Breaking News
Home / ਪੰਜਾਬ / ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਬਣੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ

ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਬਣੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ ਹੋਈਆਂ ਚੋਣਾਂ ‘ਚ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕਰਦੇ ਹੋਏ ਕਲੱਬ ਦੇ ਸਾਰੇ ਅਹੁਦੇ ਆਪਣੇ ਨਾਂਅ ਕੀਤੇ ਹਨ। ਇਨ੍ਹਾਂ ਚੋਣਾਂ ‘ਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪਣੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ 315 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪ੍ਰਧਾਨ ਦੇ ਅਹੁਦੇ ਦੀ ਚੋਣ ਜਿੱਤੀ ਤੇ ਉਹ ਆਉਂਦੇ 3 ਸਾਲਾਂ ਲਈ ਕਲੱਬ ਦੇ ਪ੍ਰਧਾਨ ਚੁਣੇ ਗਏ। ਸਤਨਾਮ ਸਿੰਘ ਮਾਣਕ ਨੇ 356 ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 41 ਵੋਟਾਂ ਮਿਲੀਆਂ। ਇਸੇ ਤਰ੍ਹਾਂ ਮੰਚ ਦੇ ਹੋਰ ਉਮੀਦਵਾਰਾਂ ਨੇ ਵੀ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾਉਂਦੇ ਹੋਏ ਜਿੱਤ ਹਾਸਲ ਕੀਤੀ।
ਇਸ ਮੌਕੇ ਸਤਨਾਮ ਸਿੰਘ ਮਾਣਕ ਦੇ ਪ੍ਰਧਾਨ ਚੁਣੇ ਜਾਣ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਤੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ। ਮੰਚ ਦੇ ਹੋਰਨਾਂ ਜੇਤੂ ਰਹੇ ਉਮੀਦਵਾਰਾਂ ‘ਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ ਪ੍ਰਧਾਨ ਪੰਕਜ ਰਾਏ, ਮਨਦੀਪ ਸ਼ਰਮਾ ਤੇ ਤੇਜਿੰਦਰ ਕੌਰ ਥਿੰਦ, ਸਕੱਤਰ ਮੇਹਰ ਮਲਿਕ, ਸੰਯੁਕਤ ਸਕੱਤਰ ਰਾਕੇਸ਼ ਕੁਮਾਰ ਸੂਰੀ ਤੇ ਖਜ਼ਾਨਚੀ ਸ਼ਿਵ ਸ਼ਰਮਾ ਸ਼ਾਮਲ ਹਨ।
ਇਸ ਤੋਂ ਪਹਿਲਾਂ 511 ਮੈਂਬਰੀ ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਐਤਵਾਰ ਸਵੇਰੇ 9 ਵਜੇ ਸ਼ੁਰੂ ਹੋਇਆ, ਜੋ ਸ਼ਾਮ 3 ਵਜੇ ਤੱਕ ਚੱਲਿਆ। ਇਨ੍ਹਾਂ ਚੋਣਾਂ ‘ਚ 400 ਦੇ ਕਰੀਬ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕਰਦੇ ਹੋਏ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ। ਇਨ੍ਹਾਂ ਚੋਣਾਂ ਦਾ ਅਮਲ ਮੁੱਖ ਚੋਣ ਅਧਿਕਾਰੀ ਡਾ. ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ ਤੇ ਹਰਜਿੰਦਰ ਸਿੰਘ ਅਟਵਾਲ ਦੀ ਦੇਖ-ਰੇਖ ਹੇਠ ਪੂਰਨ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਇਆ। ਚੋਣਾਂ ‘ਚ ਸਮੂਹ ਪੱਤਰਕਾਰ ਭਾਈਚਾਰੇ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਕੀਤੀ।
ਡਾ. ਹਮਦਰਦ ਨੇ ਨਵੀਂ ਚੁਣੀ ਗਈ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਕਲੱਬ ਦੀ ਬਿਹਤਰੀ ਤੇ ਤਰੱਕੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਮੀਡੀਆ ਜਗਤ ਨਾਲ ਸਬੰਧਿਤ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਸਮਾਜ ਦੇ ਹੋਰ ਵਰਗਾਂ ਨਾਲ ਸਬੰਧਿਤ ਆਗੂਆਂ ਨੇ ਵੀ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਵੱਡੀ ਜਿੱਤ ‘ਤੇ ਵਧਾਈ ਦਿੱਤੀ ਹੈ।

 

Check Also

ਕੇਂਦਰ ਸਰਕਾਰ ਦੇ ਤਸ਼ੱਦਦ ਅੱਗੇ ਨਹੀਂ ਝੁਕਾਂਗੇ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। …