
ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਡਾ. ਯੋਗਰਾਜ ਦੀ ਹੈ ਡੂੰਘੀ ਨੇੜਤਾ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਪਿਛਲੇ 9 ਮਹੀਨੇ ਤੋਂ ਚੇਅਰਮੈਨ ਦੀ ਖ਼ਾਲੀ ਪਈ ਅਸਾਮੀ ਹੁਣ ਜਲਦ ਹੀ ਭਰ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਯੋਗਰਾਜ ਸ਼ਰਮਾ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਯੋਗਰਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਨੇੜੇ ਹਨ ਤੇ ਉਨ੍ਹਾਂ ਨੂੰ ਬੋਰਡ ਦੀ ਚੇਅਰਮੈਨੀ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਦੇ ਕੋਟੇ ਵਿਚੋਂ ਮਿਲੀ ਹੈ। ਜਾਣਕਾਰੀ ਮੁਤਾਬਕ ਕਮੇਟੀ ਨੂੰ ਪ੍ਰਾਪਤ ਹੋਈਆਂ ਅਰਜ਼ੀਆਂ ਵਿਚੋਂ ਮੁੱਖ ਮੰਤਰੀ ਕੋਲ ਚੇਅਰਮੈਨ ਦੀ ਅਸਾਮੀ ਲਈ 4 ਨਾਵਾਂ ਦੀ ਸੂਚੀ ਭੇਜੀ ਸੀ ਜਿਨ੍ਹਾਂ ਵਿਚ ਡਾ. ਯੋਗਰਾਜ ਦਾ ਨਾਮ ਸਭ ਤੋਂ ਉੱਪਰ ਸੀ।