13 C
Toronto
Wednesday, October 15, 2025
spot_img
Homeਪੰਜਾਬਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ

ਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਸੁਖਬੀਰ ਬਾਦਲ ਤੋਂ ਪੁੱਛ-ਪੜਤਾਲ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਸੋਮਵਾਰ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਕਰੀਬ ਤਿੰਨ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਵਧੀਕ ਡੀਜੀਪੀ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਟੀਮ ਨੇ ਸੁਖਬੀਰ ਬਾਦਲ ਨੂੰ ਪੁੱਛ-ਪੜਤਾਲ ਲਈ ਸੱਦਿਆ ਸੀ। 2015 ਵਿਚ ਫਰੀਦਕੋਟ ਜ਼ਿਲ੍ਹੇ ਵਿਚ ਵਾਪਰੀਆਂ ਬੇਅਦਬੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਮੌਕੇ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਅਕਾਲੀ ਦਲ ਦੇ ਪ੍ਰਧਾਨ ਸੋਮਵਾਰ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਆਫੀਸਰਜ਼ ਇੰਸਟੀਚਿਊਟ ਪਹੁੰਚੇ। ਬਾਦਲ ਨੇ ਪੁੱਛ-ਪੜਤਾਲ ਤੋਂ ਬਾਅਦ ਮੀਡੀਆ ਨਾਲ ਗੱਲ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ‘ਸਿਟ’ ਨੇ 14 ਸਤੰਬਰ ਨੂੰ ਵੀ ਬਾਦਲ ਤੋਂ ਪੁੱਛ-ਪੜਤਾਲ ਕੀਤੀ ਸੀ। ਇਸ ਤੋਂ ਇਲਾਵਾ 2021 ਵਿਚ ਵੀ ਉਨ੍ਹਾਂ ਨੂੰ ਸੱਦਿਆ ਗਿਆ ਸੀ। ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ 12 ਅਕਤੂਬਰ ਨੂੰ ਸਵਾਲ ਪੁੱਛੇ ਸਨ। ਛੇ ਸਤੰਬਰ ਨੂੰ ਆਈਜੀਪੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਇਕ ਹੋਰ ਵਿਸ਼ੇਸ਼ ਜਾਂਚ ਟੀਮ ਨੇ ਅਕਾਲੀ ਦਲ ਦੇ ਪ੍ਰਧਾਨ ਤੋਂ 2015 ਦੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਬਾਰੇ ਸਵਾਲ ਪੁੱਛੇ ਸਨ। ਧਿਆਨ ਰਹੇ ਕਿ ਯਾਦਵ ਦੀ ਅਗਵਾਈ ਵਾਲੀ ‘ਸਿਟ’ ਕੋਟਕਪੂਰਾ ਗੋਲੀ ਕਾਂਡ ਤੇ ਨੌਨਿਹਾਲ ਦੀ ਅਗਵਾਈ ਵਾਲੀ ‘ਸਿਟ’ ਬਹਿਬਲ ਕਲਾਂ ਕੇਸ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਆਰੋਪ ਲਾਇਆ ਸੀ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਆਪਣੀਆਂ ‘ਨਾਕਾਮੀਆਂ’ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਸ ਦਾ ਸਿਆਸੀਕਰਨ ਕਰ ਰਹੀ ਹੈ।

RELATED ARTICLES
POPULAR POSTS