‘ਆਪ’ ’ਚ ਸ਼ਾਮਲ ਹੋਏ ਕਾਂਗਰਸ ਤੇ ਭਾਜਪਾ ਕੌਂਸਲਰਾਂ ਨੇ ਵਧਾਈ ਪੁਰਾਣੇ ਵਰਕਰਾਂ ਦੀ ਚਿੰਤਾ
ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੂੰ ਧੜੱਲੇ ਨਾਲ ‘ਆਪ’ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਬਿਨਾ ਨਗਰ ਨਿਗਮ ਚੋਣਾਂ ਲੜਿਆਂ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਕਰ ਲਿਆ ਹੈ। ਪ੍ਰੰਤੂ ਦੂਜੀਆਂ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਕੌਂਸਲਰ ਹੀ ਆਉਂਦੇ ਦਿਨਾਂ ’ਚ ਪਾਰਟੀ ਲਈ ਨਵੀਂ ਸਿਰਦਰਦੀ ਪੈਦਾ ਕਰ ਸਕਦੇ ਹਨ। ਕਿਉਂਕਿ ਪਾਰਟੀ ਵਿਚ ਨਿੱਤ ਸ਼ਾਮਲ ਹੋ ਰਹੇ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਤੋਂ ‘ਆਪ’ ਦੇ ਪੁਰਾਣੇ ਵਰਕਰਾਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ ਅਤੇ ਇਹੀ ਬੇਚੈਨੀ ਟਿਕਟਾਂ ਦੀ ਵੰਡ ਸਮੇਂ ਲਾਵਾ ਬਣ ਕੇ ਫੁੱਟ ਸਕਦੀ ਹੈ। ਬੇਸ਼ੱਕ ਫਿਲਹਾਲ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਵੱਲੋਂ ਭਾਵੇਂ ਇਸ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਜਾ ਰਿਹਾ ਪ੍ਰੰਤੂ ਪੁਰਾਣੇ ਵਰਕਰਾਂ ਨੂੰ ਅੰਦਰਖਾਤੇ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਨੂੰ ਨਗਰ ਨਿਗਮ ਚੋਣਾਂ ਦੌਰਾਨ ਟਿਕਟ ਮਿਲੇਗੀ ਜਾਂ ਨਹੀਂ। ਜਦਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵੱਲੋਂ ਜਨਤਕ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ ਉਹ ਪਾਰਟੀ ’ਚ ਕੋਈ ਅਹੁਦਾ ਹਾਸਲ ਕਰਨ ਜਾਂ ਨਗਰ ਨਿਗਮ ਚੋਣਾਂ ਲੜਨ ਲਈ ਸ਼ਾਮਲ ਨਹੀਂ ਹੋਏ ਬਲਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ‘ਆਪ’ ਵਿਚ ਸ਼ਾਮਲ ਹੋਏ ਹਨ। ਪ੍ਰੰਤੂ ਜਿਹੜੇ ਆਗੂਆਂ ਨੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਕਿਤੇ ਨਾ ਕਿਤੇ ਤਾਂ ਐਡਜਸਟ ਕੀਤਾ ਜਾਵੇਗਾ। ਇਹੀ ਅਡਜੈਸਟਮੈਂਟ ਆਉਣ ਵਾਲੇ ਦਿਨਾਂ ’ਚ ਪਾਰਟੀ ਅੰਦਰ ਕਲੇਸ਼ ਦਾ ਕਾਰਨ ਬਣ ਸਕਦੀ ਹੈ।