ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 5209 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਉਪਰ ਹੈ। ਇਹ ਉਹ ਵੋਟਰ ਹਨ, ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਵੀ ਦੇਖਿਆ ਅਤੇ 1952 ਵਿਚ ਪਹਿਲੀ ਵਾਰ ਵੋਟਿੰਗ ਪ੍ਰਕਿਰਿਆ ਵੀ ਦੇਖੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ 85 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਸਾਰੇ ਵੋਟਰ ਆਪਣੇ ਘਰ ਤੋਂ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ। ਸਿਬਿਨ ਸੀ. ਨੇ ਦੱਸਿਆ ਕਿ ਪੰਜਾਬ ਵਿਚ 100 ਤੋਂ 119 ਸਾਲ ਦੀ ਉਮਰ ਤੱਕ ਦੇ 5004 ਵੋਟਰ ਹਨ, ਜਦੋਂ ਕਿ 205 ਵੋਟਰਾਂ ਦੀ ਉਮਰ 120 ਸਾਲ ਤੋਂ ਜ਼ਿਆਦਾ ਹੈ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਇਨ੍ਹਾਂ 5209 ਵੋਟਰਾਂ ਵਿਚ ਜ਼ਿਆਦਾ ਮਹਿਲਾਵਾਂ ਹਨ। ਜਿਨ੍ਹਾਂ ਦੀ ਗਿਣਤੀ 3111 ਹੈ ਅਤੇ ਪੁਰਸ਼ਾਂ ਦੀ ਗਿਣਤੀ 2098 ਹੈ। ਚੋਣ ਕਮਿਸ਼ਨ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 120 ਤੋਂ ਜ਼ਿਆਦਾ ਉਮਰ ਵਾਲੇ ਸਭ ਤੋਂ ਜ਼ਿਆਦਾ ਪੁਰਸ਼ ਅਤੇ ਮਹਿਲਾਵਾਂ ਲੁਧਿਆਣਾ ਜ਼ਿਲ੍ਹੇ ਵਿਚ ਹਨ।