
ਭਾਰਤੀ ਟਰੱਕ ਡਰਾਈਵਰ ਦੀ ਗਲਤੀ ਮਗਰੋਂ ਲਿਆ ਵੱਡਾ ਫੈਸਲਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦਾ ਅਸਰ ਭਾਰਤ ਸਣੇ ਕਈ ਦੇਸ਼ਾਂ ਦੇ ਉਨ੍ਹਾਂ ਡਰਾਈਵਰਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ ’ਚ ਕੰਮ ਕਰਨ ਦੀ ਉਮੀਦ ਵਿਚ ਬੈਠੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਇਕ ਪੰਜਾਬੀ ਡਰਾਈਵਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਟਰੱਕ ਗਲਤ ਦਿਸ਼ਾ ਵੱਲ ਮੋੜ ਦਿੱਤਾ ਸੀ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਇਹ ਐਲਾਨ ਕੀਤਾ ਕਿ ਇਹ ਕਦਮ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਬਲਕਿ ਵਿਦੇਸ਼ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਯੋਗਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਚੁੱਕਿਆ ਗਿਆ ਹੈ।

