13.1 C
Toronto
Wednesday, October 15, 2025
spot_img
Homeਪੰਜਾਬਗੁਰਦੁਆਰਿਆਂ ਦੀ ਗੋਲਕ ਕਰੋਨਾ ਨੇ ਕੀਤੀ ਪ੍ਰਭਾਵਿਤ

ਗੁਰਦੁਆਰਿਆਂ ਦੀ ਗੋਲਕ ਕਰੋਨਾ ਨੇ ਕੀਤੀ ਪ੍ਰਭਾਵਿਤ

ਸੰਕਟ ਦੇ ਟਾਕਰੇ ਲਈ ਸਿੱਖ ਸੰਸਥਾਵਾਂ ਵਿੱਤੀ ਸਰੋਤ ਮਜ਼ਬੂਤ ਕਰਨ: ਜਥੇਦਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਆਖਿਆ ਹੈ ਕਿ ਉਹ ਆਪਣੇ ਵਿੱਤੀ ਸਰੋਤਾਂ ਨੂੰ ਮਜ਼ਬੂਤ ਕਰਨ ਤਾਂ ਜੋ ਭਵਿੱਖ ਵਿਚ ਕਰੋਨਾ ਵਰਗੇ ਸੰਕਟ ਆਉਣ ‘ਤੇ ਵੀ ਲੰਗਰ ਜਾਂ ਮਨੁੱਖ ਦੀ ਭਲਾਈ ਸਬੰਧੀ ਸੇਵਾਵਾਂ ਕਦੇ ਪ੍ਰਭਾਵਿਤ ਨਾ ਹੋਣ। ਕਰੋਨਾ ਸੰਕਟ ਵੇਲੇ ਸ਼ਰਧਾਲੂਆਂ ਦੀ ਆਮਦ ਘਟ ਜਾਣ ਕਾਰਨ ਗੁਰਦੁਆਰਿਆਂ ਦੀ ਗੋਲਕ ਵੀ ਪ੍ਰਭਾਵਿਤ ਹੋਈ ਹੈ, ਜਿਸ ਦਾ ਅਸਰ ਸਿੱਖ ਸੰਸਥਾਵਾਂ ਦੀ ਆਮਦਨ ‘ਤੇ ਵੀ ਪਿਆ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਅਤੇ ਹੋਰ ਸਥਾਨਕ ਗੁਰਦੁਆਰਾ ਕਮੇਟੀਆਂ ਦੀ ਆਮਦਨ ਦਾ ਵੱਡਾ ਸਰੋਤ ਗੁਰਦੁਆਰਿਆਂ ਦੀ ਗੋਲਕ ਹੈ। ਕਰੋਨਾ ਸੰਕਟ ਕਾਰਨ ਪਿਛਲੇ ਮਹੀਨਿਆਂ ਤੋਂ ਲੋਕ ਘਰਾਂ ਵਿਚ ਬੰਦ ਹਨ ਅਤੇ ਧਰਮ ਅਸਥਾਨਾਂ ‘ਤੇ ਜਾਣ ਦੀ ਲੋਕਾਂ ਨੂੰ ਆਗਿਆ ਨਹੀਂ ਦਿੱਤੀ ਗਈ ਸੀ। ઠਸ਼੍ਰੋਮਣੀ ਕਮੇਟੀ ਸੂਤਰਾਂ ਮੁਤਾਬਕ ਪਿਛਲੇ ਦਿਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਅਤੇ ਹੋਰ ਭੇਟਾ ਰਕਮ ਸਿਰਫ ਦਸ ਤੋਂ 15 ਹਜ਼ਾਰ ਪ੍ਰਤੀ ਦਿਨ ਹੀ ਰਹਿ ਗਈ ਸੀ। ਪਹਿਲਾਂ ਆਮ ਦਿਨਾਂ ਵਿਚ ਇਹ ਗੋਲਕ ਲੱਖਾਂ ਰੁਪਏ ਵਿਚ ਹੁੰਦੀ ਸੀ। ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆਉਂਦੇ ਲਗਭਗ 80 ਤੋਂ ਵੱਧ ਗੁਰਦੁਆਰਿਆਂ ਦੀ ਗੋਲਕ ਤੋਂ ਸਾਲਾਨਾ ਆਮਦਨ ਕਰੀਬ 690 ਕਰੋੜ ਰੁਪਏ ਸੀ। ਇਸ ਵਿਚ ਵੱਡਾ ਹਿੱਸਾ ਹਰਿਮੰਦਰ ਸਾਹਿਬ ਦੀ ਗੋਲਕ ਦਾ ਸੀ। ਇਸੇ ਆਮਦਨ ਵਿਚੋਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਚਲਾਏ ਜਾਂਦੇ ਹਨ, ਨਿਰੰਤਰ ਲੰਗਰ ਚਲਾਇਆ ਜਾਂਦਾ ਹੈ, ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਅਤੇ ਹੋਰ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਕਰੋਨਾ ਸੰਕਟ ਦੌਰਾਨ ਸ਼੍ਰੋਮਣੀ ਕਮੇਟੀ ਨੇ ਲੋੜਵੰਦ ਲੋਕਾਂ ਨੂੰ ਲੰਗਰ ਮੁਹੱਈਆ ਕਰਾਉਣ ਲਈ ਪੰਜ ਕਰੋੜ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਹੈ। ਕਰੋਨਾ ਸੰਕਟ ਕਾਰਨ ਪੈਦਾ ਹੋਏ ਹਾਲਾਤ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਲੰਗਰ ਸੇਵਾ ਵਾਸਤੇ ਕਣਕ, ਰਸਦ ਅਤੇ ਮਾਇਆ ਭੇਟ ਕਰਨ ਦੀ ਅਪੀਲ ਕੀਤੀ ਸੀ। ઠਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਸੰਸਥਾਵਾਂ ਨੂੰ ਗੁਰਦੁਆਰਿਆਂ ਦੀ ਗੋਲਕ ਤੋਂ ਨਿਰਭਰਤਾ ઠਨੂੰ ਖ਼ਤਮ ਕਰਦਿਆਂ ਆਪਣੇ ਹੋਰ ਵਿੱਤੀ ਸਰੋਤ ਸਥਾਪਤ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਪਹਿਲ ਕਰਨੀ ਚਾਹੀਦੀ ਹੈ। ਅਜਿਹੇ ਵਿੱਤੀ ਸਰੋਤਾਂ ਦੀ ਸਥਾਪਨਾ ਕਰਨ ਦੀ ਲੋੜ ਹੈ, ਜਿਸ ਰਾਹੀਂ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇ। ਉਨ੍ਹਾਂ ਮਿਸਾਲ ਦਿੱਤੀ ਕਿ ਸਿੱਖ ਕਕਾਰਾਂ ਵਿਚ ਸ਼ਾਮਲ ਸ੍ਰੀ ਸਾਹਿਬ (ਵੱਡੀ ਛੋਟੀ), ਕੜੇ, ਕੰਘੇ, ਗਾਤਰੇ, ਕਛਹਿਰੇ, ਪਟਕੇ, ਦਸਤਾਰਾਂ ਆਦਿ ਹੋਰ ਅਜਿਹੀਆਂ ਵਸਤਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਸਿੱਖੀ ਅਤੇ ਗੁਰੂ ਘਰ ਦੀਆਂ ਲੋੜਾਂ ਨਾਲ ਜੁੜੇ ਕੰਮ ਸਥਾਪਤ ਕਰ ਕੇ ਵਾਧੂ ਵਿੱਤੀ ਸਰੋਤ ਬਣਾਏ ਜਾ ਸਕਦੇ ਹਨ।
ਨਵੀਂ ਤਾਲਾਬੰਦੀ ਕਾਰਨ ਦਰਬਾਰ ਸਾਹਿਬ ਵਿਚ ਸ਼ਰਧਾਲੂਆਂ ਦੀ ਆਮਦ ਘਟੀ
ਕਰੋਨਾ ਦੇ ਮੁੜ ਵਧ ਰਹੇ ਕਹਿਰ ਦੌਰਾਨ ਸਰਕਾਰ ਵੱਲੋਂ ਹਫ਼ਤੇ ਦੇ ਆਖ਼ਰੀ ਦੋ ਦਿਨ ਸ਼ਨਿਚਵਾਰ ਅਤੇ ਐਤਵਾਰ ਸਣੇ ਹੋਰ ਛੁੱਟੀਆਂ ਵਾਲੇ ਦਿਨਾਂ ਵਿਚ ਕਾਰੋਬਾਰ ਅਤੇ ਆਵਾਜਾਈ ਆਦਿ ਬੰਦ ਰੱਖਣ ਦੇ ਕੀਤੇ ਹੁਕਮਾਂ ਦਾ ਅਸਰ ਦਰਬਾਰ ਸਾਹਿਬ ਆਉਣ ਵਾਲੀ ਸੰਗਤ ‘ਤੇ ਵੀ ਹੋਇਆ ਹੈ।

RELATED ARTICLES
POPULAR POSTS