ਨੈਸ਼ਨਲ ਹੈਰਾਲਡ ਕੇਸ ਵਿਚ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਕੇਸ ‘ਚ ਪੁੱਛ-ਪੜਤਾਲ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਨੂੰ ਤਲਬ ਕੀਤਾ ਹੈ। ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਸੰਮਨਾਂ ਦੀ ਤਾਮੀਲ ਕੀਤੀ ਜਾਵੇਗੀ। ਸਿੰਘਵੀ ਅਤੇ ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜਾਂਚ ਏਜੰਸੀ ਨੂੰ ਪੇਸ਼ੀ ਦੀ ਤਰੀਕ 5 ਜੂਨ ਤੋਂ ਬਾਅਦ ਤੱਕ ਟਾਲਣ ਲਈ ਚਿੱਠੀ ਲਿਖੀ ਹੈ ਕਿਉਂਕਿ ਉਹ ਮੁਲਕ ‘ਚ ਨਹੀਂ ਹਨ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਣ ਸਬੰਧੀ ਐਕਟ ਦੀਆਂ ਧਾਰਾਵਾਂ ਤਹਿਤ ਸੋਨੀਆ ਅਤੇ ਰਾਹੁਲ ਗਾਂਧੀ ਦੇ ਬਿਆਨ ਦਰਜ ਕਰਨਾ ਚਾਹੁੰਦੇ ਹਨ। ਇਹ ਕੇਸ ਪਾਰਟੀ ਸਮਰਥਿਤ ‘ਯੰਗ ਇੰਡੀਅਨ’ ਵਿਚ ਕਥਿਤ ਵਿੱਤੀ ਗੜਬੜੀ ਦੀ ਜਾਂਚ ਦੇ ਸਬੰਧ ‘ਚ ਹੁਣੇ ਜਿਹੇ ਦਰਜ ਕੀਤਾ ਗਿਆ ਸੀ। ਅਖ਼ਬਾਰ ਨੈਸ਼ਨਲ ਹੈਰਾਲਡ, ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਦਾ ਹੈ। ਨੈਸ਼ਨਲ ਹੈਰਾਲਡ, ਐਸੋਸੀਏਟਿਡ ਜਰਨਲਜ਼ ਲਿਮਿਟਡ (ਏਜੇਐੱਲ) ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਦੀ ਮਾਲਕੀ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਕੋਲ ਹੈ। ਈਡੀ ਨੇ ਪਿੱਛੇ ਜਿਹੇ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਅਤੇ ਪਵਨ ਬਾਂਸਲ ਕੋਲੋਂ ਵੀ ਪੁੱਛ-ਪੜਤਾਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਸੋਨੀਆ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਪੁੱਛ-ਪੜਤਾਲ ਕਰਕੇ ਵਿੱਤੀ ਲੈਣ-ਦੇਣ, ਯੰਗ ਇੰਡੀਅਨ ਦੇ ਪ੍ਰਮੋਟਰਾਂ ਅਤੇ ਏਜੇਐੱਲ ਦੀ ਭੂਮਿਕਾ ਬਾਰੇ ਪਤਾ ਲਗਾਉਣਾ ਚਾਹੁੰਦੀ ਹੈ। ਹੇਠਲੀ ਅਦਾਲਤ ਵੱਲੋਂ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਖਿਲਾਫ ਆਮਦਨ ਕਰ ਵਿਭਾਗ ਦੀ ਜਾਂਚ ਦਾ ਨੋਟਿਸ ਲਏ ਜਾਣ ਮਗਰੋਂ ਏਜੰਸੀ ਨੇ ਪੀਐੱਮਐੱਲਏ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਇਕ ਨਵਾਂ ਕੇਸ ਦਰਜ ਕੀਤਾ ਸੀ। ਭਾਜਪਾ ਆਗੂ ਸੁਬਰਾਮਣੀਅਨ ਸਵਾਮੀ ਨੇ ਇਸ ਸਬੰਧ ‘ਚ 2013 ‘ਚ ਇਕ ਸ਼ਿਕਾਇਤ ਦਰਜ ਕਰਵਾਈ ਸੀ। ਸਵਾਮੀ ਨੇ ਸੋਨੀਆ, ਰਾਹੁਲ ਅਤੇ ਹੋਰਾਂ ‘ਤੇ ਧੋਖਾਧੜੀ ਦੀ ਸਾਜਿਸ਼ ਘੜਨ ਅਤੇ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਦੇ ਫੰਡ ਦਾ ਗਬਨ ਕਰਨ ਦੀ ਸਾਜਿਸ਼ ਦਾ ਆਰੋਪ ਲਾਇਆ ਸੀ। ਸਵਾਮੀ ਨੇ ਇਹ ਵੀ ਆਰੋਪ ਲਾਇਆ ਸੀ ਕਿ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਨੇ 90.25 ਕਰੋੜ ਰੁਪਏ ਦੀ ਵਸੂਲੀ ਦੇ ਅਧਿਕਾਰ ਹਾਸਲ ਕਰਨ ਲਈ ਸਿਰਫ਼ 50 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ ਜੋ ਏਜੇਐੱਲ ‘ਤੇ ਕਾਂਗਰਸ ਦਾ ਬਕਾਇਆ ਸੀ। ਸੋਨੀਆ ਅਤੇ ਰਾਹੁਲ ਯੰਗ ਇੰਡੀਅਨ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ ‘ਚ ਸ਼ਾਮਲ ਹਨ। ਦਿੱਲੀ ਹਾਈਕੋਰਟ ਨੇ ਪਿਛਲੇ ਸਾਲ ਫਰਵਰੀ ‘ਚ ਸਵਾਮੀ ਦੀ ਅਰਜ਼ੀ ‘ਤੇ ਸੋਨੀਆ ਅਤੇ ਰਾਹੁਲ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਸੀ। ਸੋਨੀਆ ਅਤੇ ਰਾਹੁਲ ਨੇ 2015 ‘ਚ 50-50 ਹਜ਼ਾਰ ਰੁਪਏ ਦੀ ਨਿੱਜੀ ਜਾਮਨੀ ਅਤੇ ਇੰਨੀ ਹੀ ਰਕਮ ਦਾ ਬਾਂਡ ਭਰਨ ਤੋਂ ਬਾਅਦ ਅਦਾਲਤ ਤੋਂ ਜ਼ਮਾਨਤ ਮਿਲੀ ਸੀ। ਉਂਜ ਉਨ੍ਹਾਂ ਦਿੱਲੀ ਹਾਈ ਕੋਰਟ ‘ਚ ਦਲੀਲ ਦਿੱਤੀ ਕਿ ਸਵਾਮੀ ਦੀ ਅਰਜ਼ੀ ਗਲਤ ਤੱਥਾਂ ‘ਤੇ ਆਧਾਰਿਤ ਹੈ।
ਨੋਟਿਸਾਂ ਤੋਂ ਅਸੀਂ ਡਰਨ ਵਾਲੇ ਨਹੀਂ : ਕਾਂਗਰਸੀ ਆਗੂ
ਨਵੀਂ ਦਿੱਲੀ : ਕਾਂਗਰਸ ਨੇ ਈਡੀ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਭੇਜੇ ਗਏ ਸੰਮਨਾਂ ਤੋਂ ਬਾਅਦ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਆਰੋਪ ਲਾਇਆ ਹੈ ਕਿ ਦੇਸ਼ ਨੂੰ ਗੁੰਮਰਾਹ ਕਰਨ ਲਈ ਇਹ ਕਾਇਰਾਨਾ ਸਾਜਿਸ਼ ਘੜੀ ਗਈ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ਉਸ ਦੀ ਲੀਡਰਸ਼ਿਪ ਅਜਿਹੇ ਸੰਮਨਾਂ ਤੋਂ ਡਰਨ ਅਤੇ ਝੁਕਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨਿਡਰ ਹਨ ਅਤੇ ਉਹ ਜਾਂਚ ਏਜੰਸੀ ਅੱਗੇ ਪੇਸ਼ ਹੋਣ ਲਈ ਤਿਆਰ ਹਨ। ਅਸੀਂ ਅਜਿਹੇ ਹਥਕੰਡਿਆਂ ਤੋਂ ਡਰਾਂਗੇ ਨਹੀਂ ਸਗੋਂ ਕਾਨੂੰਨੀ, ਸਮਾਜਿਕ ਅਤੇ ਸਿਆਸੀ ਤੌਰ ‘ਤੇ ਡਟ ਕੇ ਲੜਾਂਗੇ। ਉਨ੍ਹਾਂ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕਠਪੁਤਲੀ ਈਡੀ ਤੋਂ ਸੋਨੀਆ ਅਤੇ ਰਾਹੁਲ ਨੂੰ ਨੋਟਿਸ ਜਾਰੀ ਕਰਵਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਫ ਹੈ ਕਿ ਤਾਨਾਸ਼ਾਹ ਡਰ ਗਿਆ ਹੈ। ਸਾਰੇ ਮੋਰਚਿਆਂ ‘ਤੇ ਆਪਣੀਆਂ ਨਾਕਾਮੀਆਂ ਛਿਪਾਉਣ ‘ਚ ਬੁਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਉਹ ਹਿਲੇ ਹੋਏ ਹਨ। ਉਹ ਸਮਝ ਲੈਣ ਕਿ ਆਜ਼ਾਦੀ ਦੇ ਅੰਦੋਲਨ ਦੀ ਇਹ ਆਵਾਜ਼ ਉਨ੍ਹਾਂ ਦੇ ਚੱਕਰਵਿਊ ‘ਚ ਸੰਨ੍ਹ ਲਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਵਰਕਰ ਸੋਨੀਆ ਤੇ ਰਾਹੁਲ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।
ਕੇਂਦਰੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ: ਅਨੁਰਾਗ ਠਾਕੁਰ
ਨਵੀਂ ਦਿੱਲੀ : ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਨੂੰ ਈਡੀ ਵੱਲੋਂ ਸੰਮਨ ਜਾਰੀ ਹੋਣ ਮਗਰੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸਰਕਾਰੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਸਰਕਾਰੀ ਏਜੰਸੀਆਂ ਦੀ ਵਰਤੋਂ ਕਰਨ ਦੇ ਆਰੋਪ ਲਾਏ ਜਾਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰਦੀਆਂ ਹਨ ਅਤੇ ਸਰਕਾਰ ਦਾ ਇਸ ‘ਚ ਕੋਈ ਦਖਲ ਨਹੀਂ ਹੁੰਦਾ ਹੈ।