Breaking News
Home / ਹਫ਼ਤਾਵਾਰੀ ਫੇਰੀ / ਕੁੰਵਰ ਵਿਜੇ ਪ੍ਰਤਾਪ ਨੇ ਜਨਤਕ ਸਮਾਗਮ ‘ਚ ਮਾਈਕ ਤੋਂ ਕਿਹਾ

ਕੁੰਵਰ ਵਿਜੇ ਪ੍ਰਤਾਪ ਨੇ ਜਨਤਕ ਸਮਾਗਮ ‘ਚ ਮਾਈਕ ਤੋਂ ਕਿਹਾ

ਰਾਘਵ ਚੱਢਾ ਦੇ ਖਾਸ 2 ਪੁਲਿਸ ਅਧਿਕਾਰੀ ਅੰਮ੍ਰਿਤਸਰ ‘ਚ ਵਿਕਵਾਉਂਦੇ ਹਨ ਨਸ਼ਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਜਿੱਥੇ ਸੂਬੇ ਦੀ ਸਿਆਸਤ ਵਿਚ ਵੱਡੀ ਤਰਥੱਲੀ ਮਚਾਈ ਹੋਈ ਹੈ, ਉਥੇ ਹੀ ਆਮ ਆਦਮੀ ਪਾਰਟੀ ਲਈ ਵੱਡੀ ਨਮੋਸ਼ੀ ਦਾ ਕਾਰਨ ਬਣ ਰਹੇ ਇਸ ‘ਕਲਿੱਪ’ ਨੇ ਭਗਵੰਤ ਮਾਨ ਸਰਕਾਰ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ‘ਚ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਅਤੇ ਰਾਘਵ ਚੱਢਾ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਇਥੋਂ ਤੱਕ ਆਰੋਪ ਲਗਾ ਦਿੱਤੇ ਕਿ ਉਨ੍ਹਾਂ ਦੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਾਸਮ ਖਾਸ ਪੁਲਿਸ ਅਧਿਕਾਰੀ ਹੀ ਅੰਮ੍ਰਿਤਸਰ ‘ਚ ਨਸ਼ਾ ਵਿਕਾ ਰਹੇ ਹਨ, ਜਿਨ੍ਹਾਂ ਦੀ ਬਦਲੀ ਡੀਜੀਪੀ ਵਲੋਂ ਵੀ ਨਹੀਂ ਕੀਤੀ ਜਾ ਰਹੀ ਹੈ।
ਉਕਤ ਖੁਲਾਸਿਆਂ ਨੇ ਆਮ ਆਦਮੀ ਪਾਰਟੀ ‘ਚ ਅਜਿਹਾ ਭੜਥੂ ਪਾਇਆ ਹੈ ਕਿ ਲੋਕਾਂ ਨੂੰ ਜਵਾਬ ਦੇਣੇ ਔਖੇ ਹੋ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ‘ਚ ਨਸ਼ੇ ਦੀ ਲਾਹਨਤ ਨੂੰ ਸੱਤਾ ‘ਚ ਆਉਂਦਿਆਂ ਹੀ ਜੜ੍ਹ ਤੋਂ ਖਤਮ ਕਰਨ ਦਾ ਵੱਡਾ ਵਾਅਦਾ ਕਰਕੇ ਯਕੀਨ ਦੁਆਇਆ ਸੀ ਕਿ ਸਿਆਸੀ ਆਗੂਆਂ ਦੀ ਸ਼ਹਿ ‘ਤੇ ਪੰਜਾਬ ‘ਚ ਵਿਕਣ ਵਾਲਾ ਨਸ਼ਾ ਕੁਝ ਦਿਨਾਂ ‘ਚ ਹੀ ਬੰਦ ਕਰਵਾ ਦਿੱਤਾ ਜਾਵੇਗਾ, ਪਰ 2 ਸਾਲ ਦੇ ਕਾਰਜਕਾਲ ਤੋਂ ਬਾਅਦ ਵੀ ਸੂਬੇ ‘ਚ ਸ਼ਰ੍ਹੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਅਤੇ ਰੋਜ਼ਾਨਾ ਹੀ ਨੌਜਵਾਨ ਇਸਦੀ ਭੇਟ ਚੜ੍ਹ ਰਹੇ ਹਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪਾਰਟੀ ਦੇ ਸੀਨੀਅਰ ਆਗੂ ‘ਤੇ ਲਗਾਏ ਗਏ ਕਥਿਤ ਗੰਭੀਰ ਆਰੋਪ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਰਹੇ ਹਨ ਕਿ ਹੁਣ ਸੂਬੇ ਵਿਚ ਕਿਹੜੇ ਸਿਆਸੀ ਲੋਕਾਂ ਦੀ ਸ਼ਹਿ ‘ਤੇ ਨਸ਼ਾ ਵਿਕ ਰਿਹਾ ਹੈ। ਅਜਿਹੇ ‘ਚ ਆਮ ਆਦਮੀ ਪਾਰਟੀ ਲਈ ਲੋਕ ਸਭਾ ਚੋਣਾਂ ਦਾ ਰਸਤਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਕਿਉਂਕਿ ਪਾਰਟੀ ਉਮੀਦਵਾਰਾਂ ਨੂੰ ਤਾਂ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੁਕੰਮਲ ਤੌਰ ‘ਤੇ ਲੋਕ ਸਭਾ ਚੋਣਾਂ ਵਿਚ ਗੈਰਹਾਜ਼ਰੀ ਲੋਕਾਂ ਲਈ ‘ਰਹੱਸ’ ਬਣੀ ਹੋਈ ਹੈ। ਉਹ ਵੀ ਅਜਿਹੇ ਸਮੇਂ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਭ੍ਰਿਸ਼ਟਾਚਾਰ ਦੇ ਕਥਿਤ ਆਰੋਪਾਂ ਤਹਿਤ ਜੇਲ੍ਹ ‘ਚ ਬੰਦ ਹਨ।

Check Also

ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …