4.3 C
Toronto
Wednesday, October 29, 2025
spot_img
Homeਪੰਜਾਬਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਸਜੀਆਂ ਸਿੱਖ ਜਰਨੈਲਾਂ ਦੀਆਂ ਤਸਵੀਰਾਂ

ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਸਜੀਆਂ ਸਿੱਖ ਜਰਨੈਲਾਂ ਦੀਆਂ ਤਸਵੀਰਾਂ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਪਹਿਲੀ ਵਾਰ ਤਿੰਨ ਸਿੱਖ ਫ਼ੌਜੀ ਜਰਨੈਲਾਂ ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਹਰਬਖ਼ਸ਼ ਸਿੰਘ ਅਤੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀਆਂ ਤਸਵੀਰਾਂ ਲਗਾਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੂਟਨੀਤਕ ਗੱਲਬਾਤ ਨਾਲ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀ ਫੌਜੀਆਂ ਨੂੰ ਰਿਹਾਅ ਕਰਵਾਇਆ ਜਾਵੇ। ਮੰਗਲਵਾਰ ਸਵੇਰੇ ਸਿੱਖ ਫੌਜੀ ਅਧਿਕਾਰੀਆਂ ਦੀਆਂ ਤਸਵੀਰਾਂ ਸਥਾਪਤ ਕਰਨ ਸਮੇਂ ਪੰਥਕ ਰਵਾਇਤਾਂ ਅਨੁਸਾਰ ਗੁਰਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਲਗਪਗ 98 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਫ਼ੌਜ ਵਿੱਚ ਸ਼ਾਮਲ ਰਹੇ ਸਿੱਖ ਜਰਨੈਲਾਂ ਦੇ ਦੇਸ਼ ਦੀ ਏਕਤਾ ਅਖੰਡਤਾ ਵਿੱਚ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਹੈ। ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਕਾਲ ਦੇ ਸਿੱਖ ਜਰਨੈਲਾਂ ਅਤੇ ਖਾੜਕੂਵਾਦ ਵੇਲੇ ਦੇ ਸਿੱਖਾਂ ਨੂੰ ਹੀ ਇਥੇ ਅਜਾਇਬ ਘਰ ਵਿੱਚ ਥਾਂ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੌਕੇ ਤਿੰਨਾਂ ਸਿੱਖ ਫ਼ੌਜੀ ਜਰਨੈਲਾਂ ਦੀ ਬਹਾਦਰੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਾਇਆ। ਉਨ੍ਹਾਂ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਸਮੇਂ ਜੇਕਰ ਜਨਰਲ ਹਰਬਖ਼ਸ਼ ਸਿੰਘ ਅਤੇ ਏਅਰ ਮਾਰਸ਼ਲ ਅਰਜਨ ਸਿੰਘ ਨੇ ਬਹਾਦਰੀ ਨਾ ਦਿਖਾਈ ਹੁੰਦੀ ਤਾਂ ਅੱਜ ਬਿਆਸ ਤੋਂ ਅੰਮ੍ਰਿਤਸਰ ਤੱਕ ਦਾ ਹਿੱਸਾ ਪਾਕਿਸਤਾਨ ਵਿੱਚ ਹੁੰਦਾ।

 

RELATED ARTICLES
POPULAR POSTS