Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦੇ ਪ੍ਰੋਗਰਾਮ ਵਿੱਚ ਐਡਵੋਕੇਟ ਹਰਿੰਦਰ ਲਾਲੀ ਵਲੋਂ ਅੰਧ ਵਿਸ਼ਵਾਸ਼ ‘ਤੇ ਲੈਕਚਰ

ਤਰਕਸ਼ੀਲ ਸੁਸਾਇਟੀ ਦੇ ਪ੍ਰੋਗਰਾਮ ਵਿੱਚ ਐਡਵੋਕੇਟ ਹਰਿੰਦਰ ਲਾਲੀ ਵਲੋਂ ਅੰਧ ਵਿਸ਼ਵਾਸ਼ ‘ਤੇ ਲੈਕਚਰ

ਪ੍ਰੋ. ਸੁਖਪਾਲ ਵਲੋਂ ਕਿਸਾਨ ਖੁਦਕਸ਼ੀਆਂ ਬਾਰੇ ਚਰਚਾ
ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੀਗਲ ਮੁਖੀ ਐਡਵੋਕੇਟ ਹਰਿੰਦਰ ਲਾਲੀ ਮੁਖ ਮਹਿਮਾਨ ਵਜੋਂ ਹਾਜਰ ਹੋਏ। ਚਾਹ ਪਾਣੀ ਤੋਂ ਬਾਅਦ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਨੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ। ਇਸ ਤੇ ਕੌਮਾਂਤਰੀ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਐਡਵੋਕੇਟ ਹਰਿੰਦਰ ਲਾਲੀ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਵਾਈ।
ਇਸ ਉਪਰੰਤ ਮੁਖ ਮਹਿਮਾਨ ਲਾਲੀ ਨੇ ਤਰਕਸੀਲਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਹਿਮ ਭਰਮ ਜਾਂ ਅੰਧ ਵਿਸ਼ਵਾਸ਼ ਮਨੁੱਖ ਦਾ ਉਹ ਨਿੱਜੀ ਵਰਤਾਰਾ ਹੈ ਜਿਸ ਵਿੱਚ ਉਹ ਕਿਸੇ ਡਰ ਵਿੱਚ ਭੂਤ ਪ੍ਰੇਤ, ਗੈਬੀ ਸ਼ਕਤੀਆ, ਰੂਹਾਂ, ਸ਼ਗਨ, ਅੱਪਸ਼ਗਨ ਵਰਗੀਆਂ ਗੱਲਾਂ ਵਿੱਚ ਬਿਨਾਂ ਸੋਚੇ ਸਮਝੇ ਸੁਤੇ ਸਿੱਧ ਹੀ ਵਿਸ਼ਵਾਸ਼ ਕਰਦਾ ਹੈ। ਬਚਪਨ ਵਿੱਚ ਸੁਣੀਆਂ ਸੁਣਾਈਆਂ ਗੱਲਾਂ, ਆਲੇ ਦੁਆਲੇ ਦੇ ਲੋਕਾਂ ਅਤੇ ਪ੍ਰਚਾਰਕਾਂ ਦੀਆਂ ਮਿੱਥ ਕਹਾਣੀਆਂ ਨੂੰ ਉਹ ਬਿਨਾਂ ਪੜਤਾਲ ਸੱਚ ਮੰਨਣ ਲਗਦਾ ਹੈ। ਉਸ ਨੂੰ ਉਸਦੀਆਂ ਨਿੱਜੀ ਸਮੱਸਿਆਵਾਂ ਜਿਵੇਂ ਗਰੀਬੀ, ਬਿਮਾਰੀ ਜਾਂ ਹੋਰ ਤਕਲੀਫ ਦਾ ਕੋਈ ਅਦਿੱਖ ਕਾਰਣ ਲਗਦਾ ਹੈ ਇਸ ਤਰ੍ਹਾਂ ਉਹ ਠੱਗ ਬਾਬਿਆਂ, ਤਾਂਤਰਿਕਾਂ, ਪੁਜਾਰੀਆਂ, ਜੋਤਸੀਆਂ ਆਦਿ ਦੇ ਚੱਕਰ ਵਿੱਚ ਫਸ ਕੇ ਆਪਣਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਵਾ ਬੈਠਦਾ ਹੈ। ਉਹਨਾਂ ਅੱਗੇ ਦੱਸਿਆ ਕਿ ਭਾਵੇਂ ਭਾਰਤੀ ਸੰਵਿਧਾਨ ਵਿੱਚ ਇਸ ਸਬੰਧੀ ਕਾਨੂੰਨ ਦਰਜ ਹਨ ਪਰ ਲੋਕਾਂ ਨੂੰ ਇਸ ਬਾਰੇ ਗਿਆਨ ਨਹੀਂ ਅਤੇ ਸਰਕਾਰ ਤਾਂ ਇਸ ਮਾਮਲੇ ਵਿੱਚ ਬਿੱਲਕੁੱਲ ਅਵੇਸਲੀ ਹੈ। ਪਰ ਤਰਕਸ਼ੀਲ ਲੋਕਾਂ ਨੂੰ ਚੇਤੰਨ ਕਰ ਰਹੇ ਹਨ। ਤਰਕਸ਼ੀਲ ਸੁਸਾਇਟੀ ਦੇ ਯਤਨਾਂ ਨਾਲ ਆਵਾਜ਼ ਪ੍ਰਦੂਸ਼ਣ ਦੀ ਰੋਕ ਲਈ ਉੱਚੀ ਆਵਾਜ ਵਿੱਚ ਸਪੀਕਰ ਲਾਉਣ ਤੇ ਹਾਈ ਕੋਰਟ ਵਲੋਂ ਪਾਬੰਦੀ ਲਗਾਈ ਗਈ ਹੈ। ਉਹਨਾਂ ਅੱਗੇ ਕਿਹਾ ਕਿ ਤਰਕਸ਼ੀਲਾਂ ਦੇ ਯਤਨਾਂ ਨਾਲ ਇੰਗਲੈਂਡ ਵਿੱਚ ਆਂਡਿਆਂ ਵਾਲੇ ਠੱਗ ਬਾਬੇ ਤੇ ਹੋਰਨਾਂ ਨੂੰ ਸਜਾ ਦਿਵਾਉਣ ਵਿੱਚ ਸਫਲਤਾ ਪ੍ਰਾਪਤ ਹੋਈ ਹੈ।
ਉਹਨਾਂ ਕਿਹਾ ਕਿ ਕੈਨੇਡਾ ਦੌਰੇ ਸਮੇਂ ਉਹ ਹਰ ਥਾਂ ‘ਤੇ ਅਜਿਹੇ ਸ਼ਾਤਰ ਲੋਕਾਂ ਤੋਂ ਬਚ ਕੇ ਰਹਿਣ ਲਈ ਯਤਨ ਅਤੇ ਪ੍ਰੇਰਣਾ ਕਰਨਾ ਹੈ। ਅੰਤ ਵਿੱਚ ਉਸ ਨੇ ਕਿਹਾ ਕਿ ਤਰਕਸ਼ੀਲਤਾ ਅਤੇ ਵਿਗਿਆਨਕ ਵਿਚਾਰਧਾਰਾ ਹੀ ਇਸ ਮਸਲੇ ਦਾ ਹੱਲ ਹੈ। ਇਸ ਤੋਂ ਬਾਅਦ ਡਾ: ਬਲਜਿੰਦਰ ਸੇਖੋਂ ਨੇ ਪੰਜਾਬ ਤੋਂ ਆਏ ਪੰਜਾਬ ਐਗਰੀਕਲਚਰ ਯੁਨੀਵਰਸਿਟੀ ਦੇ ਵਿਭਾਗੀ ਮੁਖੀ ਪ੍ਰੋ: ਸੁਖਪਾਲ ਦੀ ਸ਼ਖਸ਼ੀਅਤ ਬਾਰੇ ਦੱਸਿਆ ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ।
ਡਾ: ਸੁਖਪਾਲ ਨੇ ਅੰਕੜਿਆਂ ਸਹਿਤ ਕਿਸਾਨੀ ਖੁਦਕੁਸ਼ੀਆਂ ਬਾਰੇ ਆਪਣੇ ਤਜਰਬੇ ਅਤੇ ਖੋਜ ਤੇ ਆਧਾਰ ਤੇ ਕਿਹਾ ਕਿ ਖੁਸਹਾਲ ਕਹਾਉਂਦਾ ਸੂਬਾ ਹੁਣ ਖੁਦਕੁਸ਼ੀਆਂ ਦਾ ਮੋਹਰੀ ਸੂਬਾ ਬਣ ਚੁੱਕਾ ਹੈ। ਖੇਤ ਮਜਦੂਰ ਅਤੇ ਔਰਤਾਂ ਵੀ ਆਰਥਿਕ ਮੰਦਹਾਲੀ ਅਤੇ ਕਰਜੇ ਦੇ ਬੋਝ ਥੱਲੇ ਦੱਬੇ ਹੋਣ ਕਾਰਣ ਆਏ ਦਿਨ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ। ਇਸ ਬਾਰੇ ਇੱਕ ਪ੍ਰਚਾਰ ਇਹ ਵੀ ਕੀਤਾ ਜਾਂਦਾ ਹੈ ਕਿ ਕਿਸਾਨ ਸਮਾਜਿਕ ਕਾਰਜਾਂ ਤੇ ਲੋੜੋਂ ਵੱਧ ਖਰਚਾ ਕਰਦੇ ਹਨ। ਇਹ ਗੱਲ ਬਹੁਤ ਹੀ ਸੀਮਤ ਹੱਦ ਤੱਕ ਹੋ ਸਕਦੀ ਹੈ ਪਰ ਮੁੱਖ ਤੌਰ ‘ਤੇ ਕਿਸਾਨਾਂ ਦੀ ਮੰਦਹਾਲੀ ਲਈ ਸਰਕਾਰੀ ਪਾਲਸੀਆਂ ਜ਼ਿੰਮੇਵਾਰ ਹਨ ਤੇ ਕਿਸਾਨ ਮਜਬੂਰੀ ਵਿੱਚ ਜਮੀਨ ਵੇਚ ਕੇ ਮਜਦੂਰਾਂ ਦੀ ਸ਼੍ਰੈਣੀ ਵਿੱਚ ਸ਼ਾਮਲ ਹੋ ਰਹੇ ਹਨ। ਇਹ ਪੰਜਾਬ ਦੇ ਕਿਸਾਨਾਂ ਲਈ ਤ੍ਰਾਸਦੀ ਅਤੇ ਨਮੋਸ਼ੀ ਭਰੀ ਕਿਰਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਭਾਰੀ ਦਬਾਅ ਤੋਂ ਬਿਨਾਂ ਇਹ ਹਾਲਤ ਨਹੀਂ ਬਦਲ ਸਕਦੇ। ਹਾਜ਼ਰ ਲੋਕਾਂ ਵਲੋਂ ਬੁਲਾਰਿਆਂ ਨਾਲ ਸਵਾਲ ਜਵਾਬ ਕੀਤੇ ਗਏ ਜਿਹਨਾਂ ਦਾ ਉਹਨਾਂ ਵਲੋਂ ਤਸੱਲੀ ਅਤੇ ਠਰ੍ਹੱਮੇਂ ਨਾਲ ਜਵਾਬ ਦੇ ਕੇ ਸੰਤੁਸ਼ਟ ਕੀਤਾ ਗਿਆ।
ਅੰਤ ਵਿੱਚ ਆਏ ਸੁਸਾਇਟੀ ਵਲੋਂ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਬਲਦੇਵ ਰਹਿਪਾ ਦੇ ਪਰਿਵਾਰ ਵਲੋਂ ਬਲਦੇਵ ਰਹਿਪਾਂ ਦੀ ਨਵਜਨਮੀ ਪੋਤਰੀ ਦੇ ਜਨਮ ਦੀ ਖੁਸੀ ਵੱਚ ਚਾਹ ਪਾਣੀ ਦੀ ਸੇਵਾ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਸੁਸਾਇਟੀ ਬਾਰੇ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 , ਨਿਰਮਲ ਸੰਧੂ 416-835-3450 ਜਾਂ ਨਛੱਤਰ ਬਦੇਸ਼ਾ 647-267-3397 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …