
ਨਵੀਂ ਦਿੱਲੀ/ਬਿਊਰੋ ਨਿਊਜ਼
ਸੋਨੇ ਦੀਆਂ ਕੀਮਤਾਂ ਵਿੱਚ ਮਜ਼ਬੂਤੀ ਅਤੇ ਗੋਲਡ ਲੋਨ ਕਾਰੋਬਾਰ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦਿਆਂ ਜੇਪੀ ਮਾਰਗਨ ਨੇ ਤਿੰਨ ਪ੍ਰਮੁੱਖ ਗੋਲਡ ਲੋਨ ਕੰਪਨੀਆਂ ਵਿੱਚ ਨਿਵੇਸ਼ ਦੀ ਸਲਾਹ ਦਿੱਤੀ ਹੈ। ਬ੍ਰੋਕਰੇਜ ਨੇ ਆਈ.ਆਈ.ਐਫ.ਐਲ. ਫਾਇਨਾਂਸ, ਮੁਥੂਟ ਫਾਇਨਾਂਸ ਅਤੇ ਮਣੱਪੁਰਮ ਫਾਇਨਾਂਸ ’ਤੇ ਓਵਰਵੇਟ ਰੇਟਿੰਗ ਦਿੱਤੀ ਹੈ।
ਜੇਪੀ ਮਾਰਗਨ ਦਾ ਮੰਨਣਾ ਹੈ ਕਿ ਸੋਨਾ ਹੁਣ ਸਿਰਫ਼ ਨਿਵੇਸ਼ ਦਾ ਸਾਧਨ ਨਹੀਂ ਰਿਹਾ, ਸਗੋਂ ਤੇਜ਼ੀ ਨਾਲ ਕਰਜ਼ਾ ਹਾਸਲ ਕਰਨ ਲਈ ਵਰਤੀ ਜਾਣ ਵਾਲੀ ਵਿੱਤੀ ਸੰਪਤੀ ਵੀ ਬਣ ਰਿਹਾ ਹੈ। ਬ੍ਰੋਕਰੇਜ ਦੇ ਮੁਤਾਬਕ ਪਿਛਲੇ ਦੋ ਸਾਲਾਂ ਦੌਰਾਨ ਗੋਲਡ ਲੋਨ ਕਾਰੋਬਾਰ ਵਿੱਚ ਲਗਭਗ 65 ਫੀਸਦੀ ਸਾਲਾਨਾ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਹਨ।
ਰਿਪੋਰਟ ਤੋਂ ਬਾਅਦ ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਤਿੰਨਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਆਈ.ਆਈ.ਐਫ.ਐਲ. ਫਾਇਨਾਂਸ ਲਗਭਗ 5 ਫੀਸਦੀ ਵਧ ਕੇ 670 ਰੁਪਏ ਦੇ ਪੱਧਰ ਤੱਕ ਪਹੁੰਚ ਗਿਆ, ਜਦਕਿ ਮੁਥੂਟ ਫਾਇਨਾਂਸ ਕਰੀਬ 3 ਫੀਸਦੀ ਚੜ੍ਹ ਕੇ 3,047 ਰੁਪਏ ਦੇ ਆਸ-ਪਾਸ ਪਹੁੰਚ ਗਿਆ। ਮਣੱਪੁਰਮ ਫਾਇਨਾਂਸ ਵੀ ਬਾਜ਼ਾਰ ਖੁੱਲ੍ਹਣ ਦੇ ਪਹਿਲੇ ਘੰਟੇ ਵਿੱਚ 2 ਫੀਸਦੀ ਤੋਂ ਵੱਧ ਵਧ ਕੇ ਲਗਭਗ 358 ਰੁਪਏ ’ਤੇ ਪਹੁੰਚ ਗਿਆ। ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਕਾਰਨ ਗੋਲਡ ਲੋਨ ਕੰਪਨੀਆਂ ਦੇ ਸ਼ੇਅਰਾਂ ਨੂੰ ਹਾਲ ਹੀ ਵਿੱਚ ਵੀ ਕਾਫ਼ੀ ਸਮਰਥਨ ਮਿਲਿਆ ਹੈ।

