ਮੀਟਿੰਗ ਕਰਕੇ ਪ੍ਰਧਾਨ ਮੰਤਰੀ ਵੱਲੋਂ ਅੰਦੋਲਨ ਲਈ ਵਰਤੀ ਸ਼ਬਦਾਵਲੀ ਦੀ ਕੀਤੀ ਨਿੰਦਾ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਆਈਏਐਸ, ਆਈਪੀਐਸ ਅਤੇ ਡਿਫੈਂਸ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਹਿਣ ‘ਤੇ ਤਿੱਖਾ ਪ੍ਰਤੀਕਰਮ ਕੀਤਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਸੌ ਦੇ ਕਰੀਬ ਇਨ੍ਹਾਂ ਅਧਿਕਾਰੀਆਂ ਨੇ ਇਕਮਤ ਹੋ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਅਜਿਹੀ ਭਾਸ਼ਾ ਦੀ ਵਰਤੋਂ ਨਾ ਕਰਨ, ਇਹ ਉਨ੍ਹਾਂ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦੀ। ਭਾਰਤ ਸਰਕਾਰ ਵਿਚ ਸਕੱਤਰ ਰਹੇ ਐਸਐਸ ਬੋਪਾਰਾਏ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਆਰ ਆਈ ਸਿੰਘ ਸਣੇ ਸਾਰੇ ਅਧਿਕਾਰੀਆਂ ਨੇ ਕਿਹਾ ਕਿ ਇਹ ਅੰਦੋਲਨ ਹੁਣ ਕਿਸਾਨਾਂ ਦਾ ਨਾ ਰਹਿ ਕੇ ਸਮਾਜਿਕ ਅੰਦੋਲਨ ਬਣ ਗਿਆ ਹੈ। ਇਹ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਬਾਰੇ ਰਾਸ਼ਟਰਪਤੀ ਨੂੰ ਇਕ ਮੈਮੋਰੰਡਮ ਦਿੱਤਾ ਜਾਵੇਗਾ। ਇਸ ਬੈਠਕ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਪ੍ਰੋ. ਮਨਜੀਤ ਸਿੰਘ ਵੀ ਹਾਜ਼ਰ ਸਨ। ਸਾਬਕਾ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਲਗਾਤਾਰ ਕਿਸਾਨ ਸੰਗਠਨਾਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਵੱਲੋਂ ਜਿਸ ਵੀ ਚੀਜ਼ ਦੀ ਮੰਗ ਕੀਤੀ ਜਾਂਦੀ ਹੈ, ਅਸੀਂ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਈ ਆਈਪੀਐਸ ਅਫ਼ਸਰਾਂ ਨੇ ਇਸ ਮੌਕੇ ਕਿਸਾਨਾਂ ‘ਤੇ ਦਰਜ ਕੀਤੇ ਗਏ ਕੇਸਾਂ ‘ਤੇ ਉਨ੍ਹਾਂ ਨੂੰ ਕਾਨੂੂੰਨੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੀਟਿੰਗ ਵਿਚ ਮਹਾਰਾਸ਼ਟਰ ਵਿਚ ਸੇਵਾ ਦੇਣ ਵਾਲੇ ਆਈਪੀਐਸ ਅਧਿਕਾਰੀ ਵੀ ਸ਼ਾਮਲ ਸਨ। ਸਾਬਕਾ ਪ੍ਰਿੰਸੀਪਲ ਸੈਕਟਰੀ ਐਸ ਆਰ ਲੱਧੜ ਨੇ ਕਿਹਾ ਕਿ ਇਸ ਸਮੇਂ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …