Breaking News
Home / ਪੰਜਾਬ / ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ

ਲਹਿੰਦੇ ਪੰਜਾਬ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਘਰ ਨੂੰ ‘ਕੌਮੀ ਵਿਰਾਸਤ’ ਦਾ ਦਰਜਾ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ : ਪੰਜਾਬ ਵਿਚ ਸ਼ਹੀਦ ਭਗਤ ਸਿੰਘ ਨੂੰ ਸਰਕਾਰੀ ਸਮਾਗਮ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਵੱਖ-ਵੱਖ ਥਾਵਾਂ ‘ਤੇ ਹੋਰ ਕਈ ਸਮਾਜਿਕ ਜਥੇਬੰਦੀਆਂ ਨੇ ਵੀ ਭਗਤ ਸਿੰਘ ਨੂੰ ਯਾਦ ਕੀਤਾ। ਉਧਰ ਦੂਜੇ ਪਾਸੇ ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਫ਼ੈਸਲਾਬਾਦ ਦੇ ਪਿੰਡ ਬੰਗਾ ਦੇ ਚੱਕ 105 ਵਿਚਲੇ ਜੱਦੀ ਘਰ ਨੂੰ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਪੁਰਾਤਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਅਫਜ਼ਲ ਖ਼ਾਨ ਨੇ ਦੱਸਿਆ ਕਿ ਸਰਕਾਰ ਵਲੋਂ ਪੁਰਾਤਤਵ ਅਤੇ ਸੈਰ ਸਪਾਟਾ ਵਿਭਾਗ ਦੇ ਮਾਹਿਰਾਂ ਦੀ ਕਾਇਮ ਕੀਤੀ ਟੀਮ ਵਲੋਂ ਸ਼ਹੀਦ ਭਗਤ ਸਿੰਘ ਦੇ ਘਰ ਦਾ ਦੌਰਾ ਕਰਕੇ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਇਕੱਠੀਆਂ ਕਰਨ ਦੇ ਨਾਲ-ਨਾਲ ਇਮਾਰਤ ਦੇ ਵੱਖ-ਵੱਖ ਹਿੱਸਿਆਂ, ਢਾਂਚੇ, ਛੱਤ ਅਤੇ ਦਰਵਾਜ਼ਿਆਂ ਆਦਿ ਦੇ ਨਕਸ਼ੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹੀਦ ਦੇ ਘਰ ਨੂੰ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ ਦੇਣ ਹਿੱਤ ਵਿਭਾਗੀ ਕਾਰਵਾਈ ਸ਼ੁਰੂ ਕਰਨ ਲਈ ਘਰ ਦੇ ਮੌਜੂਦਾ ਮਾਲਕ ਚੌਧਰੀ ਸਾਕਿਬ ਵਿਰਕ ਕੋਲੋਂ ਵੀ ਮਨਜ਼ੂਰੀ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਘਰ ਦਾ 90 ਫ਼ੀਸਦੀ ਹਿੱਸਾ ਨਵੇਂ ਢੰਗ ਨਾਲ ਬਣਾਇਆ ਗਿਆ ਹੈ, ਜਦਕਿ ਦੋ ਕਮਰੇ, ਛੱਤਾਂ ਅਤੇ ਦਰਵਾਜ਼ਿਆਂ ਨਾਲ ਬਿਨਾ ਛੇੜ-ਛਾੜ ਕੀਤੇ ਪੁਰਾਣੀ ਹਾਲਤ ਵਿਚ ਬਹਾਲ ਰੱਖਿਆ ਗਿਆ ਹੈ। ਡਿਪਟੀ ਡਾਇਰੈਕਟਰ ਅਨੁਸਾਰ ਉਕਤ ਘਰ ਦਾ ਮਾਲਕ ਉੱਥੇ ਹੀ ਰਹਿ ਸਕਦਾ ਹੈ, ਪਰ ਇਮਾਰਤ ਦੇ ਅੰਦਰੂਨੀ ਢਾਂਚੇ ਜਾਂ ਬਾਹਰੀ ਦਿਖ ਵਿਚ ਬਦਲਾਅ ਕਰਨ ਦਾ ਉਸ ਨੂੰ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਘਰ ਨੂੰ ਸਾਲ 2012 ਵਿਚ ਜ਼ਿਲ੍ਹਾ ਫ਼ੈਸਲਾਬਾਦ ਪ੍ਰਸ਼ਾਸਨ ਵਲੋਂ ‘ਕੌਮੀ ਸਮਾਰਕ’ ਦਾ ਦਰਜਾ ਦਿੱਤਾ ਗਿਆ ਸੀ, ਜਿਸ ਦੇ ਬਾਅਦ ਹੁਣ ਸੂਬਾ ਸਰਕਾਰ ਨੇ ਇਸ ਨੂੰ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਮੌਜੂਦਾ ਸਮੇਂ ਸ਼ਹੀਦ ਦੇ ਘਰ ਨੂੰ ਚੌਧਰੀ ਸਾਕਿਬ ਵਿਰਕ ਵਲੋਂ ਅਜਾਇਬ-ਘਰ ਵਿਚ ਤਬਦੀਲ ਕਰਦਿਆਂ ਉਸ ਵਿਚ ਸ਼ਹੀਦ ਦੇ ਪਰਿਵਾਰ ਦੇ ਬਰਤਨ, ਅਲਮਾਰੀਆਂ ਤੇ ਹੋਰ ਸਾਮਾਨ ਸਮੇਤ 200 ਦੇ ਲਗਪਗ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …