Breaking News
Home / ਪੰਜਾਬ / ਚੰਨੀ ਨੇ ਦਿੱਲੀ ‘ਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਕੀਤੀ ਮੁਲਾਕਾਤ

ਚੰਨੀ ਨੇ ਦਿੱਲੀ ‘ਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਵੇਂ ਉੱਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਨਾਲ ਦਿੱਲੀ ਪਹੁੰਚੇ।
ਦਿੱਲੀ ਦੌਰੇ ਦਾ ਮਕਸਦ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਹਾਈਕਮਾਨ ਨਾਲ ਵਿਚਾਰ-ਵਟਾਂਦਰਾ ਕਰਨਾ ਸੀ ਹਾਲਾਂਕਿ ਸਮੁੱਚਾ ਗਾਂਧੀ ਪਰਿਵਾਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸ਼ਿਮਲਾ ‘ਚ ਸੀ।ਇਸ ਤੂਫਾਨੀ ਦੌਰੇ ‘ਚ ਮੁੱਖ ਮੰਤਰੀ ਨੇ ਅੰਬਿਕਾ ਸੋਨੀ, ਕੇ.ਸੀ. ਵੇਨੂੰਗੋਪਾਲ ਅਤੇ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ।
ਨਿੱਜੀ ਜੈੱਟ ਦੀ ਸਵਾਰੀ ਸਬੰਧੀ ਉਠੇ ਸਵਾਲ
ਚਰਨਜੀਤ ਸਿੰਘ ਚੰਨੀ ਪ੍ਰਾਈਵੇਟ ਜੈੱਟ ਦੀ ਪਹਿਲੀ ਯਾਤਰਾ ਤੋਂ ਹੀ ਨਿਸ਼ਾਨੇ ‘ਤੇ ਆ ਗਏ ਹਨ। ਚੰਨੀ ਨੇ ਬਤੌਰ ਮੁੱਖ ਮੰਤਰੀ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਆਪਣੀ ਪਹਿਲੀ ਯਾਤਰਾ ਕਰੀਬ 73 ਕਰੋੜ ਕੀਮਤ ਦੇ ਵਿਸ਼ੇਸ਼ ਚਾਰਟਰਡ ਜੈੱਟ ਵਿਚ ਕੀਤੀ।
ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਵੀ ਗਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਰਕਾਰੀ ਸਕੀਮਾਂ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਤਾਂ ਖਜ਼ਾਨਾ ਖਾਲੀ ਹੈ ਪਰ ਮਹਿੰਗਾ ਹਵਾਈ ਜਹਾਜ਼ ਵਰਤਣ ਲਈ ਪੈਸੇ ਦੀ ਘਾਟ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਪਹਿਲੀ ਕੈਬਨਿਟ ਮੌਕੇ ਹੈਲੀਕਾਪਟਰ ਦੀ ਘੱਟੋ-ਘੱਟ ਵਰਤੋਂ ਦੀ ਗੱਲ ਕਰਦਿਆਂ ਵੀਆਈਪੀ ਕਲਚਰ ਦੇ ਖ਼ਾਤਮੇ ਦੀ ਗੱਲ ਕੀਤੀ ਸੀ ਪਰ ਮੁੱਖ ਮੰਤਰੀ ਪ੍ਰਾਈਵੇਟ ਜੈੱਟ ਦੀ ਸਵਾਰੀ ਕਰ ਕੇ ਸਰਕਾਰੀ ਖ਼ਜ਼ਾਨੇ ‘ਤੇ ਨਾਜਾਇਜ਼ ਖ਼ਰਚਾ ਪਾ ਰਹੇ ਹਨ।

 

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …