Breaking News
Home / ਮੁੱਖ ਲੇਖ / ਵਿਆਹਾਂ ਵਿਚ ‘ਪਟਾਕੇ’ ਪਾਉਣ ਵਾਲੇ ਫੁਕਰੇ

ਵਿਆਹਾਂ ਵਿਚ ‘ਪਟਾਕੇ’ ਪਾਉਣ ਵਾਲੇ ਫੁਕਰੇ

316844-1rz8qx1421419655-300x225ਬਲਰਾਜ ਸਿੰਘ ਸਿੱਧੂ
ਇਕ ਦੁਖਦਾਈ ਘਟਨਾ ਦੌਰਾਨ ਬਠਿੰਡਾ ਦੇ ਇਕ ਵਿਆਹ ਸਮਾਗਮ ਵਿਚ ਇਕ ਸ਼ਰਾਬੀ ਆਦਮੀ ਵਲੋਂ ਗੋਲੀ ਚਲਾਉਣ ਕਾਰਨ ਆਰਕੈਸਟਰਾ ਵਾਲੀ ਬੇਕਸੂਰ ਲੜਕੀ ਮਾਰੀ ਗਈ। ਲੜਕੀ ਦੀ ਬੇਵਕਤੀ ਮੌਤ ਕਾਰਨ ਉਸਦਾ ਪਰਿਵਾਰ ਤਾਂ ਆਰਥਿਕ ਸੰਕਟ ਵਿਚ ਆ ਹੀ ਜਾਵੇਗਾ ਪਰ ਨਾਲ ਹੀ ਦੋ-ਚਾਰ ਸੌ ਦੀ ਮੁਫਤ ਦੀ ਸ਼ਰਾਬ ਪੀ ਕੇ ਫੁਕਰੀ ਮਾਰਨ ਵਾਲਾ ਉਹ ਵਿਅਕਤੀ ਵੀ 10-15 ਸਾਲਾਂ ਲਈ ਜੇਲ੍ਹ ਵਿਚ ਸੜੇਗਾ। ਪੰਜਾਬ ਵਿਚ ਵਿਆਹਾਂ ਦੇ ਸੀਜ਼ਨ ਦੌਰਾਨ ਹਰ ਦੂਸਰੇ-ਚੌਥੇ ਹਫਤੇ ਅਜਿਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਮੈਂ ਆਪਣੀ ਨੌਕਰੀ ਦੌਰਾਨ ਕਦੇ ਵੀ ਇਹ ਨਹੀਂ ਵੇਖਿਆ ਕਿ ਕਿਸੇ ਲਾਇਸੈਂਸੀ ਹਥਿਆਰ ਵਾਲੇ ਨੇ ਹੋਰ ਤਾਂ ਕਿਸੇ ਦੀ ਮੱਦਦ ਕੀ ਕਰਨੀ ਹੈ, ਆਪਣੇ ਘਰ ਆਏ ਡਾਕੂ, ਕਾਲੇ ਕੱਛੇ ਵਾਲੇ, ਲੁਟੇਰੇ ਜਾਂ ਚੋਰ ਨੂੰ ਗੋਲੀ ਮਾਰੀ ਹੋਵੇ। ਹਥਿਆਰਾਂ ਦੀ ਵਰਤੋਂ ਸਿਰਫ ਸ਼ੋਸ਼ੋਬਾਜ਼ੀ ਜਾਂ ਲੜਾਈ-ਝਗੜਿਆਂ ਵਿਚ ਕੀਤੀ ਜਾਂਦੀ ਹੈ। ਮੈਂ ਅਨੇਕਾਂ ਅਜਿਹੇ ਕੇਸ ਵੇਖੇ ਹਨ ਕਿ ਲੁਟੇਰੇ ਘਰ ਲੁੱਟ ਕੇ ਲੈ ਗਏ ਤੇ ਰਾਈਫਲਾਂ ਪੇਟੀ ਵਿਚ ਰੱਖੀਆਂ ਰਹਿ ਗਈਆਂ। ਰਾਤ ਨੂੰ ਜ਼ਿਆਦਾਤਰ ਲੋਕਾਂ ਨੇ ਸ਼ਰਾਬ ਹੀ ਏਨੀ ਪੀਤੀ ਹੁੰਦੀ ਹੈ ਕਿ ਚੋਰ ਚਾਹੁਣ ਤਾਂ ਉਸ ਨੂੰ ਵੀ ਨਾਲ ਚੁੱਕ ਕੇ ਲੈ ਜਾਣ। ਹਥਿਆਰ ਇਕ ਕਮਰੇ ਵਿਚ ਪਏ ਹੁੰਦੇ ਹਨ ਤੇ ਗੋਲੀਆਂ ਦੂਸਰੇ ਕਮਰੇ ਦੀ ਕਿਸੇ ਪੇਟੀ ਵਿਚ ਸੰਭਾਲੀਆਂ ਹੁੰਦੀਆਂ ਹਨ।
ਗੋਲੀਆਂ ਚਲਾਉਣ ਦਾ ਰਿਵਾਜ਼ ਪੰਜਾਬ ਵਿਚ ਬਹੁਤ ਪੁਰਾਣਾ ਹੈ। ਪੁਰਾਣੇ ਸਮੇਂ ਵਿਚ ਅਸਲੇ ਵਾਲੇ ਵਿਅਕਤੀ ਨੂੰ ਚੋਰ-ਡਾਕੂਆਂ ਤੋਂ ਬਚਾਅ ਲਈ ਜੰਝ ਦੇ ਨਾਲ ਲਿਜਾਇਆ ਜਾਂਦਾ ਹੈ। ਉਹ ਕਈ ਵਾਰ ਬਦਮਾਸ਼ਾਂ ਆਦਿ ਵਿਚ ਦਹਿਸ਼ਤ ਪਾਉਣ ਲਈ ਇਕ ਅੱਧਾ ਫਾਇਰ ਵੀ ਕੱਢ ਦਿੰਦਾ ਸੀ, ਪਰ ਅੱਜ ਕੱਲ੍ਹ ਤਾਂ ਵਿਆਹ ਤੋਂ ਪਹਿਲਾਂ ਸਾਰੇ ਜਾਣੂ ਬੰਦਿਆਂ ਦੇ ਲਾਇਸੈਂਸਾਂ ‘ਤੇ ਗੋਲੀਆਂ-ਕਾਰਤੂਸ ਇਕੱਠੇ ਕੀਤੇ ਜਾਂਦੇ ਹਨ। ਅਸਲੇ ਵਾਲੇ ਹਵਾਈ ਫਾਇਰ ਕਰਨ ਦੇ ਸ਼ੌਕੀਨ ਫੁਕਰਿਆਂ ਨੂੰ ਖਾਸ ਤੌਰ ‘ਤੇ ਕਾਰਡ ਵੰਡੇ ਜਾਂਦੇ ਹਨ ਤੇ ਸਖਤ ਤਾਕੀਦ ਕੀਤੀ ਜਾਂਦੀ ਕਿ ਬਿਨਾ ਪਿਸਤੌਲ ਤੋਂ ਨਾ ਆਇਓ। ਪੰਜਾਬੀ ਮਾਨਸਿਕਤਾ ਕਿ ਵਿਆਹ ਕਿਹੜਾ ਵਾਰ-ਵਾਰ ਹੁੰਦਾ ਹੈ, ਨੇ ਲੋਕਾਂ ਦਾ ਨਾਸ ਮਾਰ ਦਿੱਤਾ ਹੈ। ਇਹ ਗੱਲ ਵੱਖ ਹੈ ਕਿ ਅਜਿਹੇ ਵਿਆਹ ਦੀ ਰਿਸੈਪਸ਼ਨ ਕਈ ਵਾਰ ਥਾਣੇ ਦੀ ਹਵਾਲਾਤ ਵਿਚ ਹੁੰਦੀ ਹੈ। ਸੁਣਨ ਵਿਚ ਆਇਆ ਹੈ ਕਿ ਮੈਰਿਜ ਪੈਲੇਸ, ਘੋੜੀ, ਬੈਂਡ ਵਾਜੇ ਅਤੇ ਕੈਟਰਿੰਗ ਸਮੇਤ ਹੁਣ ਵਿਆਹ ਵਿਚ ਫਾਇਰ ਕਰਨ ਵਾਲਿਆਂ ਦੀ ਵੀ ਬੁਕਿੰਗ ਹੋਣ ਲੱਗ ਪਈ ਹੈ। ਜਿਨ੍ਹਾਂ ਦਾ ਕੋਈ ਦੋਸਤ-ਰਿਸ਼ਤੇਦਾਰ ਲਾਇਸੈਂਸ ਵਾਲਾ ਨਹੀਂ ਹੁੰਦਾ, ਉਹ ਕਿਰਾਏ ‘ਤੇ ਫਾਇਰ ਕਰਨ ਵਾਲੇ ਲੈ ਲੈਂਦੇ ਹਨ। ਗੋਲੀਆਂ ਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਂਦੀ ਹੈ।
ਪੇਂਡੂ ਵਿਆਹਾਂ ਵਿਚ ਤਾਂ ਖਾਸ ਤੌਰ ‘ਤੇ ਇਹ ਗੱਲ ਬਹੁਤ ਬੁਰੀ ਸਮਝੀ ਜਾਂਦੀ ਹੈ ਕਿ ਕੋਈ ਫਾਇਰ ਹੀ ਨਹੀਂ ਹੋਇਆ। ਜਿਹੜਾ ਮੈਰਿਜ ਪੈਲੇਸ ਵਾਲਾ ਫਾਇਰ ਕਰਨ ਤੋਂ ਸਖਤੀ ਨਾਲ ਰੋਕਦਾ ਹੈ, ਲੋਕ ਸਉਸ ਦਾ ਪੈਲੇਸ ਬੁੱਕ ਕਰਨ ਤੋਂ ਟਾਲਾ ਵੱਟਣ ਲੱਗ ਜਾਂਦੇ ਹਨ। ਉਹ ਵੀ ਮੈਰਿਜ ਪੈਲੇਸ ਵਿਚ ਫਾਇਰ ਕਰਨਾ ਮਨ੍ਹਾ ਹੈ ਦਾ ਬੋਰਡ ਲਾ ਕੇ ਜ਼ਿੰਮੇਵਾਰੀ ਪੂਰੀ ਕਰ ਲੈਂਦੇ ਹਨ। ਜੇ ਕਿਤੇ ਪੁਲਿਸ ਵਾਲੇ ਦਖਲਅੰਦਾਜ਼ੀ ਕਰਨ ਤਾਂ ਸ਼ਰਾਬ ਨਾਲ ਅੰਨ੍ਹੇ ਹੋਏ ਲੋਕ ਗਲ ਪੈਂਦੇ ਹਨ ਕਿ ਤੁਸੀਂ ਸਾਡਾ ਵਿਆਹ ਖਰਾਬ ਕਰ ਰਹੇ ਹੋ। ਪੰਜਾਬ ਵਿਚ ਕਿਸੇ ਨੂੰ ਖੁਸ਼ ਕਰਨਾ ਹੋਵੇ ਤਾਂ ਉਸ ਨੂੰ ਲਾਇਸੈਂਸ ਬਣਾ ਕੇ ਦਿਓ। ਘਰ ਵਿਚ ਰੋਟੀ ਭਾਵੇਂ ਨਾ ਪੱਕਦੀ ਹੋਵੇ ਪਰ ਹਥਿਆਰ ਜ਼ਰੂਰ ਚਾਹੀਦਾ ਹੈ। ਮੇਰੇ ਇਕ ਵਾਕਫ ਨੇ ਆਪਣਾ, ਲੜਕੇ ਦਾ ਤੇ ਆਪਣੀ ਪਤਨੀ ਦੇ ਨਾਂ ‘ਤੇ ਤਿੰਨ ਲਾਇਸੈਂਸ ਬਣਾ ਕੇ ਨੌਂ ਹਥਿਆਰ ਖਰੀਦੇ ਹੋਏ ਹਨ। ਹੁਣ ਜਦੋਂ ਵਾਰ-ਵਾਰ ਲਾਇਸੈਂਸ ਆਨਲਾਈਨ ਜਾਂ ਰੀਨਿਊ ਕਰਾਉਣੇ ਪੈਂਦੇ ਹਨ ਤਾਂ ਸ਼ਕਲ ਵੇਖਣ ਵਾਲੀ ਹੁੰਦੀ ਹੈ।
ਲੀਡਰਾਂ ਤੇ ਅਫਸਰਾਂ ਕੋਲ ਸਭ ਤੋਂ ਜ਼ਿਆਦਾ ਸਿਫਾਰਸ਼ਾਂ ਲਾਇਸੈਂਸ ਬਣਾਉਣ ਦੀਆਂ ਹੀ ਆਉਂਦੀਆਂ ਹਨ। ਅਸਲਾ ਰੱਖਣਾ, ਸੰਭਾਲਣਾ ਅਤੇ ਚਲਾਉਣਾ ਬਹੁਤ ਨਾਜ਼ੁਕ ਕੰਮ ਹੈ। ਨੱਬੇ ਫੀਸਦੀ ਲੋਕਾਂ ਨੂੰ ਹਥਿਆਰ ਖੋਲ੍ਹਣੇ, ਜੋੜਨੇ ਜਾਂ ਸਾਫ ਕਰਨੇ ਨਹੀਂ ਆਉਂਦੇ। ਪਿਸਤੌਲ ਨੂੰ ਬੁੱਕਲ ਦਾ ਹਥਿਆਰ ਕਿਹਾ ਜਾਂਦਾ ਹੈ ਜੋ ਆਤਮ ਰੱਖਿਆ ਲਈ ਕੱਪੜਿਆਂ ਦੇ ਥੱਲੇ ਛੁਪਾ ਕੇ ਪਹਿਨਿਆ ਜਾਣਾ ਚਾਹੀਦਾ ਹੈ ਪਰ ਪਿਸਤੌਲ ਲੈਣ ਦਾ ਫਾਇਦਾ ਕੀ, ਜੇ ਕਿਸੇ ਨੇ ਵੇਖਿਆ ਹੀ ਨਾ ਤਾਂ! ਜਾਣਬੁੱਝ ਕੇ ਪੈਂਟ ਦੀ ਬੈਲਟ ਵਿਚ ਹੋਲਸਟਰ ਲਾ ਕੇ ਪਹਿਨਿਆ ਜਾਂਦਾ ਹੈ।  ਜੇ ਅਗਲਾ ਫਿਰ ਵੀ ਨਾ ਵੇਖੇ ਤਾਂ ਫਿਰ ਐਵੇਂ ਜਾਣ ਕੇ ਚੁੱਭਣ ਦੇ ਬਹਾਨੇ ਬਾਹਰ ਕੱਢ ਲਿਆ ਜਾਂਦਾ ਹੈ। ਜੇ ਕਿਸੇ ਚੋਰ ਲੁਟੇਰੇ ਨੇ ਹਮਲਾ ਕਰਨਾ ਹੋਵੇ ਤਾਂ ਉਸ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਕੋਲ ਪਿਸਤੌਲ ਹੈ। ਉਹ ਜੱਫਾ ਮਾਰ ਕੇ ਪਹਿਲਾਂ ਪਿਸਤੌਲ ਨੂੰ ਹੀ ਕਾਬੂ ਕਰੇਗਾ।
ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਪਿੰਡਾਂ ਵਿਚ ਸਿਰਫ ਦੋ-ਚਾਰ ਮੋਹਤਬਰ ਬੰਦਿਆਂ ਕੋਲ ਹੀ ਅਸਲਾ ਹੁੰਦਾ ਸੀ। ਪਿਸਤੌਲ ਵਿਦੇਸ਼ੀ ਹੋਣ ਕਾਰਨ ਬਹੁਤ ਮਹਿੰਗੇ ਸਨ ਤੇ ਹਰ ਕੋਈ ਨਹੀਂ ਸੀ ਖਰੀਦ ਸਕਦਾ, ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਸਰਕਾਰੀ ਕਾਨਪੁਰੀ ਦੇਸੀ ਪਿਸਤੌਲ ਬਣਨ ਲੱਗ ਪਏ। ਹੁਣ ਹਰ ਜਣਾ ਖਣਾ ਡੱਬ ਵਿਚ ਫਸਾਈ ਫਿਰਦਾ ਹੈ। ਹਰੇਕ ਨੌਜਵਾਨ ਬਾਲਗ ਹੁੰਦੇ ਸਾਰ ਹੀ ਲਾਇਸੈਂਸ ਬਣਾਉਣ ਵੱਲ ਭੱਜਦਾ ਹੈ। ਫਿਲਮਾਂ ਵੇਖ ਕੇ, ਵੀਡੀਓ ਗੇਮਾਂ ਖੇਡ ਕੇ ਅਤੇ ਪੰਜਾਬੀ ਗਾਇਕਾਂ ਦੇ ਜੱਟਵਾਦੀ ਗਾਣੇ ਸੁਣ ਕੇ ਜਵਾਨ ਹੋਈ ਇਸ ਪੀੜ੍ਹੀ ਨੂੰ ਅਸਲੀਅਤ ਬਾਰੇ ਪਤਾ ਨਹੀਂ ਹੈ। ਜੇ ਕਿਸੇ ਦੀ ਗਲਤੀ ਨਾਲ ਵੀ ਗੋਲੀ ਵੱਜ ਕੇ ਮੌਤ ਹੋ ਜਾਵੇ ਤਾਂ ਸਮਝੋ ਗੋਲੀ ਮਾਰਨ ਵਾਲੇ ਦੀ ਜ਼ਿੰਦਗੀ ਬਰਬਾਦ। ਉਸ ‘ਤੇ ਕਤਲ ਦਾ ਪਰਚਾ ਦਰਜ ਹੁੰਦਾ ਹੈ। ਕਤਲ ਦੇ ਪਰਚੇ ਵਿਚ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਨਹੀਂ ਹੁੰਦੀ। ਜੇ ਸਜ਼ਾ ਹੋ ਗਈ ਤਾਂ ਸਾਰੀ ਉਮਰ ਜੇਲ੍ਹ ਵਿਚ ਗਰਕ ਹੋ ਜਾਂਦੀ ਹੈ। ਦੋ ਮਿੰਟ ਦੀ ਫੁਕਰੀ ਤੇ ਦੋ-ਚਾਰ ਸੌ ਦੀ ਮੁਫਤ ਪੀਤੀ ਸ਼ਰਾਬ 50-60 ਲੱਖ ਵਿਚ ਪੈਂਦੀ ਹੈ। ਪਿੱਛੋਂ ਘਰ ਵਾਲੇ ਥਾਣਿਆਂ-ਅਦਾਲਤਾਂ ਵਿਚ ਧੱਕੇ ਖਾਂਦੇ ਫਿਰਦੇ ਹਨ। ਵਿਆਹਾਂ ਵਿਚ ਆਮ ਵੇਖਣ ਵਿਚ ਆਇਆ ਹੈ ਕਿ ਗੋਲੀਆਂ ਚੱਲਦੀਆਂ ਸ਼ੁਰੂ ਹੁੰਦਿਆਂ ਸਾਰ ਹੀ ਸਿਆਣੇ ਬੰਦੇ ਉਠ ਕੇ ਘਰਾਂ ਨੂੰ ਚੱਲ ਪੈਂਦੇ ਹਨ।
ਸਾਡੇ ਨਜ਼ਦੀਕੀ ਪਿੰਡ ਵਿਚ ਇਕ ਵਲੈਤੀਆ ਆਪਣੇ ਭਰਾ ਦਾ ਵਿਆਹ ਕਰਨ ਲਈ ਆਇਆ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬਰਾਤ ਵਿਚ ਹਥਿਆਰ ਲਿਆਉਣ ਦਾ ਹੁਕਮ ਜਾਰੀ ਕਰ ਦਿੱਤਾ। ਇਹ ਫੈਸਲਾ ਕੀਤਾ ਗਿਆ ਏਨੇ ਫਾਇਰ ਕਰਨੇ ਹਨ ਕਿ ਅੱਜ ਤੱਕ ਕਿਸੇ ਨੇ ਇਲਾਕੇ ਵਿਚ ਨਾ ਕੀਤੇ ਹੋਣ।
ਜਦੋਂ ਮੁਫਤ ਦੀ ਸ਼ਰਾਬ ਪੀ ਕੇ ਨਿਸ਼ਾਨਚੀਆਂ ਨੇ ਫਾਇਰ ਖੋਲ੍ਹਿਆ ਤਾਂ ਇਕ ਕਈ ਤਰ੍ਹਾਂ ਦੇ ਨਸ਼ਿਆਂ ਨਾਲ ਟੱਲੀ ਹੋਏ ਸੂਰਮੇ ਦਾ ਬਾਰਾਂ ਬੋਰ ਦਾ ਫਾਇਰ ਲਾੜਾ ਸਾਹਿਬ ਨੂੰ ਹੀ ਲੱਗ ਗਿਆ। ਬਹੁਤ ਮੁਸ਼ਕਲ ਨਾਲ ਲਾੜੇ ਦੀ ਜਾਨ ਬਚੀ। ਸ਼ੁਕਰ ਹੈ ਕਿ ਲਾਵਾਂ-ਫੇਰੇ ਹੋ ਗਏ ਸਨ ਨਹੀਂ ਤਾਂ ਵਿਆਹ ਵੀ ਵਿੱਚੇ ਹੀ ਰਹਿ ਜਾਣਾ ਸੀ। ਬਹੁਤ ਮੁਸ਼ਕਲ ਨਾਲ ਮਾਮਲਾ ਦਬਾਇਆ ਗਿਆ। ਰਾਤੋ-ਰਾਤ ਦਿੱਲੀ ਤੋਂ ਐਮਰਜੈਂਸੀ ਟਿਕਟ ਲੈ ਕੇ ਭੱਜਿਆ ਵਲੈਤੀਆ ਅੱਜ ਤੱਕ ਵਾਪਸ ਨਹੀਂ ਆਇਆ। ਅਸਲ ਵਿਚ ਸ਼ਰਾਬੀ ਵਿਅਕਤੀ ਤਾਂ ਆਪਣਾ-ਆਪ ਨਹੀਂ ਸੰਭਾਲ ਸਕਦਾ, ਹਥਿਆਰ ਉਸ ਨੇ ਕੀ ਸੰਭਾਲਦਾ ਹੈ।
ਹਥਿਆਰ ਆਦਮੀ ਦੀ ਆਤਮ ਰੱਖਿਆ ਲਈ ਹੁੰਦੇ ਹਨ, ਸ਼ੋਸ਼ੋਬਾਜ਼ੀ, ਹਵਾਈ ਫਾਇਰ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਨਹੀਂ। ਹਥਿਆਰ ਹਮੇਸ਼ਾ ਸਾਫ ਕਰਕੇ ਘਰ ਵਿਚ ਕਿਸੇ ਸੁਰੱਖਿਅਤ ਅਤੇ ਸੌਖਾਲੀ ਪਹੁੰਚ ਵਾਲੀ ਥਾਂ ‘ਤੇ ਰੱਖਣੇ ਚਾਹੀਦੇ ਹਨ। ਬੱਚਿਆਂ ਵਿਚ ਹਥਿਆਰ ਫੜਨ ਦੀ ਬਹੁਤ ਖਿੱਚ ਹੁੰਦੀ ਹੈ ਪਰ ਇਹ ਕੋਈ ਖਿਡੌਣਾ ਨਹੀਂ ਹੈ। ਕਦੇ ਵੀ ਭਰਿਆ ਹੋਇਆ ਹਥਿਆਰ ਬੱਚਿਆਂ ਨੂੰ ਨਹੀਂ ਫੜਾਉਣਾ ਚਾਹੀਦਾ। ਕਈ ਵਾਰ ਬੱਚੇ ਖੇਡ-ਖੇਡ ਵਿਚ ਆਪਣੇ ਭੈਣ-ਭਰਾ ਨੂੰ ਗੋਲੀ ਮਾਰ ਦਿੰਦੇ ਹਨ। ਜੇ ਜ਼ਿਆਦਾ ਸਮੇਂ ਲਈ ਘਰੋਂ ਬਾਹਰ ਜਾਣਾ ਹੋਵੇ ਤਾਂ ਹਥਿਆਰ ਨਜ਼ਦੀਕੀ ਥਾਣੇ ਜਾਂ ਗੰਨ ਹਾਊਸ ਵਿਚ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ। ਰਾਤ ਨੂੰ ਸੌਣ ਲੱਗਿਆਂ ਗੋਲੀਆਂ ਅਤੇ ਹਥਿਆਰ ਪਹੁੰਚ ਵਿਚ ਹੋਣੇ ਚਾਹੀਦੇ ਹਨ। ਹਥਿਆਰ ਨੂੰ ਲਾਕ ਲੱਗਾ ਹੋਵੇ। ਕਦੇ ਵੀ ਨਸ਼ੇ ਦੀ ਏਨੀ ਵਰਤੋਂ ਨਹੀਂ ਕਰਨੀ ਚਾਹੀਦੀ ਕਿ ਹਥਿਆਰ ਚੁੱਕਣ ਜੋਗੀ ਹਿੰਮਤ ਹੀ ਨਾ ਰਹੇ।
ਕਹਿੰਦੇ ਹਨ ਕਿ ਕਿਸਮਤ ਮਾੜੀ ਹੋਵੇ ਤਾਂ ਖਾਲੀ ਵੀ ਚੱਲ ਜਾਂਦੀ ਹੈ। ਗੋਲੀ ਹਮੇਸ਼ਾ ਬੰਦੇ ਵੱਲ ਹੀ ਜਾਂਦੀ ਹੈ। ਹੁਣ ਵੇਖਣ ਵਿਚ ਇਹ ਵੀ ਆ ਰਿਹਾ ਹੈ ਕਿ ਕਈ ਸਿਆਣੇ ਲੋਕ ਵਿਆਹ ਕਾਰਡਾਂ ‘ਤੇ ਹਥਿਆਰ ਨਾ ਲੈ ਕੇ ਆਉਣ ਦੀ ਅਪੀਲ ਵੀ ਕਰ ਰਹੇ ਹਨ। ਅਜਿਹੇ ਕਦਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਅਜਿਹੇ ਕਾਰਡ ਲੋਕਾਂ ਵਿਚ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਇਕ ਚੰਗੀ ਸੇਧ ਮਿਲੇਗੀ। ਪੰਜਾਬੀਆਂ ਨੂੰ ਫੋਕੀਆਂ ਟਾਹਰਾਂ ਮਾਰਨ ਵਾਲੇ ਰੁਝਾਨਾਂ ‘ਚੋਂ ਹੁਣ ਬਾਹਰ ਨਿਕਲਣਾ ਚਾਹੀਦਾ ਹੈ। ਸ਼ੋਸ਼ੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜੇ ਕਿਸੇ ਵਿਆਹ ਵਿਚ ਫਾਇਰ ਹੁੰਦੇ ਹਨ ਤਾਂ ਮੈਰਿਜ ਪੈਲੇਸ ਅਤੇ ਘਰ ਵਾਲੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਜ਼ਦੀਕੀ ਥਾਣੇ ਨੂੰ ਸੂਚਨਾ ਦੇਣ। ਸਿਰਫ ਇਹ ਲਿਖ ਦੇਣ ਨਾਲ ਕਿ ‘ਮੈਰਿਜ ਪੈਲੇਸ ਵਿਚ ਫਾਇਰ ਕਰਨਾ ਮਨ੍ਹਾ ਹੈ’ ਜ਼ਿੰਮੇਵਾਰੀ ਤੋਂ ਨਹੀਂ ਭੱਜਿਆ ਜਾ ਸਕਦਾ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …