ਸਾਬਕਾ ਕਾਂਗਰਸੀ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਜੁਆਇਨ ਕੀਤੀ ਪੰਜਾਬ ਲੋਕ ਕਾਂਗਰਸ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ‘ਚ ਇਕ ਸਿਆਸੀ ਸ਼ੌਟ ਖੇਡਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਇਲਾਕੇ ਵਿਚੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਹੈ। ਇਸ ਮੌਕੇ ਠੇਕੇਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਉਸ ਵਿਅਕਤੀ ਦੇ ਹੱਥ ਕਾਂਗਰਸ ਦੀ ਕਮਾਂਡ ਦੇ ਦਿੱਤੀ ਹੈ ਜੋ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਆਏ ਸਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੀ ਬੇਹਤਰੀ ਲਈ, ਪੰਜਾਬੀਅਤ ਲਈ ਅਤੇ ਹਮੇਸ਼ਾ ਕਿਸਾਨਾਂ ਬਾਰੇ ਸੋਚਿਆ ਅਤੇ ਪੰਜਾਬ ਨੂੰ ਤਰੱਕੀ ਦੇ ਰਸਤੇ ‘ਤੇ ਪਾਇਆ ਪ੍ਰੰਤੂ ਫਿਰ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੀ ਕੋਈ ਕਦਰ ਨਹੀਂ ਕੀਤੀ। ਠੇਕੇਦਾਰ ਹਰਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਹ ਸਾਊਥ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨਗੇ ਅਤੇ ਜਲਦੀ ਹੀ ਉਹ ਆਪਣੇ ਹਲਕੇ ਵਿਚ ਮੀਟਿੰਗਾਂ ਅਤੇ ਰੈਲੀਆਂ ਸ਼ੁਰੂ ਕਰਨਗੇ। ਇਥੇ ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਠੇਕੇਦਾਰ 2002 ਤੋਂ 2007 ਤੱਕ ਸਾਊਥ ਤੋਂ ਹੀ ਵਿਧਾਇਕ ਰਹੇ ਹਨ ਪ੍ਰੰਤੂ 2007 ‘ਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪਿਤਾ ਰਮਿੰਦਰ ਸਿੰਘ ਬੁਲਾਰੀਆਂ ਹੱਥੋਂ ਉਹ ਚੋਣ ਹਾਰ ਗਏ ਸਨ। 2017 ‘ਚ ਇੰਦਰਬੀਰ ਬੁਲਾਰੀਆ ਨੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਸੀ ਅਤੇ ਇਸ ਦੇ ਚਲਦਿਆਂ ਇਸ ਸੀਟ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੀ ਟਿਕਟ ਕੱਟੀ ਗਈ ਸੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …