Breaking News
Home / ਪੰਜਾਬ / ਪਰਗਟ ਸਿੰਘ ਵੱਲੋਂ ਚਿੱਠੀ ਰਾਹੀਂ ਬਾਦਲਾਂ ਨੂੰ ਝੰਜੋੜਨ ਦਾ ਯਤਨ

ਪਰਗਟ ਸਿੰਘ ਵੱਲੋਂ ਚਿੱਠੀ ਰਾਹੀਂ ਬਾਦਲਾਂ ਨੂੰ ਝੰਜੋੜਨ ਦਾ ਯਤਨ

pargat-singh- copy copyਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ ਰਾਹੀਂ ਇਸ ਵਿਧਾਇਕ ਨੇ ਪਾਰਟੀ ਪ੍ਰਧਾਨ ‘ਤੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸਿੱਖੀ ਸਿਧਾਂਤਾਂ ਅਤੇ ਪਾਰਟੀ ਨੂੰ ਦਾਅ ‘ਤੇ ਲਾ ਕੇ ਸਿਰਫ਼ ਪਰਿਵਾਰ ਦੀ ‘ਸੇਵਾ’ ਕਰ ਰਹੇ ਹਨ। ਅਕਾਲੀ ਵਿਧਾਇਕ ਨੇ ਸਰਕਾਰ ਅਤੇ ਪਾਰਟੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੂ-ਮਾਫੀਆ ਅਤੇ ਰੇਤ ਮਾਫੀਆ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਪਰ ਸਰਕਾਰ ਚਲਾਉਣ ਵਾਲਿਆਂ ਨੂੰ ਲੋਕਾਂ ਦੇ ਮਸਲਿਆਂ ਦੀ ਕੋਈ ਚਿੰਤਾ ਨਹੀਂ ਹੈ। ਅਕਾਲੀ ਦਲ ਵਿੱਚੋਂ ਕੀਤੀ ਗਈ ਮੁਅੱਤਲੀ ਬਾਰੇ ਉਨ੍ਹਾਂ ਕਿਹਾ ਕਿ ਮੁਅੱਤਲੀ ਦੇ ‘ਹੁਕਮ’ ਸਿਰਫ਼ ਮੀਡੀਆ ਰਾਹੀਂ ਹਾਸਲ ਹੋਏ ਹਨ ਅਤੇ ਅਜੇ ਤੱਕ ਕੋਈ ਨੋਟਿਸ ਆਦਿ ਨਹੀਂ ਦਿੱਤਾ ਗਿਆ। ਪਰਗਟ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਮੁਅੱਤਲੀ ਦੇ ਕੀਤੇ ਹੁਕਮਾਂ ਨੂੰ ਬਿਮਾਰ ਮਾਨਸਿਕਤਾ ਵਾਲੇ ਕਰਾਰ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੀ ਪਾਰਟੀ ਮੰਨਿਆ ਜਾਣ ਵਾਲਾ ਅਕਾਲੀ ਦਲ ਇਸ ਸਮੇਂ ਬੇਬਸੀ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੂਲ ਉਦੇਸ਼ਾਂ ਨੂੰ ਵਿਸਾਰਦਾ ਜਾ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਲਈ ਸੱਚ ਅਤੇ ਨਿਮਰਤਾ ਦਾ ਵਰਤਾਰਾ ਦੂਰ ਦੀ ਗੱਲ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਰਾਜ ਨਹੀਂ ਸੇਵਾ’ ਦੇ ਨਾਅਰੇ ਦੀ ਜ਼ਮੀਨੀ ਹਕੀਕਤ ਨੂੰ ਪਛਾਣੇ। ਇਸ ‘ਸੇਵਾ’ ਤੋਂ ਪੰਜਾਬ ਦਾ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈ। ਵਿਧਾਇਕ ਨੇ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਦੁਆਲੇ ਅਜਿਹੇ ਲੋਕਾਂ ਦਾ ਜਮਘਟਾ ਹੈ, ਜਿਹੜੇ ਆਪਣੀਆਂ ਰਾਜਨੀਤਕ ਲਾਲਸਾਵਾਂ, ਲੋੜਾਂ ਅਤੇ ਥੁੜ੍ਹਾਂ ਦੀ ਪੂਰਤੀ ਲਈ ਰੀੜ ਦੀ ਹੱਡੀ ਤੋਂ ਬਿਨਾਂ ਵਿਚਰ ਰਹੇ ਹਨ। ਪਾਰਟੀ ਪ੍ਰਧਾਨ ਨੇ ਆਪਣੀਆਂ ਅੱਖਾਂ ਅਤੇ ਕੰਨਾਂ ‘ਤੇ ਹੱਥ ਰੱਖ ਕੇ ਜੀਭ ਉਪਰ ਚੁੱਪ ਦਾ ਜਿੰਦਰਾ ਮਾਰਿਆ ਹੋਇਆ ਹੈ। ਧਰਮ ਅਤੇ ਸਿੱਖ ਸੰਸਥਾਵਾਂ ਦੀ ਨਿੱਜੀ ਹਿੱਤਾਂ ਲਈ ਦੁਰਵਰਤੋਂ ਕਰਨ ਦੇ ਦੋਸ਼ ਲਾਉਂਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾ ਜਿੰਨਾ ਨੁਕਸਾਨ ਹੁਣ ਕੀਤਾ ਗਿਆ ਹੈ, ਏਨਾ ਪਹਿਲਾਂ ਕਦੇ ਵੀ ਨਹੀਂ ਹੋਇਆ। ਇਹ ਇਮਾਰਤੀ ਨੁਕਸਾਨ ਤੋਂ ਵੀ ਕਈ ਗੁਣਾ ਜ਼ਿਆਦਾ ਘਾਤਕ ਹੈ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹ: (ਵੱਡੇ ਬਾਦਲ) ਤੋਂ ਬੇਮਿਸਾਲ ਰਾਜਨੀਤੀ ਦੇ ਗੁਰ ਨਹੀਂ ਸਿੱਖੇ। ਘੱਟੋ-ਘੱਟ ਜੇ ਉਹ ਨਿਮਰਤਾ ਭਰਪੂਰ ਵਰਤਾਅ ਦੇ ਗੁਣ ਨੂੰ ਹੀ ਅਪਣਾ ਲੈਂਦੇ ਤਾਂ ਪੰਜਾਬ ਅਤੇ ਪਾਰਟੀ ਦੋਵੇਂ ਵੱਡੇ ਸੰਤਾਪ ਤੋਂ ਬਚ ਸਕਦੇ ਸਨ। ਉਨ੍ਹਾਂ ਕਿਹਾ, ”ਸੁਖਬੀਰ ਨੇ ‘ਤਾਕਤ ਅਤੇ ਪੈਸੇ’ ਦੇ ਨਾਲ-ਨਾਲ ਹੈਂਕੜ ਨੂੰ ਹਥਿਆਰ ਬਣਾ ਕੇ ਵਕਤੀ ਤੌਰ ਤੇ ਤਾਂ ‘ਝੱਟ’ ਲੰਘਾ ਲਿਆ ਪਰ ‘ਸਮੇਂ’ ਇੱਦਾਂ ਕਦੇ ਲੰਘਿਆ ਨਹੀਂ ਕਰਦੇ।

ਪਰਗਟ ਸਿੰਘ ਚੰਗਾ ਬੰਦਾ, ਮੈਨੂੰ ਉਹ ਹਮੇਸ਼ਾ ਪਸੰਦ ਰਿਹੈ: ਸੁਖਬੀਰ
ਬਲਾਚੌਰ : ਅਕਾਲੀ ਦਲ ਵਿਚੋਂ ਮੁਅੱਤਲ ਕੀਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਉਪ ਮੁੱਖ ਮੰਤਰੀ ਦੇ ਤੌਰ ਤਰੀਕਿਆਂ ਦੀ ਤਿੱਖੀ ਨੁਕਤੀਚੀਨੀ ਕਰਨ ਤੋਂ ਇਕ ਦਿਨ ਬਾਅਦ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਪਰਗਟ ਸਿੰਘ ਨੂੰ ‘ਚੰਗਾ ਬੰਦਾ’ ਦੱਸ ਕੇ ਇਸ ਮਾਮਲੇ ‘ਤੇ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਪਰਗਟ ਨੂੰ ਖੇਡ ਡਾਇਰੈਕਟਰ ਬਣਾਇਆ, ਫਿਰ ਅਕਾਲੀ ਦਲ ਦੀ ਟਿਕਟ ਦਿਵਾਈ ਤੇ ਸੰਸਦੀ ਸਕੱਤਰ ਵੀ ਬਣਾਉਣਾ ਚਾਹਿਆ ਸੀ। ਬਲਾਚੌਰ ਹਲਕੇ ਵਿਚ ਸੰਗਤ ਦਰਸ਼ਨ ਦੇ ਦੂਜੇ ਦਿਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਂਜ ਤਾਂ ਪਰਗਟ ਚੰਗਾ ਬੰਦਾ ਹੈ ਪਰ ਉਹ ਸੁਰਖੀਆਂ ਬਟੋਰਨ ਕਾਰਨ ਅਜਿਹੇ ਹਮਲੇ ਕਰ ਰਿਹਾ ਹੈ।ਉਨ੍ਹਾਂ ਕਿਹਾ ”ਉਹ ਅਜਿਹੀ ਨੀਵੀਂ ਪੱਧਰ ਦੀ ਰਾਜਨੀਤੀ ਵਿਚ ਨਹੀਂ ਪੈਣਾ ਚਾਹੁੰਦੇ। ਉਸ ਨੂੰ ਪਤਾ ਹੈ ਕਿ ਉਹ ਮੇਰੇ ‘ਤੇ ਹਮਲਾ ਕਰ ਕੇ ਹੀ ਅਖ਼ਬਾਰਾਂ ਵਿਚ ਚਮਕ ਸਕਦਾ ਹੈ। ਮੈਂ ਉਸ ਨੂੰ ਕੋਈ ਅਹਿਮੀਅਤ ਨਹੀਂ ਦੇਣਾ ਚਾਹੁੰਦਾ।”

Check Also

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪੁੱਤਰ ਵਿਆਹ ਬੰਧਨ ’ਚ ਬੱਝਾ

ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੀ ਸਮੁੱਚੀ ਲੀਡਰਸ਼ਿਪ ਨੇ ਦਿੱਤਾ ਅਸ਼ੀਰਵਾਦ ਬਠਿੰਡਾ/ਬਿਊਰੋ ਨਿਊਜ਼ : …