ਅਕਾਲੀ ਦਲ (ਸੰਯੁਕਤ) ਤੇ ਭੀਮ ਆਰਮੀ ਮਿਲ ਕੇ ਲੜਨਗੇ ਚੋਣਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਸੰਯੁਕਤ) ਨੇ ਉੱਤਰ ਪ੍ਰਦੇਸ਼ ਦੇ ਦਲਿਤ ਆਗੂ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਨਾਲ ਚੋਣ ਗਠਜੋੜ ਕਰ ਲਿਆ ਹੈ। ਇਹ ਦੋਵੇਂ ਪਾਰਟੀਆਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੀਆਂ। ਇਸ ਦਾ ਐਲਾਨ ਵੀਰਵਾਰ ਨੂੰ ਅਕਾਲੀ ਨੇਤਾਵਾਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਅਕਾਲੀ ਦਲ (ਸੰਯੁਕਤ) ਅਤੇ ਭੀਮ ਆਰਮੀ ਦੇ ਆਗੂਆਂ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਪੰਜਾਬ ਨੂੰ ਸਿਆਸੀ, ਆਰਥਿਕ ਤੇ ਸਮਾਜਿਕ ਤੌਰ ‘ਤੇ ਤਬਾਹ ਕਰਨ ਦੇ ਆਰੋਪ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੇਕਰ ਮੁੜ ਲੀਹਾਂ ‘ਤੇ ਲਿਆਉਣਾ ਹੈ ਤਾਂ ਬਾਦਲਾਂ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਭੀਮ ਸੈਨਾ ਦਾ ਦੁਆਬੇ ਖਿੱਤੇ ਵਿਚ ਚੰਗਾ ਆਧਾਰ ਮੰਨਿਆ ਜਾਂਦਾ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੋਕ ਅਕਾਲੀ ਦਲ (ਬਾਦਲ), ਕਾਂਗਰਸ ਤੇ ਭਾਜਪਾ ਤੋਂ ਦੁਖੀ ਹਨ।