Breaking News
Home / ਪੰਜਾਬ / ਢੱਡਰੀਆਂ ਵਾਲੇ ਸਬ ਕਮੇਟੀ ਅੱਗੇ ਨਹੀਂ ਹੋਏ ਪੇਸ਼

ਢੱਡਰੀਆਂ ਵਾਲੇ ਸਬ ਕਮੇਟੀ ਅੱਗੇ ਨਹੀਂ ਹੋਏ ਪੇਸ਼

ਪਟਿਆਲਾ/ਬਿਊਰੋ ਨਿਊਜ਼ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਸਿੱਖ ਇਹਿਤਾਸ ਅਤੇ ਸਿੱਖ ਸਖਸ਼ੀਅਤਾਂ ਪ੍ਰਤੀ ਵਿਵਾਦਿਤ ਪ੍ਰਚਾਰ ਕੀਤੇ ਜਾਣ ਦੇ ਮਾਮਲੇ ‘ਤੇ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਵਿਦਵਾਨਾਂ ਦੀ ਪੰਜ ਮੈਂਬਰੀ ਸਬ-ਕਮੇਟੀ ਅੱਗੇ ਭਾਈ ਢੱਡਰੀਆਂ ਵਾਲੇ ਜਾਂ ਉਨ੍ਹਾਂ ਦੇ ਕਿਸੇ ਨੁਮਾਇੰਦੇ ਵੱਲੋਂ ਪਹੁੰਚ ਨਹੀਂ ਕੀਤੀ ਗਈ। ਅਜਿਹੇ ‘ਚ ਸਬ-ਕਮੇਟੀ ਵੱਲੋਂ ਹੁਣ ਢੱਡਰੀਆਂ ਵਾਲੇ ਨੂੰ ਲਿਖੇ ਪੱਤਰ ‘ਚ ਪੁੱਛਿਆ ਗਿਆ ਕਿ ਉਹ 5 ਜਨਵਰੀ 2020 ਤੱਕ ਆਪਣੀ ਉਪਲਬੱਧਤਾ ਬਾਰੇ ਦੱਸਣ ਲਈ ਕੋਆਰਡੀਨੇਟਰ ਸਬ-ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਅਗਲੀ ਇਕੱਤਰਤਾ ਦੀ ਤਾਰੀਕ ਨਿਸ਼ਚਤਿ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਪ੍ਰਚਾਰਕ ਢੱਡਰੀਆਂ ਵਾਲੇ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਮੈਂਬਰੀ ਸਬ-ਕਮੇਟੀ ਅੱਗੇ 22 ਦਸੰਬਰ ਨੂੰ ਪੇਸ਼ ਹੋਣ ਲਈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ‘ਚ ਬਕਾਇਦਾ ਹੱਥਦਸਤੀ ਦਿੱਤੇ ਪੱਤਰ ਤਹਿਤ ਸੱਦਿਆ ਗਿਆ ਸੀ। ਭਾਈ ਢੱਡਰੀਆਂ ਵਾਲੇ ‘ਤੇ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤਾਂ ਪੁੱਜੀਆਂ ਸਨ ਕਿ ਉਹ ਸਿੱਖ ਇਤਿਹਾਸ ਤੇ ਸਿੱਖ ਸ਼ਖਸੀਅਤਾਂ ਪ੍ਰਤੀ ਵਿਵਾਦਿਤ ਪ੍ਰਚਾਰ ਕਰ ਰਹੇ ਹਨ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਨੂੰ ਧੱਕਾ ਵੱਜ ਰਿਹਾ ਹੈ। ਸ਼ਿਕਾਇਤਾਂ ਦੀ ਪੜਤਾਲ ਲਈ ਸਿੱਖ ਵਿਦਵਾਨਾਂ ਡਾ. ਗੁਰਮੀਤ ਸਿੰਘ, ਬੀਬੀ ਪ੍ਰਭਜੋਤ ਕੌਰ, ਅਮਰਜੀਤ ਸਿੰਘ, ਡਾ. ਪਰਮਵੀਰ ਸਿੰਘ ਕੋਆਰਡੀਨੇਟਰ ਅਤੇ ਡਾ. ਚਮਕੌਰ ਸਿੰਘ ‘ਤੇ ਅਧਾਰਤ ਸਬ-ਕਮੇਟੀ ਬਣਾਈ ਗਈ ਸੀ, ਜਿਸ ਅੱਗੇ ਢੱਡਰੀਆਂ ਵਾਲੇ ਨੇ ਪੇਸ਼ ਹੋਣਾ ਸੀ। ਇਹ ਸਬ-ਕਮੇਟੀ ਭਾਵੇਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ‘ਚ ਮਿਥੇ ਸਮੇਂ ਤੋਂ ਸਵਾ ਘੰਟਾ ਪਹਿਲਾਂ ਹੀ ਪਹੁੰਚ ਗਈ ਸੀ, ਪਰ ਸਾਰਾ ਦਿਨ ਇੰਤਜ਼ਾਰ ਕਰਨ ਮਗਰੋਂ ਭਾਈ ਢੱਡਰੀਆਂ ਵਾਲੇ ਵੱਲੋਂ ਖ਼ੁਦ ਜਾਂ ਉਨ੍ਹਾਂ ਦੇ ਕਿਸੇ ਨੁਮਾਇੰਦੇ ਨੇ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਕਮੇਟੀ ਨੇ ਭਾਵੇਂ ਭਾਈ ਢੱਡਰੀਆਂ ਵਾਲੇ ਦੇ ਵਿਵਾਦਤ ਪ੍ਰਚਾਰ ਨੂੰ ਘੰਟਿਆਂਬੱਧੀ ਘੋਖਿਆ, ਪਰ ਢੱਡਰੀਆਂ ਵਾਲੇ ਵੱਲੋਂ ਕੋਈ ਹੁੰਗਾਰਾ ਨਾ ਪੁੱਜਣ ‘ਤੇ ਆਖਰ ਬੇਰੰਗ ਵਾਪਸ ਮੁੜਨ ਨੂੰ ਮਜਬੂਰ ਹੋਈ।
ਸਬ-ਕਮੇਟੀ ਜ਼ਰੀਏ ਜਾਰੀ ਹੋਏ ਬਿਆਨ ‘ਚ ਸਪੱਸ਼ਟ ਕੀਤਾ ਗਿਆ ਕਿ ਕਮੇਟੀ ਦੀ ਤੈਅ ਸਮੇਂ ‘ਤੇ ਹੋਈ ਇਕੱਤਰਤਾ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲੇ ਸ਼ਾਮਲ ਨਹੀਂ ਹੋਏ ਤੇ ਨਾ ਹੀ ਉਨ੍ਹਾਂ ਦਾ ਕੋਈ ਨੁਮਾਇੰਦਾ ਹੀ ਅੱਪੜਿਆ ਹੈ। ਇਸੇ ਦੌਰਾਨ ਸਬ-ਕਮੇਟੀ ਨੇ ਵਿਚਾਰ ਵਟਾਂਦਰੇ ਪਿੱਛੋਂ ਨਿਰਣਾ ਲਿਆ ਕਿ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਲਈ ਯਤਨ ਜਾਰੀ ਰੱਖਦਿਆਂ ਨਵੀਂ ਤਾਰੀਕ ਰੱਖੀ ਜਾਵੇ । ਕਮੇਟੀ ਦੇ ਕੋਆਰਡੀਨੇਟਰ ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਢੱਡਰੀਆਂਵਾਲੇ ਦੇ ਹੁੰਗਾਰੇ ਦੀ ਉਡੀਕੀ ਕੀਤੀ ਜਾਵੇਗੀ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …