‘ਮਹਿੰਗਾਈ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾਈ’
ਬਰੈਂਪਟਨ/ਹਰਜੀਤ ਬਾਜਵਾ : ਬਰੈਂਪਟਨ ਵਿੱਚ 26 ਅਕਤੂਬਰ ਨੂੰ ਆ ਰਹੀ ਮਿਊਂਸਪਲ ਚੋਣ ਲਈ ਇਨੀਂ ਦਿਨੀਂ ਲੋਕਾਂ ਨੂੰ ਘਰੋ-ਘਰੀ ਜਾ ਕੇ ਮਿਲ਼ ਰਹੇ ਨਾਮਵਰ ਪੱਤਰਕਾਰ ਅਤੇ ਵਾਰਡ 9-10 ਤੋਂ ਰਿਜਨਲ ਕੌਂਸਲ ਦੇ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਦੱਸਿਆ ਹੈ ਕਿ ਵਧੇ ਹੋਏ ਪ੍ਰਾਪਰਟੀ ਟੈਕਸ ਦੇ ਬਿੱਲ ਦੇਖ ਕੇ ਲੋਕ ਬਹੁਤ ਚਿੰਤਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਮਦਨ ਸਥਿਰ, ਪਰ ਹਰੇਕ ਤਰ੍ਹਾਂ ਦੀ ਮਹਿੰਗਾਈ ਵਧਦੀ ਹੋਣ ਕਰਕੇ ਆਮ ਬਰੈਂਪਟਨ ਵਾਸੀ ਆਪਣੇ ਗੁਜ਼ਾਰੇ ਚਲਾਉਣ ਅਤੇ ਬੱਚਿਆਂ ਦੇ ਭਵਿੱਖ ਪ੍ਰਤੀ ਚਿੰਤਤ ਹੈ।
ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਕੈਸਲਮੋਰ ਵਿੱਚ ਇਕ ਬੀਬੀ ਨੇ ਦੱਸਿਆ ਕਿ ਟੈਕਸ ਵਧਦੇ ਜਾ ਰਹੇ ਹਨ ਪਰ ਸਿਟੀ ਦੀਆਂ ਸੇਵਾਵਾਂ ਵਿੱਚ ਨਿਘਾਰ ਜਾਰੀ ਹੈ। ਇਹ ਵੀ ਕਿ ਬੀਤੇ ਕੁਝ ਸਾਲਾਂ ਦੌਰਾਨ ਸਿਟੀ ਵਲੋਂ ਉਨ੍ਹਾਂ ਦੇ ਘਰ ਦਾ ਮਿਊਂਸਪਲ ਟੈਕਸ ਵਧ ਕੇ ਲੱਗਭੱਗ ਦੁੱਗਣਾ (ਕਰੀਬ 6000 ਡਾਲਰ ਤੋਂ 11000 ਡਾਲਰ) ਹੋ ਗਿਆ ਹੈ, ਪਰ ਏਨੀ ਵੱਡੀ ਰਕਮ ਨਾਲ਼ ਕੂੜਾ ਚੁੱਕਣ ਤੋਂ ਬਿਨਾ ਹੋਰ ਕੋਈ ਸਰਵਿਸ ਮਿਲਣ ਬਾਰੇ ਬੀਬੀ ਨੂੰ ਪਤਾ ਨਹੀਂ ਹੈ। ਇਸੇ ਤਰ੍ਹਾਂ ਵਾਰਡ 9 ਵਿੱਚ ਕੁਝ ਵਸਨੀਕਾਂ ਦਾ ਮੰਨਣਾ ਹੈ ਕਿ ਪ੍ਰਾਪਰਟੀ ਟੈਕਸ ਭਰੇ ਜਾਂਦੇ ਹਾਂ ਪਰ ਇਸ ਦੇ ਬਦਲੇ ਕੋਈ ਖਾਸ ਸੇਵਾਵਾਂ ਨਹੀਂ ਮਿਲ਼ ਰਹੀਆਂ। ਕੁਝ ਸਮੇਂ ਵਿੱਚ ਬਿਜਲੀ ਅਤੇ ਪਾਣੀ ਦੇ ਵਾਟਰ ਸਰਚਾਰਜ ਸਮੇਤ ਬਿੱਲ ਵੀ ਦੁੱਗਣੇ ਆਉਣ ਲੱਗ ਪਏ ਹਨ। ਟ੍ਰਾਂਜਿਟ ਬੱਸਾਂ ਦੇ ਕਈ ਰੂਟ ਕੱਟ ਦਿੱਤੇ ਗਏ ਹਨ। ਸ਼ਹਿਰ ਦੇ ਪਾਰਕਾਂ ਵਿੱਚ ਸਮਾਂ ਗੁਜਾਰਨ ਵਾਲੇ ਸੀਨੀਅਰਜ਼ ਦੱਸ ਰਹੇ ਹਨ ਕਿ ਸਫਾਈ ਅਤੇ ਵਾਸ਼ਰੂਮ ਦੀ ਘਾਟ ਹੈ। ਇਸਦੇ ਨਾਲ ਹੀ ਪਾਰਕਾਂ ਵਿੱਚ ਬੱਚੇ ਤੇਜ਼ ਸਕੂਟਰ ਭਜਾ ਕੇ ਹਵਾ ਅਤੇ ਅਵਾਜ਼ ਦਾ ਪ੍ਰਦੂਸ਼ਨ ਫੈਲਾਉਂਦੇ ਹਨ ਪਰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ਼ ਨਹੀਂ ਲਿਆ ਜਾਂਦਾ। ਇਹ ਵੀ ਕਿ 311 ‘ਤੇ ਸ਼ਿਕਾਇਤ ਦਰਜ ਕਰਾਉਣ ਲਈ ਲੰਬਾ ਸਮਾਂ ਫੋਨ ਹੋਲਡ ਕਰਵਾਇਆ ਜਾਂਦਾ ਹੈ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਨਹੀਂ ਕੀਤੇ ਜਾਂਦੇ ਜਾਂ ਬਹੁਤ ਸਮਾਂ ਖਰਾਬ ਕੀਤਾ ਜਾਂਦਾ ਹੈ। ਘਰ ਉਪਰ ਲੁਟੇਰਿਆਂ ਦਾ ਹਮਲਾ ਜਾਂ ਗੱਡੀ ਚੋਰੀ ਹੋਣ ਦੇ ਸਿਲਸਿਲੇ ਵਿੱਚ ਪੁਲਿਸ ਵਾਲੇ ਵੀ ਬਹੁਤ ਦੇਰੀ ਨਾਲ਼ ਪੁੱਜਦੇ ਅਤੇ ਉਨ੍ਹਾਂ ਵਲੋਂ ਰਿਪੋਰਟਾਂ ਲਿਖਣ ਤੋਂ ਵੱਧ ਕੋਈ ਹੋਰ ਖਾਸ ਹੁੰਗਾਰਾ ਨਹੀਂ ਭਰਿਆ ਜਾਂਦਾ।
ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਡੋਰ-ਟੂ-ਡੋਰ ਮੁਹਿੰਮ ਦਾ ਵੱਡਾ ਫਾਇਦਾ ਇਹ ਹੈ ਕਿ ਲੋਕਾਂ ਦੀਆਂ ਦੁੱਖ-ਤਕਲੀਫਾਂ ਬਾਰੇ ਪਤਾ ਲੱਗਦਾ ਹੈ ਅਤੇ ਸ਼ਹਿਰ ਵਾਸੀਆਂ ਤੋਂ ਪ੍ਰਾਪਤ ਹੋ ਰਹੇ ਸੁਝਾਵਾਂ ਦੇ ਅਧਾਰ ‘ਤੇ ਚੋਣ ਮਨੋਰਥ ਪੱਤਰ ਤਿਆਰ ਕਰਨ ਵਿੱਚ ਸਹਾਇਤਾ ਮਿਲਦੀ ਹੈ।

