬਰਾਂ ਵਲੋਂ ਸੁਝਾਅ ਦਿੱਤੇ ਗਏ, ਜਿਨ੍ਹਾਂ ਨੂੰ ਆਉਂਦੇ ਸਮੇਂ ਵਿਚ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …