ਸਮਾਗਮ ਦੇ ਪ੍ਰਬੰਧਕਾਂ ਤੇ ਸ਼ਰਾਰਤੀ ਅਨਸਰਾਂ ਵਿਚਾਲੇ ਹੋਈ ਧੱਕਾਮੁੱਕੀ
ਬੰਗਲੂਰੂ/ਬਿਊਰੋ ਨਿਊਜ਼ : ਬੰਗਲੁਰੂ ਵਿਖੇ ਗਾਂਧੀ ਭਵਨ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕਰਵਾਏ ਸਮਾਗਮ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਾਲੀ ਸਿਆਹੀ ਸੁੱਟੀ ਗਈ। ਇਸ ਘਟਨਾ ਤੋਂ ਫੌਰੀ ਮਗਰੋਂ ਸਮਾਗਮ ਦੇ ਪ੍ਰਬੰਧਕਾਂ ਤੇ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਹੋਈ। ਦੋਵਾਂ ਧਿਰਾਂ ਨੇ ਉਥੇ ਪਈਆਂ ਪਲਾਸਟਿਕ ਦੀਆਂ ਕੁਰਸੀਆਂ ਨਾਲ ਇਕ ਦੂਜੇ ‘ਤੇ ਹਮਲਾ ਕੀਤਾ।
ਸਥਾਨਕ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਰਾਕੇਸ਼ ਟਿਕੈਤ ‘ਕਿਸਾਨ ਅੰਦੋਲਨ, ਅੰਦਰਝਾਤ ਤੇ ਸਪੱਸ਼ਟੀਕਰਨ’ ਵਿਸ਼ੇ ‘ਤੇ ਰੱਖੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਇਥੇ ਆਏ ਸਨ। ਕਾਨਫਰੰਸ ਦਾ ਪ੍ਰਬੰਧ ਕਰਨਾਟਕ ਰਾਜ ਕਿਸਾਨ ਐਸੋਸੀਏਸ਼ਨ ਤੇ ਹਾਸੀਰੁ ਸੇਨੇ ਵੱਲੋਂ ਕੀਤਾ ਗਿਆ ਸੀ।
ਕਾਨਫਰੰਸ ਦੌਰਾਨ ਰਾਕੇਸ਼ ਟਿਕੈਤ ਸਣੇ ਹੋਰ ਆਗੂ, ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ ‘ਤੇ ਲੱਗੇ ਆਰੋਪਾਂ ਬਾਬਤ ਸਫਾਈ ਦੇ ਰਹੇ ਸਨ। ਸਥਾਨਕ ਮੀਡੀਆ ਨੇ ਚੰਦਰਸ਼ੇਖਰ ‘ਤੇ ਆਰੋਪ ਲਾਇਆ ਸੀ ਕਿ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਧਰਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਉਸ ਵੱਲੋਂ ਕਥਿਤ ਵੱਢੀ ਨੂੰ ਲੈ ਕੇ ਵਿਚੋਲਗੀ ਕੀਤੀ ਜਾ ਰਹੀ ਸੀ। ਇਸ ਦੌਰਾਨ ਤਿੰਨ ਵਿਅਕਤੀ ਅਚਾਨਕ ਮੰਚ ‘ਤੇ ਚੜ੍ਹੇ ਤੇ ਉਨ੍ਹਾਂ ਰਾਕੇਸ਼ ਟਿਕੈਤ ‘ਤੇ ਕਾਲੀ ਸਿਆਹੀ ਸੁੱਟੀ। ਕਿਸਾਨ ਆਗੂ ਯੁੱਧਵੀਰ ਸਿੰਘ ਉੱਤੇ ਵੀ ਕਾਲੀ ਸਿਆਹੀ ਦੇ ਛਿੱਟੇ ਪਏ।
ਚਸ਼ਮਦੀਦਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਦੇ ਸਿਰ ‘ਤੇ ਸੱਟ ਵੀ ਵੱਜੀ ਹੈ। ਟਿਕੈਤ ‘ਤੇ ਸਿਆਹੀ ਸੁੱਟਣ ਤੋਂ ਬਾਅਦ ਹਮਲਾਵਰ ‘ਮੋਦੀ-ਮੋਦੀ’ ਦੇ ਨਾਅਰੇ ਲਗਾਉਂਦੇ ਵੀ ਸੁਣੇ ਗਏ। ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਕਿਸਾਨ ਆਗੂਆਂ ਤੇ ਕਾਰਕੁਨਾਂ ਅਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਵੀ ਹੋਈ। ਮੌਕੇ ‘ਤੇ ਪੁੱਜੀ ਸਥਾਨਕ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਕਿਸਾਨ ਆਗੂਆਂ ਨੇ ਰਾਕੇਸ਼ ਟਿਕੈਤ ਦੀ ਸੁਰੱਖਿਆ ‘ਚ ਨਾਕਾਮ ਰਹਿਣ ਲਈ ਕਰਨਾਟਕ ਪੁਲਿਸ ਖਿਲਾਫ ਗੁੱਸਾ ਜ਼ਾਹਿਰ ਕੀਤਾ ਹੈ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਰਾਕੇਸ਼ ਟਿਕੈਤ ‘ਤੇ ਹਮਲਾ ਕੀਤੇ ਜਾਣ ਦਾ ਖਦਸ਼ਾ ਸੀ ਤੇ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸੇ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ‘ਤੇ ਸਿਆਹੀ ਨਾਲ ਹਮਲਾ ਕਰਨਾਟਕ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਇਸ ਹਮਲੇ ਲਈ ਸਥਾਨਕ ਪੁਲਿਸ ਜ਼ਿੰਮੇਵਾਰ ਹੈ ਤੇ ਇਹ ਸਭ ਕੁਝ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਰਨਾਟਕ ਸਰਕਾਰ ਅਤੇ ਪੁਲਿਸ ਦੀ ਨਾਕਾਮੀ ਹੈ। ਇਹ ਇੱਕ ਸਾਜਿਸ਼ ਸੀ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਜਗਮੋਹਨ ਸਿੰਘ ਪਟਿਆਲਾ, ਸੁਖਦਰਸ਼ਨ ਨੱਤ ਤੇ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਆਦਿ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਟਿਕੈਤ ‘ਤੇ ਹੋਏ ਹਮਲੇ ਦੀ ਨਿਆਂਇਕ ਜਾਂਚ ਹੋਵੇ : ਮੋਰਚਾ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਬੰਗਲੁਰੂ ਵਿੱਚ ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਉਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਮੋਰਚੇ ਦੇ ਸੱਦੇ ਉਤੇ ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਉਤਰਾਖੰਡ, ਦਿੱਲੀ ਤੇ ਤਿਲੰਗਾਨਾ ਸਮੇਤ ਮੱਧ ਪ੍ਰਦੇਸ਼ ਵਿੱਚ ਕਿਸਾਨ ਆਗੂਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਯਾਦ ਪੱਤਰ ਦੇ ਕੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਨਿਆਂਇਕ ਜਾਂਚ ਮੰਗੀ ਹੈ। ਮੋਰਚੇ ਨੇ ਰਾਕੇਸ਼ ਟਿਕੈਤ ਨੂੰ ਸੁਰੱਖਿਆ ਦੇਣ ਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਮੋਰਚੇ ਮੁਤਾਬਕ ਇਸ ਘਟਨਾ ਨੇ ਇੱਕ ਵਾਰ ਫਿਰ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਨੂੰ ਸ਼ਾਂਤਮਈ ਤੇ ਜਮਹੂਰੀ ਤਰੀਕਿਆਂ ਨਾਲ ਝੁਕਾਉਣਾ ਜਾਣਦੇ ਹਨ। ਮੋਰਚੇ ਵੱਲੋਂ ਕਿਹਾ ਗਿਆ ਕਿ ਮੁੱਖ ਦੋਸ਼ੀ ਭਰਤ ਸ਼ੈਟੀ ਦੀ ਪਛਾਣ ਕਰ ਲਈ ਗਈ ਹੈ ਤੇ ਉਹ ਪੁਲਿਸ ਦੀ ਹਿਰਾਸਤ ‘ਚ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਵਿਜੇਂਦਰ, ਮੌਜੂਦਾ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਤੇ ਸਿੰਜਾਈ ਮੰਤਰੀ ਗੋਵਿੰਦ ਕਰਜੋਲ ਦੇ ਨਾਲ ਮੁੱਖ ਮੁਲਜ਼ਮ ਦੀ ਫੋਟੋ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਹਮਲਾ ਭਾਜਪਾ ਦੁਆਰਾ ਹੀ ਕਰਾਇਆ ਗਿਆ ਸੀ। ਮੋਰਚੇ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਅੰਦੋਲਨ ਖਿਲਾਫ ਇੱਕ ਟੀਵੀ ਚੈਨਲ ਵੱਲੋਂ ਚਲਾਈ ਪ੍ਰਚਾਰ ਮੁਹਿੰਮ ਕਾਰਨ ਬਣੇ ਤਣਾਅਪੂਰਨ ਮਾਹੌਲ ਦੇ ਬਾਵਜੂਦ ਸੱਤਾਧਾਰੀ ਭਾਜਪਾ ਨੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ। ਮੋਰਚੇ ਨੇ ਆਪਣੇ ਬਿਆਨ ਵਿੱਚ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਸਿਆਹੀ ਦੀ ਥਾਂ ਤੇਜ਼ਾਬ ਜਾਂ ਇੱਥੋਂ ਤੱਕ ਕਿ ਬੰਬ ਵੀ ਵਰਤਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰਾਂ ਨੂੰ ਭਾਜਪਾ ਅਤੇ ਕਰਨਾਟਕ ਸਰਕਾਰ ਦਾ ਪੂਰਾ ਸਮਰਥਨ ਸੀ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਆਰੋਪੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਜਾਣ ਤੇ ਰਾਕੇਸ਼ ਟਿਕੈਤ ਨੂੰ ਸੁਰੱਖਿਆ ਦਿੱਤੀ ਜਾਵੇ।
ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ: ਟਿਕੈਤ
ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਕਾਲੀ ਸਿਆਹੀ ਤੇ ਜਾਨਲੇਵਾ ਹਮਲੇ’ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਟਿਕੈਤ ਨੇ ਆਪਣੇ ‘ਤੇ ਹੋਏ ਹਮਲੇ ਲਈ ਬੰਗਲੁਰੂ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਆਰੋਪ ਲਾਇਆ ਕਿ ਇਸ ਘਟਨਾਕ੍ਰਮ ਨੂੰ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਲ ਰਲ ਕੇ ਅੰਜਾਮ ਦਿੱਤਾ ਗਿਆ ਹੈ।
ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਤੇ ਹੋਰਾਂ ਪੱਛੜੇ ਵਰਗਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਸੰਘਰਸ਼ ਆਖ਼ਰੀ ਸਾਹ ਤੱਕ ਜਾਰੀ ਰਹੇਗੀ। ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਟਿਕੈਤ ਵੱਲੋਂ ਲਾਏ ਆਰੋਪਾਂ ਨੂੰ ਖਾਰਜ ਕੀਤਾ ਹੈ।
ਰਾਕੇਸ਼ ਟਿਕੈਤ ‘ਤੇ ਹਮਲਾ ਭਾਜਪਾ ਦੀ ਸ਼ਹਿ ਨਾਲ ਹੋਇਆ: ਉਗਰਾਹਾਂ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬੰਗਲੂਰੂ ਵਿੱਚ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਰਾਕੇਸ਼ ਟਿਕੈਤ ‘ਤੇ ਹਮਲੇ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਮੌਜੂਦਾ ਗ੍ਰਹਿ ਮੰਤਰੀ ਅਤੇ ਸਿੰਜਾਈ ਮੰਤਰੀ ਦੇ ਨਾਲ ਇਸ ਮੁਲਜ਼ਮ ਦੀ ਵਾਇਰਲ ਹੋਈ ਤਸਵੀਰ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨ ਆਗੂ ਉੱਤੇ ਹਮਲਾ ਭਾਜਪਾ ਦੀ ਸ਼ਹਿ ‘ਤੇ ਕੀਤਾ ਗਿਆ ਸੀ।
ਇਹ ਵੀ ਸਪੱਸ਼ਟ ਹੈ ਕਿ ਇੱਕ ਟੀਵੀ ਚੈਨਲ ਵੱਲੋਂ ਕਿਸਾਨ ਅੰਦੋਲਨ ਖਿਲਾਫ ਪ੍ਰਚਾਰ ਕਾਰਨ ਬਣੇ ਤਣਾਅਪੂਰਨ ਮਾਹੌਲ ਦੇ ਬਾਵਜੂਦ ਸੂਬੇ ਦੀ ਭਾਜਪਾ ਸਰਕਾਰ ਨੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਸਨ। ਆਗੂਆਂ ਨੇ ਕਿਹਾ ਕਿ ਇਸ ਨੂੰ ਆਮ ਘਟਨਾ ਕਹਿ ਕੇ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਸੁਰੱਖਿਆ ਵਿੱਚ ਕੁਤਾਹੀ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ। ਆਗੂਆਂ ਨੇ ਘਟਨਾ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਆਰੋਪ ਲਾਇਆ ਹੈ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿਸਾਨੀ ਮੰਗਾਂ ਲਈ ਸੰਘਰਸ਼ ਭਖਾ ਕੇ ਭਾਜਪਾ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਠੋਕਵਾਂ ਜੁਆਬ ਦਿੱਤਾ ਜਾਵੇਗਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …