Breaking News
Home / ਪੰਜਾਬ / ਖੇਤੀ ਬਿੱਲਾਂ ਖਿਲਾਫ ਪੰਜਾਬ ਤੇ ਹਰਿਆਣਾ ‘ਚ ਕਿਸਾਨਾਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਖੇਤੀ ਬਿੱਲਾਂ ਖਿਲਾਫ ਪੰਜਾਬ ਤੇ ਹਰਿਆਣਾ ‘ਚ ਕਿਸਾਨਾਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਪੰਜਾਬ ਦੇ 1500 ਪਿੰਡਾਂ ਵਿਚ ਨਰਿੰਦਰ ਮੋਦੀ ਦੇ ਪੁਤਲੇ ਫੂਕੇ
ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਬਿੱਲਾਂ ਦੇ ਸੰਸਦ ‘ਚ ਪਾਸ ਹੋਣ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਅਤੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਹਰਿਆਣਾ ‘ਚ ਸੜਕਾਂ ‘ਤੇ ਜਾਮ ਲਾਏ ਗਏ। ਪੰਜਾਬ ‘ਚ ਬਹੁਤ ਸਾਰੀਆਂ ਥਾਵਾਂ ‘ਤੇ ਕਿਸਾਨਾਂ ਨੇ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਅਤੇ ਖੇਤੀ ਬਿੱਲ ਦੀਆਂ ਕਾਪੀਆਂ ਸਾੜੀਆਂ। ਕਿਸਾਨ ਦਾਅਵਾ ਕਰ ਰਹੇ ਸਨ ਕਿ ਨਵੇਂ ਕਾਨੂੰਨ ਕਿਸਾਨੀ ਨੂੰ ਤਬਾਹ ਕਰ ਦੇਣਗੇ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹ ਲੈਣਗੇ। 3 ਬਿੱਲਾਂ ਦਾ ਮਕਸਦ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਨੂੰ ਵਧੀਆ ਮੁੱਲ ‘ਤੇ ਵੇਚਣ ਦਾ ਮੌਕਾ ਦੇਣਾ ਹੈ, ਪਰ ਕਈ ਕਿਸਾਨ ਸੰਗਠਨਾਂ ਨੂੰ ਡਰ ਹੈ ਕਿ ਇਸ ਨਾਲ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਖ਼ਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਕਰੀਬ 1500 ਪਿੰਡਾਂ ਵਿਚ ਪੁਤਲੇ ਫੂਕ ਕੇ ਆਪਣਾ ਗੁੱਸਾ ਕੱਢਿਆ। 31 ਕਿਸਾਨ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ ਵਿੱਢਿਆ ਗਿਆ ਹੈ। ਲੰਮੇ ਅਰਸੇ ਮਗਰੋਂ ਏਨੀਆਂ ਕਿਸਾਨ ਧਿਰਾਂ ਇੱਕੋ ਮੰਚ ‘ਤੇ ਇਕੱਤਰ ਹੋਈਆਂ ਹਨ। ਇਨ੍ਹਾਂ ਕਿਸਾਨ ਧਿਰਾਂ ਵੱਲੋਂ ਨਾਲੋਂ ਨਾਲ 25 ਸਤੰਬਰ ਦੇ ‘ਪੰਜਾਬ ਬੰਦ’ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੀਆਂ 31 ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਕਰੀਬ 1500 ਪਿੰਡਾਂ ਵਿਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ।
ਇਸੇ ਦੌਰਾਨ ਅੰਬਾਲਾ ‘ਚ ਮੁਲਾਨਾ ਤੋਂ ਹਰਿਆਣਾ ਕਾਂਗਰਸ ਦੇ ਵਿਧਾਇਕ ਵਰੁਣ ਚੌਧਰੀ, ਜਿਨ੍ਹਾਂ ਨੇ ਪੰਜੋਖਰਾ ਸਾਹਿਬ ਨੇੜੇ ਮੰਦੌਰ ‘ਚ ਪ੍ਰਦਰਸ਼ਨ ‘ਚ ਹਿੱਸਾ ਲਿਆ।
ਕੈਪਟਨ ਨੇ ਖੇਤੀ ਬਿੱਲਾਂ ਬਾਰੇ ਬਾਦਲਾਂ ਨੂੰ ਕੀਤੇ ਸਵਾਲ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਜਾ ਰਹੇ ਸਿਆਸੀ ਹੱਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਦੋਵੇਂ ਆਗੂ ਆਪਣੇ ਗੰਧਲੇ ਹੋ ਚੁੱਕੇ ਅਕਸ ‘ਤੇ ਪੋਚਾ ਫੇਰਨ ਲਈ ਝੂਠ ਦਾ ਜਾਲ ਬੁਣ ਰਹੇ ਹਨ। ਕੈਪਟਨ ਨੇ ਬਾਦਲਾਂ ਕੋਲੋਂ 10 ਸਵਾਲਾਂ ਦੇ ਜਵਾਬ ਮੰਗੇ ਹਨ। ਮੁੱਖ ਮੰਤਰੀ ਨੇ ਪੁੱਛਿਆ ਹੈ ਕਿ ‘ਕੀ ਆਰਡੀਨੈਂਸਾਂ ਦੇ ਲੋਕ ਸਭਾ ਵਿਚ ਪੇਸ਼ ਹੋਣ ਤੱਕ ਦੋਵਾਂ ਵਿੱਚੋਂ ਕਿਸੇ ਨੇ ਇਕ ਵਾਰ ਵੀ ਇਨ੍ਹਾਂ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਕਿਹਾ?’, ‘ਕੀ ਕਿਸੇ ਵੀ ਭਾਈਵਾਲ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਹੀ ਇਨ੍ਹਾਂ ਆਰਡੀਨੈਂਸਾਂ ਨੂੰ ਜਾਰੀ ਕੀਤਾ ਗਿਆ, ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਦਾ ਹਿੱਸਾ ਸੀ ਜਦਕਿ ਹੁਣ ਹਰਸਿਮਰਤ ਨੇ ਇਸ ਕਾਰਨ ਨੂੰ ਵੀ ਆਪਣੇ ਅਸਤੀਫ਼ੇ ਦਾ ਆਧਾਰ ਬਣਾ ਲਿਆ ਹੈ ਕਿ ਕੇਂਦਰ ਨੇ ਭਾਈਵਾਲਾਂ ਨਾਲ ਸਲਾਹ ਕਰਨ ਬਾਰੇ ਉਨ੍ਹਾਂ ਦਾ ਸੁਝਾਅ ਨਹੀਂ ਮੰਨਿਆ?

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …