Breaking News
Home / ਸੰਪਾਦਕੀ / ਤੀਜੀ ਵਿਸ਼ਵ ਜੰਗ ਦਾ ਸੰਸਾਰ ਉੱਤੇ ਮੰਡਰਾ ਰਿਹਾ ਖ਼ਤਰਾ!

ਤੀਜੀ ਵਿਸ਼ਵ ਜੰਗ ਦਾ ਸੰਸਾਰ ਉੱਤੇ ਮੰਡਰਾ ਰਿਹਾ ਖ਼ਤਰਾ!

ਇਸ ਸਮੇਂ ਦੁਨੀਆ ਗੜਬੜਾਂ ਤੋਂ ਗ੍ਰਸਤ ਦਿਖਾਈ ਦੇ ਰਹੀ ਹੈ। ਬਹੁਤ ਸਾਰੀਆਂ ਥਾਵਾਂ ‘ਤੇ ਕਈ ਦੇਸ਼ਾਂ ਵਿਚਕਾਰ ਵੱਖ-ਵੱਖ ਕਾਰਨਾਂ ਕਰਕੇ ਖ਼ੂਨੀ ਲੜਾਈਆਂ ਚੱਲ ਰਹੀਆਂ ਹਨ। ਇਸ ਭਖੇ ਹੋਏ ਮਾਹੌਲ ਵਿਚ ਹੋ ਰਹੀਆਂ ਦੋ ਲੜਾਈਆਂ ਬੇਹੱਦ ਖ਼ਤਰਨਾਕ ਤੇ ਤਬਾਹਕੁੰਨ ਬਣ ਚੱਲੀਆਂ ਹਨ, ਜਿਨ੍ਹਾਂ ਕਰਕੇ ਕਿਸੇ ਵੀ ਸਮੇਂ ਸੰਸਾਰ ਜੰਗ ਲੱਗ ਸਕਦੀ ਹੈ। ਬੇਹੱਦ ਖ਼ਤਰਨਾਕ ਤੇ ਮਾਰੂ ਹਥਿਆਰਾਂ ਦੇ ਢੇਰ ਲੱਗੇ ਹੋਣ ਕਾਰਨ ਜੇ ਅਜਿਹਾ ਹੁੰਦਾ ਹੈ ਤਾਂ ਇਹ ਧਰਤੀ ਦੀ ਤਬਾਹੀ ਨੂੰ ਸੱਦਾ ਦੇਣ ਵਾਲੀ ਗੱਲ ਹੋਵੇਗੀ। ਰੂਸ ਤੇ ਯੂਕਰੇਨ ਦੀ ਜੰਗ ਨੂੰ ਚਲਦਿਆਂ ਸਾਢੇ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ। ਹੁਣ ਤਕ ਯੂਕਰੇਨ ਦੀ ਧਰਤੀ ‘ਤੇ ਬੇਹੱਦ ਲਹੂ ਵਗ ਚੁੱਕਾ ਹੈ। ਆਉਂਦੇ ਸਮੇਂ ਵਿਚ ਵੀ ਇਸ ਦੇ ਖ਼ਤਮ ਹੋਣ ਦੇ ਆਸਾਰ ਦਿਖਾਈ ਨਹੀਂ ਦਿੰਦੇ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ 20 ਜਨਵਰੀ, 2025 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਉਨ੍ਹਾਂ ਨੇ ਇਹ ਬਿਆਨ ਦਿੱਤੇ ਸਨ ਕਿ ਉਹ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਜੰਗ ਖ਼ਤਮ ਕਰਾਉਣ ਦੀ ਸਮਰੱਥਾ ਰੱਖਦੇ ਹਨ। ਹੁਣ ਤਕ ਟਰੰਪ ਨੇ ਇਸ ਪਾਸੇ ਵੱਲ ਯਤਨ ਵੀ ਕੀਤੇ ਹਨ ਪਰ ਉਨ੍ਹਾਂ ਦੇ ਬਿਆਨਾਂ ਤੇ ਨੀਤੀਆਂ ਤੋਂ ਇਹ ਪ੍ਰਭਾਵ ਨਹੀਂ ਮਿਲਦਾ ਕਿ ਅਜਿਹੀਆਂ ਜੰਗਾਂ ਖ਼ਤਮ ਕਰਵਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਹੋ ਸਕਦੀ ਹੈ। ਸਗੋਂ ਉਹ ਆਪਣੀਆਂ ਇਕ-ਪਾਸੜ ਨੀਤੀਆਂ ਕਾਰਨ ਇਨ੍ਹਾਂ ਜੰਗਾਂ ਨੂੰ ਹੋਰ ਵੀ ਖ਼ਤਰਨਾਕ ਕੰਢੇ ‘ਤੇ ਲਿਆ ਸਕਦੇ ਹਨ। ਮੱਧ ਪੂਰਬ ਵਿਚ ਇਜ਼ਰਾਈਲ ਅਤੇ ਗਾਜ਼ਾ ਪੱਟੀ ‘ਤੇ ਕਾਬਜ਼ ਹਮਾਸ ਦੇ ਲੜਾਕੂਆਂ ਦੀ ਲੜਾਈ ਨੂੰ ਚਲਦਿਆਂ ਡੇਢ ਸਾਲ ਦੇ ਲਗਭਗ ਸਮਾਂ ਹੋ ਚੁੱਕਾ ਹੈ। ਜਿਥੇ ਇਹ ਲੜਾਈ ਇਨ੍ਹਾਂ ਦੋਹਾਂ ਤਾਕਤਾਂ ਵਿਚ ਹੈ, ਉੱਥੇ ਗਾਜ਼ਾ ਪੱਟੀ ਦੇ ਫ਼ਲਸਤੀਨੀਆਂ ਲਈ ਇਹ ਤਬਾਹੀ ਨੂੰ ਸੱਦਾ ਦੇਣ ਵਾਲੀ ਗੱਲ ਹੈ। ਪਿਛਲੇ 7 ਦਹਾਕਿਆਂ ਤੋਂ ਛੋਟੀ ਜਿਹੀ ਗਾਜ਼ਾ ਪੱਟੀ ਵਿਚ ਰਹਿ ਰਹੇ 20 ਲੱਖ ਤੋਂ ਵਧੇਰੇ ਫ਼ਲਸਤੀਨੀ ਵੱਡਾ ਸੰਤਾਪ ਹੰਢਾ ਰਹੇ ਹਨ। ਹਮਾਸ ਇਕ ਲੜਾਕੂ ਜਥੇਬੰਦੀ ਹੈ, ਜੋ ਈਰਾਨ ਅਤੇ ਕੁਝ ਹੋਰ ਮੱਧ ਪੂਰਬੀ ਮੁਲਕਾਂ ਦੀ ਸਹਾਇਤਾ ਨਾਲ ਇਜ਼ਰਾਈਲ ਦਾ ਨਾਮੋਨਿਸ਼ਾਨ ਮਿਟਾਉਣ ਲਈ ਜੰਗੀ ਜੱਦੋ-ਜਹਿਦ ਕਰ ਰਹੀ ਹੈ। ਉਸ ਨੇ ਪਿਛਲੇ 10 ਸਾਲ ਤੋਂ ਗਾਜ਼ਾ ਪੱਟੀ ‘ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਲਗਾਤਾਰ ਉਸ ਨੇ ਇਜ਼ਰਾਈਲ ਨੂੰ ਚੁਣੌਤੀ ਦਿੱਤੀ ਹੋਈ ਹੈ।
ਇਜ਼ਰਾਈਲ ਵਿਰੁੱਧ ਆਪਣੀਆਂ ਗੁਰੀਲਾ ਕਾਰਵਾਈਆਂ ਦੀ ਕੜੀ ਵਿਚ ਹੀ ਉਸ ਨੇ ਇਜ਼ਰਾਈਲ ਦੀ ਦੱਖਣੀ-ਉੱਤਰੀ ਸਰਹੱਦ ‘ਤੇ 7 ਅਕਤੂਬਰ, 2023 ਨੂੰ ਗੁਰੀਲਾ ਹਮਲਾ ਕੀਤਾ ਸੀ, ਜਿਸ ਵਿਚ ਉਸ ਨੇ ਸਰਹੱਦ ਨੇੜੇ 1200 ਦੇ ਲਗਭਗ ਇਜ਼ਰਾਈਲੀਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਵਿਚ ਕੁਝ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ 250 ਦੇ ਕਰੀਬ ਇਜ਼ਰਾਈਲੀ ਲੋਕਾਂ ਨੂੰ ਬੰਦੀ ਬਣਾ ਕੇ ਹਮਾਸ ਦੇ ਲੜਾਕੇ ਆਪਣੇ ਨਾਲ ਗਾਜ਼ਾ ਪੱਟੀ ਦੇ ਖੇਤਰ ਵਿਚ ਲੈ ਗਏ ਸਨ, ਜਿਥੇ ਕਿ ਇਨ੍ਹਾਂ ਗੁਰੀਲਿਆਂ ਨੇ ਪਿਛਲੇ ਦਹਾਕਿਆਂ ਵਿਚ ਹਰ ਤਰ੍ਹਾਂ ਦੇ ਹਥਿਆਰ ਜਮ੍ਹਾਂ ਕੀਤੇ ਹੋਏ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਪਹਿਲਾਂ ਗਾਜ਼ਾ ਪੱਟੀ ‘ਤੇ ਸਖ਼ਤ ਬੰਬਾਰੀ ਕਰ ਕੇ ਉਸ ਦੇ ਬਹੁਤ ਸਾਰੇ ਹਿੱਸੇ ਨੂੰ ਤਬਾਹ ਕਰ ਦਿੱਤਾ ਸੀ ਅਤੇ ਬਾਅਦ ਵਿਚ ਟੈਂਕਾਂ ਰਾਹੀਂ ਉਸ ‘ਤੇ ਜ਼ਮੀਨੀ ਹਮਲਾ ਵੀ ਕਰ ਦਿੱਤਾ ਸੀ। ਗਾਜ਼ਾ ਪੱਟੀ ਸਮੁੰਦਰ ‘ਚ ਘਿਰਿਆ ਹੋਇਆ ਹੈ। ਉਸ ਦੀ ਕੁਝ ਸਰਹੱਦ ਇਜ਼ਰਾਈਲ ਅਤੇ ਮਿਸਰ ਨਾਲ ਵੀ ਲਗਦੀ ਹੈ। ਇਜ਼ਰਾਈਲ ਨੇ ਇਸ ਪੱਟੀ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਉਥੇ ਫ਼ਲਸਤੀਨੀਆਂ ਦਾ ਜਿਊਣਾ ਹਰਾਮ ਕਰ ਦਿੱਤਾ ਸੀ। ਅਮਰੀਕਾ ਅਤੇ ਹੋਰ ਦੇਸ਼ਾਂ ਦੀ ਵਿਚੋਲਗੀ ਕਾਰਨ ਦੋਵੇਂ ਦੇਸ਼ਾਂ ‘ਚ ਮਹੀਨੇ ਭਰ ਲਈ ਜੰਗਬੰਦੀ ਜ਼ਰੂਰ ਹੋਈ ਸੀ। ਇਸ ਦੌਰਾਨ ਜਿਥੇ ਇਜ਼ਰਾਈਲ ਨੇ ਗਾਜ਼ਾ ਪੱਟੀ ਤੋਂ ਆਪਣੀ ਘੇਰਾਬੰਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ, ਉਥੇ ਦੂਜੇ ਪਾਸੇ ਹਮਾਸ ਲੜਾਕੂਆਂ ਨੇ ਇਜ਼ਰਾਈਲ ਦੇ ਬਾਕੀ ਰਹਿੰਦੇ ਬੰਦੀਆਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਇਹ ਅਸਥਾਈ ਸਮਝੌਤਾ ਵੀ ਟੁੱਟ ਗਿਆ ਸੀ। ਹੁਣ ਇਜ਼ਰਾਈਲ ਨੇ ਮੁੜ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਹ ਐਲਾਨ ਕੀਤਾ ਹੈ ਕਿ ਉਹ ਹਰ ਸੂਰਤ ਵਿਚ ਹਮਾਸ ਲੜਾਕੂਆਂ ਨੂੰ ਗਾਜ਼ਾ ਪੱਟੀ ‘ਚੋਂ ਕੱਢ ਕੇ ਹੀ ਦਮ ਲੈਣਗੇ ਤੇ ਇਜ਼ਰਾਈਲੀ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਕੋਈ ਕਸਰ ਨਹੀਂ ਛੱਡੇਗਾ।
ਅਜਿਹੀ ਸਥਿਤੀ ਵਿਚ ਫਲਸਤੀਨੀਆਂ ਦਾ ਦੁਖਾਂਤ ਹੋਰ ਵੀ ਗਹਿਰਾ ਹੋ ਗਿਆ ਹੈ, ਕਿਉਂਕਿ ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਉੱਤਰੀ, ਕੇਂਦਰੀ ਅਤੇ ਦੱਖਣੀ ਹਿੱਸਿਆਂ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਇਆ ਹੈ, ਇਨ੍ਹਾਂ ਦੀ ਜ਼ੱਦ ਵਿਚ ਆਉਣ ਨਾਲ ਫ਼ਲਸਤੀਨੀਆਂ ਦਾ ਘਾਣ ਹੋ ਰਿਹਾ ਹੈ। ਖ਼ਬਰਾਂ ਮੁਤਾਬਕ ਹੁਣ ਤੱਕ 18 ਮਹੀਨਿਆਂ ਤੋਂ ਚਲਦੀ ਆ ਰਹੀ ਇਸ ਲੜਾਈ ਵਿਚ 50 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਹਨ। ਗਾਜ਼ਾ ਪੱਟੀ ਦਾ ਮੁੱਢਲਾ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅੱਜ ਵਾਪਰ ਰਹੇ ਇਸ ਮਹਾਂਦੁਖਾਂਤ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਅਤੇ ਇਸ ਨਾਲ ਸੰਬੰਧਿਤ ਦੁਨੀਆ ਦੇ ਵੱਡੇ ਮੁਲਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਪ੍ਰਭਾਵਸ਼ਾਲੀ ਯਤਨਾਂ ਨਾਲ ਇਸ ਲੜਾਈ ਨੂੰ ਖ਼ਤਮ ਕਰਾਉਣ ਲਈ ਪੂਰੀ ਵਾਹ ਲਗਾ ਦੇਣ, ਤਾਂ ਜੋ ਵਾਪਰ ਰਹੇ ਇਸ ਮਨੁੱਖੀ ਦੁਖਾਂਤ ਨੂੰ ਹਰ ਹੀਲੇ ਰੋਕਿਆ ਜਾ ਅਤੇ ਇਸ ਬੇਹੱਦ ਗੁੰਝਲਦਾਰ ਮਸਲੇ ਦਾ ਕੋਈ ਸੰਤੁਸ਼ਟੀਜਨਕ ਹੱਲ ਲੱਭਿਆ ਜਾ ਸਕੇ ਨਹੀਂ ਤਾਂ ਇਹ ਭਿਆਨਕ ਜੰਗ ਦੁਨੀਆ ਭਰ ਲਈ ਵੱਡੇ ਖ਼ਤਰੇ ਵਿਚ ਬਦਲ ਸਕਦੀ ਹੈ।

Check Also

ਚੁਣੌਤੀਆਂ ਦੇ ਸਨਮੁਖ ਪੰਜਾਬ

ਇਸ ਸਮੇਂ ਪੰਜਾਬ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਚੁਣੌਤੀਆਂ ਸਿਆਸੀ, …