ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ‘ਚ ਮਤਾ ਤੱਕ ਅੰਗਰੇਜ਼ੀ ‘ਚ ਪੇਸ਼ ਕੀਤਾ, ਸਨਮਾਨਿਤ ਹਸਤੀਆਂ ਨੂੰ ਸਨਮਾਨ ਪੱਤਰ ਵੀ ਅੰਗਰੇਜ਼ੀ ‘ਚ ਦਿੱਤੇ
ਚੰਡੀਗੜ੍ਹ :ਪੰਜਾਬ, ਭਾਰਤ ਤੇ ਪਾਕਿਸਤਾਨ ਸਣੇ ਦੁਨੀਆ ਭਰ ਵਿਚ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਮਰਿਆਦਾ ਨਾਲ ਮਨਾਇਆ ਗਿਆ। ਪਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਬਾਬੇ ਨਾਨਕ ਦੀ ਬੋਲੀ ‘ਗੁਰਮੁਖੀ’ ਨੂੰ ਸਮਾਗਮਾਂ ਵਿਚੋਂ ਵਿਸਾਰ ਦਿੱਤਾ। ਉਦਘਾਟਨੀ ਪੱਥਰ ਵਿਚ ਹਿੰਦੀ ਤੇ ਅੰਗਰੇਜ਼ੀ ਨੂੰ ਥਾਂ ਦੇਣ ਦੇ ਵਿਰੋਧ ਤੋਂ ਬਾਅਦ ਕੇਂਦਰ ਨੇ ਤਾਂ ਆਪਣੀ ਗਲਤੀ ਸੁਧਾਰ ਕੇ ਪੰਜਾਬੀ ਭਾਸ਼ਾ ਸਭ ਤੋਂ ਉਪਰ ਲਿਖ ਕੇ ਨਵਾਂ ਪੱਥਰ ਡੇਰਾ ਬਾਬਾ ਨਾਨਕ ਵਿਖੇ ਲਗਾ ਦਿੱਤਾ ਪਰ ਪੰਜਾਬ ਸਰਕਾਰ ਨੇ ਅਜੇ ਆਪਣੀਆਂ ਗਲਤੀਆਂ ਨਹੀਂ ਸੁਧਾਰੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਵਿਚ ਬੁਲਾਏ ਗਏ ਵਿਸ਼ੇਸ਼ ਇਜਲਾਸ ਦੌਰਾਨ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਸ਼ੇਸ਼ ਮਤਾ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੰਗਰੇਜ਼ੀ ਵਿਚ ਪੇਸ਼ ਕੀਤਾ। ਇਹੋ ਨਹੀਂ 550 ਸਾਲਾ ਦੇ ਸਰਕਾਰੀ ਛਤਰ ਛਾਇਆ ਹੇਠ ਹੋਏ ਸਮਾਗਮਾਂ ਵਿਚ ਡੇਰਾ ਬਾਬਾ ਨਾਨਕ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਜਿਨ੍ਹਾਂ ਜਿਨ੍ਹਾਂ ਨੇ ਭਾਗ ਲਿਆ ਉਨ੍ਹਾਂ ਸਭ ਨੂੰ ਪ੍ਰਮਾਣ ਪੱਤਰ ਅੰਗਰੇਜ਼ੀ ਵਿਚ ਦਿੱਤੇ ਗਏ। ਇਸ ਤੋਂ ਵੀ ਵੱਡੀ ਦੁੱਖ ਵਾਲੀ ਗੱਲ ਇਹ ਹੋਈ ਕਿ ਪੰਜਾਬੀ ਭਾਸ਼ਾ ਲਈ, ਪੰਜਾਬੀਅਤ ਲਈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਾਹ ‘ਤੇ ਚਲਦਿਆਂ ਸਮਾਜ ਦੇ ਵੱਖੋ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਲਈ ਜਿਨ੍ਹਾਂ 550 ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਸਰਕਾਰ ਨੇ ਫੈਸਲਾ ਲਿਆ, ਉਨ੍ਹਾਂ ਸਭ ਨੂੰ ਵੀ ਜੋ ਸਨਮਾਨ ਪੱਤਰ ਭੇਂਟ ਕੀਤੇ ਗਏ ਉਸ ਦੀ ਸਾਰੀ ਲਿਖਤ ਅੰਗਰੇਜ਼ੀ ਵਿਚ ਸੀ। ਇਥੇ ਇਹ ਵੀ ਧਿਆਨ ਰਹੇ ਕਿ ਪੰਜਾਬ ਸਰਕਾਰ ਨੂੰ 550 ਵਿਅਕਤੀ ਵੀ ਪੂਰੇ ਨਹੀਂ ਲੱਭੇ, 470-472 ਕੁ ਵਿਅਕਤੀਆਂ ਨੂੰ ਸਨਮਾਨਿਤ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁਦ ਇਨ੍ਹਾਂ ਸਭ ਮਹਾਨ ਹਸਤੀਆਂ ਦੇ ਹੱਥ ਜਦੋਂ ਅੰਗਰੇਜ਼ੀ ਲਿਖਤ ਵਾਲੇ ਸਨਮਾਨ ਪੱਤਰ ਫੜਾਏ ਤਾਂ ਪੰਡਾਲ ਵਿਚ ਉਥੇ ਹੀ ਘੁਸਰ-ਮੁਸਰ ਸ਼ੁਰੂ ਹੋ ਗਈ। ਕਈਆਂ ਨੇ ਪਹਿਲਾਂ ਹੀ ਇਹ ਸਰਕਾਰੀ ਸਨਮਾਨ ਲੈਣੋਂ ਇਨਕਾਰ ਕਰ ਦਿੱਤਾ ਸੀ, ਖਾਸ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਹੁਰਾਂ ਨੇ ਇਹ ਆਖਿਆ ਕਿ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਕੁੱਝ ਨਹੀਂ ਕਰ ਰਹੀ, ਉਲਟਾ ਵਾਤਾਵਰਨ ਦਾ ਨੁਕਸਾਨ ਕਰ ਰਹੀ ਹੈ। ਇਸ ਲਈ ਇਸ ਵਿਰੋਧ ਵਜੋਂ ਕਿ ਇਹ ਬਾਬੇ ਨਾਨਕ ਦੇ ਫਲਸਫੇ ਦੇ ਉਲਟ ਚਲਦੇ ਹਨ ਮੈਂ ਸਨਮਾਨ ਨਹੀਂ ਲਵਾਂਗਾ। ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਨੂੰ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚੋਂ ਵਿਸਾਰ ਦੇਣ ਦਾ ਵਿਰੋਧ ਵੱਖੋ-ਵੱਖ ਸਾਹਿਤਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਨੇ ਜਿੱਥੇ ਕੀਤਾ, ਉਥੇ ਹੀ ਮਾਂ ਬੋਲੀ ਪੰਜਾਬੀ ਹਿਤੈਸ਼ੀਆਂ ਨੇ ਵੀ ਆਪੋ-ਆਪਣੇ ਢੰਗ ਨਾਲ ਵਿਰੋਧ ਪ੍ਰਗਟਾਇਆ। ਭਾਸ਼ਾ ਵਿਭਾਗ ਦੇ ਹਵਾਲੇ ਨਾਲ ਇਹ ਗੱਲ ਤਾਂ ਸਾਹਮਣੇ ਆਈ ਕਿ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਦੇ ਘਰੋ-ਘਰੀ ਨਵੇਂ ਪੰਜਾਬੀ ਵਿਚ ਲਿਖੇ ਸਨਮਾਨ ਪੱਤਰ ਪਹੁੰਚਾਏ ਜਾਣਗੇ, ਪਰ ਸਰਕਾਰ ਦੇ ਕਿਸੇ ਮੰਤਰੀ-ਸੰਤਰੀ ਦਾ ਇਸ ਨੂੰ ਲੈ ਕੇ ਅਜੇ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਪੱਥਰ ‘ਤੇ ਬਾਬੇ ਨਾਨਕ ਦੇ ਨਾਮ ਨੂੰ ਨਹੀਂ ਮਿਲੀ ਥਾਂ
ਮਾਂ ਬੋਲੀ ਪੰਜਾਬੀ ਦੇ ਮਾਣ ਤੇ ਸਨਮਾਨ ਲਈ ਲਗਾਤਾਰ ਸੰਘਰਸ਼ਸ਼ੀਲ ਪੱਤਰਕਾਰ ਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਡੇਰਾ ਬਾਬਾ ਨਾਨਕ ਵਿਖੇ ਨਰਿੰਦਰ ਮੋਦੀ ਵੱਲੋਂ ਲਾਏ ਗਏ ਉਦਘਾਟਨੀ ਪੱਥਰ ਦੇ ਹਵਾਲੇ ਨਾਲ ਗੱਲ ਕਰਦਿਆਂ ਆਖਿਆ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਪਹਿਲਾਂ ਤਾਂ ਉਦਘਾਟਨੀ ਪੱਥਰ ‘ਤੇ ਗੁਰਮੁਖੀ ਭਾਸ਼ਾ ਨੂੰ ਥਾਂ ਨਹੀਂ ਦਿੱਤੀ, ਫਿਰ ਵਿਰੋਧ ਤੋਂ ਬਾਅਦ ਪੰਜਾਬੀ ਨੂੰ ਤਾਂ ਦਰਜ ਕਰ ਲਿਆ ਗਿਆ ਪਰ ਇਸ ਸਾਰੇ ਪੱਥਰ ‘ਤੇ ਨਾ ਤਾਂ 550 ਸਾਲਾ ਪ੍ਰਕਾਸ਼ ਪੁਰਬ ਦਾ ਜ਼ਿਕਰ ਕੀਤਾ ਅਤੇ ਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਦਰਜ ਕੀਤਾ। ਇਹ ਤਾਂ ਸਥਾਨ ਲਿਖਣ ਕਾਰਨ ਡੇਰਾ ਬਾਬਾ ਨਾਨਕ ਵਿਚ ਨਾਨਕ ਸ਼ਬਦ ਆ ਗਿਆ। ਦੀਪਕ ਚਨਾਰਥਲ ਨੇ ਆਖਿਆ, ਜਦੋਂ ਕਿ ਮੋਦੀ, ਅਮਰਿੰਦਰ, ਹਰਦੀਪ ਪੁਰੀ, ਹਰਸਿਮਰਤ, ਸੋਮ ਪ੍ਰਕਾਸ਼ ਤੇ ਸਨੀ ਦਿਓਲ ਨੂੰ ਆਪਣੇ ਨਾਂ ਲਿਖਵਾਉਣੇ ਤਾਂ ਯਾਦ ਰਹੇ ਪਰ ਬਾਬੇ ਨਾਨਕ ਦੇ ਨਾਮ ਤੱਕ ਨੂੰ ਇਹ ਲੋਕ ਭੁੱਲ ਗਏ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …