ਇਕੱਠਿਆਂ ਸਿੱਕ ਲੀਵ ’ਤੇ ਗਏ ਸੀਨੀਅਰ ਕਰੂ ਮੈਂਬਰ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਇੰਡੀਆ ਐਕਸਪ੍ਰੈਸ ਦੀਆਂ 80 ਤੋਂ ਵੱਧ ਉਡਾਣਾਂ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਏਅਰਲਾਈਨ ਕੰਪਨੀ ਦੇ ਸੀਨੀਅਰ ਕਰੂ ਮੈਂਬਰ ਇਕੱਠਿਆਂ ਅਚਾਨਕ ਸਿੱਕ ਲੀਵ ’ਤੇ ਚਲੇ ਗਏ ਹਨ। ਇਸ ਕਾਰਨ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ ਏਅਰ ਇੰਡੀਆ ਐਕਸਪ੍ਰੈਸ ਦੀਆਂ 80 ਤੋਂ ਵੱਧ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਕੈਬਿਨ ਕਰੂ ਦੇ ਇਕ ਵਰਗ ਨੇ ਅਚਾਨਕ ਬਿਮਾਰ ਹੋਣ ਦੀ ਸੂਚਨਾ ਦਿੱਤੀ ਹੈ। ਇਸ ਕਰਕੇ ਉਡਾਣਾ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਚਾਲਕ ਦਲ ਦੇ ਮੈਂਬਰਾਂ ਵਲੋਂ ਇਕੱਠਿਆਂ ਛੁੱਟੀ ’ਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਹੈ, ਪਰ ਬਿਮਾਰੀ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਆਪਣੇ ਯਾਤਰੀ ਮਹਿਮਾਨਾਂ ਤੋਂ ਮੁਆਫੀ ਮੰਗਦੇ ਹਾਂ। ਕੰਪਨੀ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ ਆਪਣੀਆਂ ਟਿਕਟਾਂ ਕੈਂਸਲ ਕਰਵਾਉਣੀਆਂ ਹਨ, ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਕਿਸੇ ਹੋਰ ਤਰੀਕ ’ਤੇ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾਵੇਗੀ।