Breaking News
Home / ਪੰਜਾਬ / ਪੰਜਾਬ ਕਾਂਗਰਸ ਦਾ ਕਲੇਸ਼ ਹੋਵੇਗਾ ਖਤਮ

ਪੰਜਾਬ ਕਾਂਗਰਸ ਦਾ ਕਲੇਸ਼ ਹੋਵੇਗਾ ਖਤਮ

20 ਜੂਨ ਨੂੰ ਸੋਨੀਆ ਗਾਂਧੀ ਨੇ ਦਿੱਲੀ ਵਿਖੇ ਸੱਦੀ ਮੀਟਿੰਗ
ਚੰਡੀਗੜ੍ਹ : ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰ ਪੈਦਾ ਹੋਈ ਖਿੱਚੋਤਾਣ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਆਗੂਆਂ ਦਰਮਿਆਨ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਲਈ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 20 ਜੂਨ ਨੂੰ ਦਿੱਲੀ ਵਿਖੇ ਮੀਟਿੰਗ ਸੱਦ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਇਸ ਵਾਰ ਪਾਰਟੀ ਆਗੂਆਂ ਨਾਲ ਸਿੱਧੀ ਗੱਲਬਾਤ ਰਾਹੀਂ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਜ਼ਿਕਰਯੋਗ ਹੈ ਕਿ ਲੰਘੇ ਕਈ ਮਹੀਨਿਆਂ ਤੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੈ। ਹੁਣ ਦੇਖਣਾ ਇਹ ਹੈ ਕਿ 20 ਜੂਨ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਅੰਦਰ ਪੈਦਾ ਹੋਇਆ ਕਲੇਸ਼ ਖਤਮ ਹੁੰਦਾ ਹੈ ਜਾਂ ਨਹੀਂ। ਕਿਉਂਕਿ ਨਵਜੋਤ ਸਿੰਘ ਸਿੱਧੂ ਇਹ ਵੀ ਕਹਿ ਚੁੱਕੇ ਹਨ ਕਿ ਜੇ ਉਹ ਆਪਣੇ ਅਹੁਦੇ ‘ਤੇ ਵਾਪਸ ਪਰਤ ਵੀ ਆਉਂਦੇ ਨੇ ਤਾਂ ਉਨ੍ਹਾਂ ਕੈਪਟਨ ਨਾਲ ਕੰਮ ਕਰਨਾ ਠੀਕ ਨਹੀਂ ਲੱਗੇਗਾ।
ਕੈਪਟਨ ਤੇ ਸਿੱਧੂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਫਰੀਦਕੋਟ ‘ਚ ਲੱਗੇ ਪੋਸਟਰ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਸ਼ੁਰੂ ਹੋਇਆ ਕਲੇਸ਼ ਦਿੱਲੀ ਵਿਖੇ ਹੋਈ ਮੀਟਿੰਗ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਨ੍ਹੀਂ ਦਿਨੀਂ ਪੰਜਾਬ ਵਿਚ ਪੋਸਟਰ ਵਾਰ ਵੀ ਸ਼ੁਰੂ ਹੋਈ ਹੈ, ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਪਟਿਆਲਾ ਸਮੇਤ ਵੱਖ-ਵੱਖ ਇਲਾਕਿਆਂ ਵਿਚ ਪੋਸਟਰ ਲਗਾਏ ਗਏ ਜਿਨ੍ਹਾਂ ‘ਤੇ ਲਿਖਿਆ ਗਿਆ ਸੀ ਕਿ ਸਾਡਾ ਸਾਂਝਾ ਨਾਅਰਾ ਕੈਪਟਨ ਹੀ ਦੁਬਾਰਾ। ਪੋਸਟਰ ਵਾਰ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਵੀ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਪੋਸਟਰ ਲਗਾਏ ਗਏ ਜਿਨ੍ਹਾਂ ‘ਤੇ ਲਿਖਿਆ ਗਿਆ ਸੀ ਕਿ ‘ਸਾਰਾ ਪੰਜਾਬ ਸਿੱਧੂ ਦੇ ਨਾਲ’। ਨਵਜੋਤ ਸਿੱਧੂ ਦੇ ਸਮਰਥਕਾਂ ਵੱਲੋਂ ਲਗਾਏ ਗਏ ਪੋਸਟਰਾਂ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਗਾਇਬ ਸੀ। ਹੁਣ ਫਰੀਦਕੋਟ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਪੋਸਟਰ ਲਗਾਏ ਗਏ ਨੇ ਜਿਨ੍ਹਾਂ ‘ਤੇ ਲਿਖਿਆ ਗਿਆ ਹੈ ਕਿ ਮਿਸ਼ਨ 2022, ਸਾਡਾ ਸਭ ਦਾ ਨਾਅਰਾ, ਸਾਨੂੰ ਸਭ ਨੂੰ ਪੰਜਾਬ ਪਿਆਰਾ। ਇਨ੍ਹਾਂ ਪੋਸਟਰਾਂ ‘ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ ਪ੍ਰੰਤੂ ਇਨ੍ਹਾਂ ਵਿਚੋਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀਆਂ ਫੋਟੋਆਂ ਗਾਇਬ ਹਨ।
ਸੁਨੀਲ ਜਾਖੜ ਦੀ ਪ੍ਰਧਾਨਗੀ ‘ਤੇ ਸੰਕਟ ਦੇ ਬੱਦਲ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਲੇਸ਼ ਕਈ ਆਗੂਆਂ ਦਾ ਸਿਆਸੀ ਭਵਿੱਖ ਖਤਰੇ ਵਿਚ ਪਾ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹੋਈ ਬਿਆਨਬਾਜ਼ੀ ਨੂੰ ਲੈ ਕੇ ਪਾਰਟੀ ਹਾਈਕਮਾਨ ਵੀ ਸਖਤ ਮੂਡ ਵਿਚ ਲੱਗ ਰਹੀ ਏ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਹਾਈਕਮਾਨ ਨੇ ਜਾਖੜ ਦੀ ਪ੍ਰਧਾਨਗੀ ਖੋਹਣ ਦਾ ਮਨ ਬਣਾ ਲਿਆ ਹੈ ਅਤੇ ਜਲਦ ਹੀ ਇਸਦਾ ਐਲਾਨ ਵੀ ਹੋ ਸਕਦਾ ਏ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੇ ਪਾਰਟੀ ਵਿਚੋ ਹਟਣ ਨਾਲ ਕਾਂਗਰਸ ਮਜ਼ਬੂਤ ਹੁੰਦੀ ਹੈ ਤਾਂ ਉਹ ਇਸ ਸਿਆਸੀ ਬਲੀਦਾਨ ਲਈ ਪੂਰੀ ਤਰ੍ਹਾਂ ਤਿਆਰ ਹਨ। ਚਰਚਾ ਤਾਂ ਇਹ ਵੀ ਹੈ ਕਿ ਵਿਧਾਇਕ ਪਰਗਟ ਸਿੰਘ ਖਿਲਾਫ ਕਾਰਵਾਈ ਹੋਣੀ ਲਗਭਗ ਯਕੀਨੀ ਹੈ ਕਿਉਂਕਿ ਪਰਗਟ ਸਿੰਘ ਨੇ ਵੀ ਨਵਜੋਤ ਸਿੱਧੂ ਤੋਂ ਬਾਅਦ ਮੁੱਖ ਮੰਤਰੀ ਖਿਲਾਫ ਬੋਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …