16.9 C
Toronto
Wednesday, October 15, 2025
spot_img
Homeਭਾਰਤਹਰਿਆਣਾ 'ਚ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਹਰਿਆਣਾ ‘ਚ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਕੁਰੂਕਸ਼ੇਤਰ : ਹਰਿਆਣਾ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਨਾਲ ਵਿੱਚ ‘ਚੜ੍ਹਦੀ ਕਲਾ ਸਮਾਗਮ’ ਕਰਵਾਇਆ। ਇਸ ਮੌਕੇ ਮੁਗਲ ਅੱਤਿਆਚਾਰ ਖ਼ਿਲਾਫ਼ ਲੋਕਾਂ ਵਿੱਚ ਆਜ਼ਾਦੀ ਦੀ ਭਾਵਨਾ ਪੈਦਾ ਕਰਨ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਅਹਿਮ ਯੋਗਦਾਨ ਨੂੰ ਯਾਦ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਈ ਅਹਿਮ ਐਲਾਨ ਕੀਤੇ। ਪੱਗ ਬੰਨ੍ਹ ਕੇ ਸਮਾਗਮ ਵਿੱਚ ਪੁੱਜੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੰਬਾਲਾ, ਪੰਚਕੂਲਾ ਜਾਂ ਯਮੁਨਾਨਗਰ ਜ਼ਿਲ੍ਹਿਆਂ ਵਿੱਚ ਖੋਲ੍ਹੀਆਂ ਜਾ ਰਹੀਆਂ ਯੂਨੀਵਰਸਿਟੀਆਂ ਵਿੱਚੋਂ ਕਿਸੇ ਇਕ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਯੂਨੀਵਰਸਿਟੀ ਰੱਖਿਆ ਜਾਵੇਗਾ। ਲਖਨੌਰ ਸਾਹਿਬ ਵਿੱਚ ਮਾਤਾ ਗੁਜਰੀ ਦੇ ਨਾਂ ‘ਤੇ ਵੀਐਲਡੀਏ ਕਾਲਜ ਖੋਲ੍ਹਿਆ ਜਾਵੇਗਾ ਅਤੇ ਅੰਬਾਲਾ ਦੇ ਮਾਨਵ ਚੌਕ ਤੋਂ ਲਖਨੌਰ ਸਾਹਿਬ ਤੱਕ ਸੜਕ ਦਾ ਨਾਂ ਮਾਤਾ ਗੁਜਰੀ ਮਾਰਗ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੰਧ ਵਿੱਚ ਸਾਹਿਬਜ਼ਾਦਾ ਫਤਹਿ ਸਿੰਘ ਦੇ ਨਾਂ ‘ਤੇ ਕਾਲਜ ਖੋਲ੍ਹਿਆ ਜਾਵੇਗਾ। ਜੀਟੀ ਰੋਡ ‘ਤੇ ਅੰਬਾਲਾ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਵੱਲੋਂ ਜਾਣ ਵਾਲੇ ਤਿੰਨ ਰਾਹੇ ‘ਤੇ ਸਿੱਖ ਮਿਊਜ਼ੀਅਮ, ਕਰਨਾਲ-ਕੈਥਲ ਸੜਕ ਮਾਰਗ ਤੇ ਚਿੜਾਵ ਮੋੜ ‘ਤੇ ਗੁਰੂ ਨਾਨਕ ਦੇਵ ਪ੍ਰਵੇਸ਼ ਦੁਆਰ ਬਣਾਉਣ ਤੋਂ ਇਲਾਵਾ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਪੀਜੀਟੀ ਦੇ 397 ਅਤੇ ਟੀਜੀਟੀ ਦੇ 392 ਪੰਜਾਬੀ ਅਧਿਆਪਕ ਭਰਤੀ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖ ਗੁਰੂ ਸਾਹਿਬਾਨ ਦੇ ਨਾਂ ‘ਤੇ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਕੀਤਾ। ਮੁੱਖ ਮੰਤਰੀ ਨੇ ਰਾਸ਼ਟਰੀ ਰਾਜਮਾਰਗ ਨੰਬਰ-73 ਦੇ ਨਾਡਾ ਸਾਹਿਬ ਤੋਂ ਕਪਾਲਮੋਚਨ ਮਾਰਗ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਰੱਖਣ ਅਤੇ ਅੰਬਾਲਾ ਦੀ ਗੁਰੂ ਗੋਬਿੰਦ ਸਿੰਘ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਸੰਤ ਸਮਾਜ ਦੀਆਂ 175 ਤੋਂ ਵੱਧ ਹਸਤੀਆਂ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਇਸ ਪ੍ਰੋਗਰਾਮ ਵਿੱਚ ਸਹਿਯੋਗ ਦਿੱਤਾ। ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਿਹਾ ਕਿ ਜਦੋਂ ਵੀ ਦੇਸ਼ ਦਾ ਇਤਿਹਾਸ ਲਿਖਿਆ ਜਾਵੇਗਾ, ਖਾਲਸਾ ਪੰਥ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਆਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਜਾਤ-ਪਾਤ ਦੇ ਵਿਤਕਰੇ ਨੂੰ ਖ਼ਤਮ ਕਰਨ ਲਈ ਖਾਸ ਤੌਰ ‘ਤੇ ਯਤਨ ਕੀਤੇ। ਉਨ੍ਹਾਂ ਸ਼ਬਦ ਨੂੰ ਗੁਰੂ ਦਾ ਦਰਜਾ ਦੇ ઠਕੇ ਦੇਹਧਾਰੀ ਗੁਰੂ ਪਰੰਪਰਾ ਨੂੰ ਖਤਮ ਕੀਤਾ। ਭਾਜਪਾ ਦੇ ਸੂਬਾਈ ਪ੍ਰਧਾਨ ਅਤੇ ਵਿਧਾਇਕ ਸੁਭਾਸ਼ ਬਰਾਲਾ ਨੇ ‘ਹਿੰਦ ਤੇਰੀ ਸ਼ਾਨ ਬਦਲੇ ਮਾਂ ਗੁਜਰੀ ਦੀ ਕੁਰਬਾਨੀ’ ਕਵਿਤਾ ਸੁਣਾ ਕੇ ਸੰਗਤ ਦਾ ਮਨ ਮੋਹ ਲਿਆ। ਮੁੱਖ ਪਾਰਲੀਮਾਨੀ ਸਕੱਤਰ ਬਖ਼ਸ਼ੀਸ਼ ਸਿੰਘ ਵਿਰਕ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ ਸਰਕਾਰੀ ਤੌਰ ‘ਤੇ ਮਨਾਉਣ ਦੀ ਪਹਿਲ ਕੀਤੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਸਿੱਖ ਸੰਗਤ ਜੈਪੁਰ ਦੇ ਪੀ.ਐਸ. ਗਿੱਲ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ, ਬਖ਼ਸ਼ੀਸ਼ ਸਿੰਘ ਵਿਰਕ, ਓਐਸਡੀ ઠਅਮਰਿੰਦਰ ਸਿੰਘ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਮੁੱਖ ਮੰਤਰੀ ਨੇ ਲੰਗਰ ਵੀ ઠਵਰਤਾਇਆ।

RELATED ARTICLES
POPULAR POSTS