ਪਟਿਆਲਾ/ਬਿਊਰੋ ਨਿਊਜ਼
ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਜਾਂਚ ਲਈ ਬਣਾਈ ਗਈ ਨਵੀਂ ਸਿੱਟ ਦੀ ਟੀਮ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਖੇ ਪੁੱਜੀ। ਇਥੇ ਉਨ੍ਹਾਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲੋਂ ਲਗਭਗ 3 ਘੰਟੇ ਪੁੱਛਗਿੱਛ ਕੀਤੀ। ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਕਾਫਲੇ ਸਮੇਤ ਸਾਢੇ ਗਿਆਰਾਂ ਵਜੇ ਪਟਿਆਲਾ ਸਥਿਤ ਸਰਕਟ ਹਾਊਸ ਵਿਖੇ ਪਹੁੰਚੇ ਅਤੇ ਬਤੌਰ ਮੁੱਖ ਗਵਾਹ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਆਪਣੇ ਬਿਆਨ ਦਰਜ ਕਰਵਾਏ। ਇਸ ਤੋਂ ਪਹਿਲਾਂ ਐਸ ਆਈ ਟੀ ਨੇ 2 ਜੁਲਾਈ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੇਸ਼ ਹੋਣ ਆਖਿਆ ਸੀ ਪ੍ਰੰਤੂ ਉਹ ਕਿਸੇ ਕਾਰਨ ਕਰਕੇ 2 ਜੁਲਾਈ ਨੂੰ ਐਸ ਆਈ ਟੀ ਸਾਹਮਣੇ ਪੇੇਸ਼ ਨਹੀਂ ਹੋ ਸਕੇ ਪ੍ਰੰਤੂ ਪੰਥਪ੍ਰੀਤ ਸਿੰਘ ਕੋਲੋਂ ਲੰਘੀ 2 ਜੁਲਾਈ ਨੂੰ ਐਸ ਆਈ ਟੀ ਪੁੱਛਗਿੱਛ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜਿਸ ਸਮੇਂ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ ਉਸ ਸਮੇਂ ਸਿੱਖ ਸੰਗਤਾਂ ਵੱਲੋਂ ਲਗਾਏ ਗਏ ਸ਼ਾਂਤਮਈ ਧਰਨੇ ਦੀ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਪੰਥਪ੍ਰੀਤ ਸਿੰਘ ਅਗਵਾਈ ਕਰ ਰਹੇ ਸਨ।