Breaking News
Home / ਪੰਜਾਬ / ਗੋਇੰਦਵਾਲ ਸਾਹਿਬ ਦਾ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸਰਹੱਦ ‘ਤੇ ਸ਼ਹੀਦ

ਗੋਇੰਦਵਾਲ ਸਾਹਿਬ ਦਾ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸਰਹੱਦ ‘ਤੇ ਸ਼ਹੀਦ

ਕੈਪਟਨ ਵਲੋਂ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਦਾ ਐਲਾਨ
ਗੋਇੰਦਵਾਲ ਸਾਹਿਬ : ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿ ਸੈਨਾ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜ ਦਾ ਨਾਇਬ ਸੂਬੇਦਾਰ ਸ਼ਹੀਦ ਹੋ ਗਿਆ। ਸੈਨਿਕ ਸੂਤਰ ਕਰਨਲ ਦਵਿੰਦਰ ਅਨੰਦ ਅਨੁਸਾਰ ਪਾਕਿ ਸੈਨਾ ਨੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਦੇ ਕਲਸੀਆ ਇਲਾਕੇ ਵਿਚ ਐਤਵਾਰ ਨੂੰ ਭਾਰੀ ਗੋਲੀਬਾਰੀ ਅਤੇ ਸ਼ੈਲਿੰਗ ਕਰਦੇ ਹੋਏ ਭਾਰਤ ਦੀਆਂ ਅਗਲੀਆਂ ਸੈਨਿਕ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਜਿਸ ਵਿਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਰਾਜੌਰੀ ਦੇ ਸੈਨਿਕ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਿਆ। ਭਾਰਤੀ ਸੈਨਾ ਨੇ ਵੀ ਪਾਕਿ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਫ਼ੌਜ ਦਾ ਬਹਾਦਰ ਅਧਿਕਾਰੀ ਸੀ, ਰਾਸ਼ਟਰ ਉਸ ਦੀ ਇਸ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਕੁਰਬਾਨੀ ਅਤੇ ਕਰਤੱਵ ਪ੍ਰਤੀ ਹਮੇਸ਼ਾ ਉਸ ਦੇ ਰਿਣੀ ਰਹਿਣਗੇ।
ਮੋਗਾ ਤੇ ਤਰਨਤਾਰਨ ਦੇ ਦੋ ਫ਼ੌਜੀ ਜਵਾਨ ਝਾਰਖੰਡ ‘ਚ ਸ਼ਹੀਦ
ਮੋਗਾ : ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਛਾਉਣੀ (ਝਾਰਖੰਡ) ਵਿਖੇ ਅਭਿਆਸ ਕਰਦੇ ਸਮੇਂ ਤਲਾਬ ਵਿਚ ਡੁੱਬਣ ਕਾਰਨ ਮੋਗਾ ਤੇ ਤਰਨਤਾਰਨ ਜ਼ਿਲ੍ਹੇ ਦੋ ਖਿਡਾਰੀ ਜਵਾਨ ਸ਼ਹੀਦ ਹੋ ਗਏ। ਮੋਗਾ ਨੇੜਲੇ ਪਿੰਡ ਮਹਿਰੋਂ ਦਾ ਜਵਾਨ ਪਰਮਿੰਦਰ ਸਿੰਘ (22) ਅਤੇ ਪੱਟੀ ਦੇ ਨੇੜਲੇ ਪਿੰਡ ਕੁੱਲਾ ਦਾ ਜਵਾਨ ਜ਼ੋਰਾਵਰ ਸਿੰਘ (22) ਮੰਗਲਵਾਰ ਨੂੰ ਰਾਮਗੜ੍ਹ ਛਾਉਣੀ (ਝਾਰਖੰਡ) ਸਥਿਤ ਫ਼ੌਜ ਅਭਿਆਸ ਕੇਂਦਰ ਸਿੱਖ ਰੈਜੀਮੈਂਟ ਸੈਂਟਰ (ਐੱਸਆਰਸੀ) ਸਿੱਖ ਮਿਊਜ਼ੀਅਮ ਕੋਲ ਮਾਥੁਰ ਤਲਾਬ ਵਿਚ ਸਿਖਲਾਈ ਲੈ ਰਹੇ ਸਨ ਅਤੇ ਇਸ ਦੌਰਾਨ ਡੂੰਘੇ ਪਾਣੀ ਅਤੇ ਦਲਦਲ ਵਿਚ ਫਸ ਕੇ ਡੁੱਬ ਗਏ ਸਨ। ਦੋਵਾਂ ਜਵਾਨਾਂ ਨੂੰ ਕਰੀਬ ਤਿੰਨ ਘੰਟੇ ਦੀ ਜੱਦੋਜਹਿਦ ਮਗਰੋਂ ਬਾਹਰ ਕੱਢ ਕੇ ਫ਼ੌਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਹ ਦੋਵੇਂ ਜਵਾਨ ਮੁੱਕੇਬਾਜ਼ੀ ਦੇ ਖਿਡਾਰੀ ਸਨ ਅਤੇ 9 ਮਹੀਨਿਆਂ ਦੀ ਮੁੱਕੇਬਾਜ਼ੀ ਅਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸਨ। ਪੱਟੀ ਦੇ ਨੇੜਲੇ ਪਿੰਡ ਕੁੱਲਾ ਦਾ ਜਵਾਨ ਜ਼ੋਰਾਵਰ ਸਿੰਘ (22) ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਕੈਂਟ (ਝਾਰਖੰਡ) ਦੇ ਤਲਾਬ ਵਿਚ ਡੁੱਬਦੇ ਸਾਥੀ ਜਵਾਨਾਂ ਨੂੰ ਬਚਾਉਦਿਆਂ ਆਪ ਡੁੱਬ ਗਿਆ। ਇਸ ਦੌਰਾਨ ਉਸ ਦੇ ਸਾਥੀ ਤਾਂ ਬਚ ਗਏ ਪਰ ਉਸ ਦੀ ਮੌਤ ਹੋ ਗਈ।
ਹੁਸ਼ਿਆਰਪੁਰ ਦਾ ਸੂਬੇਦਾਰ ਰਾਜੇਸ਼ ਕੁਮਾਰ ਜੰਮੂ ਕਸ਼ਮੀਰ ‘ਚ ਹੋਇਆ ਸ਼ਹੀਦ
ਭੰਗਾਲਾ : ਪਾਕਿਸਤਾਨ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਹਰ ਰੋਜ਼ ਗੋਲੀਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਕਸਬਾ ਮੁਕੇਰੀਆਂ ਨੇੜਲੇ ਪਿੰਡ ਕਲੀਚਪੁਰ ਕਲੋਤਾ ਦਾ ਸੂਬੇਦਾਰ ਰਾਜੇਸ਼ ਕੁਮਾਰ ਜੰਮੂ ਕਸ਼ਮੀਰ ਦੇ ਰਜੌਰੀ ਵਿਚ ਸ਼ਹੀਦ ਹੋ ਗਿਆ। ਰਾਜੇਸ਼ ਕੁਮਾਰ ਦੀ ਸ਼ਹੀਦੀ ਦੀ ਖਬਰ ਸੁਣ ਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਧਿਆਨ ਰਹੇ ਕਿ ਅਜੇ ਤਿੰਨ ਦਿਨ ਪਹਿਲਾਂ ਹੀ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਵੀ ਸ਼ਹੀਦ ਹੋ ਗਿਆ ਸੀ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …