9.6 C
Toronto
Wednesday, April 29, 2026
spot_img
Homeਭਾਰਤਜ਼ਮੀਨ ਘੁਟਾਲੇ ਦੇ ਮਾਮਲੇ 'ਚ

ਜ਼ਮੀਨ ਘੁਟਾਲੇ ਦੇ ਮਾਮਲੇ ‘ਚ

ਰਾਬਰਟ ਵਾਡਰਾ ਅਤੇ ਹੁੱਡਾ ਵਿਰੁੱਧ ਕੇਸ ਦਰਜ
ਗੁਰੂਗ੍ਰਾਮ/ਬਿਊਰੋ ਨਿਊਜ਼ ; ਪੁਲਿਸ ਨੇ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਰੀਅਲ ਅਸਟੇਟ ਕੰਪਨੀ ਡੀਐੱਲਐੱਫ ਵਿਰੁਧ ਅਣਐਲਾਨੀ ਮਿਲੀਭੁਗਤ ਨਾਲ ਕਰੀਬ ਪੰਜ ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕਮਾਉਣ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕਰ ਲਈ ਹੈ। ਇਹ ਐੱਫਆਈਆਰ ਰਾਠੀਵਾਸ ਪਿੰਡ ਦੇ ਵਾਸੀ ਸੁਰਿੰਦਰ ਸ਼ਰਮਾ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ। ਜ਼ਮੀਨ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਹੁੱਡਾ ਵਿਰੁੱਧ ਇਹ ਦੂਜੀ ਐਫਆਈਆਰ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੂੰਹ ਜ਼ਿਲ੍ਹੇ ਦੇ ਪਿੰਡ ਰਾਠੀਵਾਸ ਦੇ ਰਹਿਣ ਵਾਲੇ ਸੁਰਿੰਦਰ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2007 ਵਿੱਚ ਸਕਾਈਲਾਈਟ ਹੌਸਪੈਟੇਲਿਟੀ ਕੰਪਨੀ ਦੀ ਰਜਿਸਟ੍ਰੇਸ਼ਨ ਹੋਈ ਅਤੇ ਕੰਪਨੀ ਕੋਲ ਕੁੱਲ ਪੂੰਜੀ ਇੱਕ ਲੱਖ ਰੁਪਏ ਸੀ। ਇਸ ਕੰਪਨੀ ਨੇ ਉਸ ਸਮੇਂ ਤਾਜ਼ਾ ਜਾਰੀ ਕੀਤੀ ਗੁਰੂਗ੍ਰਾਮ-ਮਾਨੇਸਰ ਅਰਬਨ ਡਿਵੈਲਪਮੈਂਟ ਯੋਜਨਾ ਵਿੱਚ ਤਜਵੀਜ਼ਸ਼ੁਦਾ ਸੈਕਟਰ 85 (ਪਿੰਡ ਸ਼ਿਕੋਹਪੁਰ ਦੀ ਜ਼ਮੀਨ) ਵਿੱਚ ਓਂਕਾਰੇਸ਼ਵਰ ਪ੍ਰਾਪਰਟੀਜ਼ ਤੋਂ ਸਾਢੇ ਤਿੰਨ ਏਕੜ ਜ਼ਮੀਨ ਸਾਢੇ ਸੱਤ ਕਰੋੜ ਰੁਪਏ ਵਿੱਚ ਖਰੀਦ ਲਈ ਜਦੋਂ ਕਿ ਕੰਪਨੀ ਦੀ ਰਜਿਸਟ੍ਰੇਸ਼ਨ ਸਮੇਂ ਇਸ ਦੇ ਕੋਲ ਸਿਰਫ ਇੱਕ ਲੱਖ ਰੁਪਏ ਸਨ। ਜ਼ਮੀਨ ਖਰੀਦਣ ਲਈ ਸਕਾਈਲਾਈਟ ਰਿਐਲਟੀ ਨਾਂ ਦੀ ਦੂਜੀ ਕੰਪਨੀ ਦੇ ਚੈੱਕ ਨਾਲ ਰਾਸ਼ੀ ਦਾ ਭੁਗਤਾਨ ਦਿਖਾਇਆ ਗਿਆ ਜਦੋਂ ਕਿ ਅਸਲ ਵਿੱਚ ਜੋ ਚੈੱਕ ਦਿਖਾਏ ਹਨ, ਉਹ ਕਦੇ ਕੈਸ਼ ਹੀ ਨਹੀਂ ਕਰਵਾਏ ਗਏ। ਇਸ ਜ਼ਮੀਨ ਉੱਤੇ ਸਕਾਈਲਾਈਟ ਹੌਸਪੈਟੇਲਿਟੀ ਨੇ ਡੀਟੀਸੀਪੀ ਤੋਂ ਕਲੋਨੀ ਵਿਕਸਤ ਕਰਨ ਦਾ ਲਾਇਸੈਂਸ ਹਾਸਲ ਕਰ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਕੰਪਨੀ ਰਾਬਰਟ ਵਾਡਰਾ ਦੀ ਹੈ, ਜੋ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਦਾਮਾਦ ਹੈ। ਦੋਸ਼ ਹੈ ਕਿ ਸੂਬੇ ਵਿੱਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਸਰਕਾਰ ਨਾਲ ਮਿਲੀਭੁਗਤ ਕਰਕੇ ਲਾਇਸੈਂਸ ਪ੍ਰਾਪਤ ਕੀਤਾ ਗਿਆ ਅਤੇ ਉਕਤ ਜ਼ਮੀਨ ਨੂੰ ਰੀਅਲ ਅਸਟੇਟ ਕੰਪਨੀ ਡੀਐਲਐਫ਼ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ। ਦੋਸ਼ ਹੈ ਕਿ ਡੀਐਲਐਫ ਨੂੰ ਬਾਅਦ ਵਿੱਚ ਕੁੱਲ ਤਿੰਨ ਏਕੜ ਜ਼ਮੀਨ ਲਈ ਇੰਨੇ ਵੱਡੇ ਭੁਗਤਾਨ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗਲਤ ਤਰੀਕੇ ਨਾਲ ਵਜੀਰਾਬਾਦ ਪਿੰਡ ਦੀ 350 ਏਕੜ ਜ਼ਮੀਨ ਅਲਾਟ ਕਰ ਦਿੱਤੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਹ ਸਭ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਜਿਸ ਵੇਲੇ ਇਹ ਸੌਦਾ ਹੋਇਆ ਉਸ ਵੇਲੇ ਸਕਾਈਲਾਈਟ ਹੌਸਪਿਟੈਲਿਟੀ ਤਕਨੀਕੀ ਅਤੇ ਵਿੱਤੀ ਰੂਪ ਵਿੱਚ ਸਮਰੱਥ ਨਹੀਂ ਸੀ। ਇੰਨਾ ਹੀ ਨਹੀਂ ਕਲੋਨੀ ਦੇ ਵਿਕਾਸ ਲਈ ਜੋ ਲਾਇਸੈਂਸ ਸਕਾਈਲਾਈਟ ਹੌਸਪਿਟੈਲਿਟੀ ਨੂੰ ਦਿੱਤਾ ਗਿਆ ਉਸ ਵਿੱਚ ਵੀ ਅਨੇਕਾਂ ਖ਼ਾਮੀਆਂ ਸਨ। ਇਸ ਦਾ ਇੰਤਕਾਲ ਬਾਅਦ ਵਿੱਚ ਚੱਕਬੰਦੀ ਦੇ ਤਤਕਾਲੀ ਨਿਰਦੇਸ਼ਕ ਨੇ ਰੱਦ ਕਰ ਦਿੱਤਾ ਸੀ। ਦੋਸ਼ ਹੈ ਕਿ ਮਗਰੋਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਨੇੜਲੇ ਤਿੰਨ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਨਿਰਦੇਸ਼ਕ ਦੇ ਉਸ ਹੁਕਮ ਨੂੰ ਰੱਦ ਕਰਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੂਰੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਬਰਟ ਵਾਡਰਾ, ਡੀਐੱਲਐੱਫ ਅਤੇ ਓਂਕਾਰੇਸ਼ਵਰ ਪ੍ਰਾਪਰਟੀ ਨੇ ਮਿਲ ਕੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਸੀ ਤੇ ਇਸ ਲਈ ਸੱਤਾ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਕੀਤੀ ਗਈ। ਪੁਲਿਸ ਦੇ ਬੁਲਾਰੇ ਸੁਭਾਸ਼ ਬੋਕਨ ਨੇ ਦੱਸਿਆ ਕਿ ਧਾਰਾ 120 ਬੀ, 420, 467, 468 ਅਤੇ 471 ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਹੋ ਕੇ ਅੱਗੇ ਵਧੇਗੀ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਐਸਆਈਟੀ ਦਾ ਗਠਨ ਕੀਤਾ ਜਾਵੇ ਜਾਂ ਜਾਂਚ ਕਿਸ ਏਜੰਸੀ ਤੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਵਿੱਚ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS