-1.6 C
Toronto
Saturday, December 13, 2025
spot_img
Homeਪੰਜਾਬਪੰਜਾਬ ਦੇ 200 ਤੋਂ ਵੱਧ ਕਾਰੀਗਰ ਸ੍ਰੀਨਗਰ 'ਚ ਫਸੇ

ਪੰਜਾਬ ਦੇ 200 ਤੋਂ ਵੱਧ ਕਾਰੀਗਰ ਸ੍ਰੀਨਗਰ ‘ਚ ਫਸੇ

ਗੁਰਦਾਸਪੁਰ/ਬਿਊਰੋ ਨਿਊਜ਼ : ਘਰਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਗਏ 200 ਦੇ ਕਰੀਬ ਲੱਕੜੀ ਦੇ ਕਾਰੀਗਰ ਲੌਕਡਾਊਨ ਕਾਰਨ ਸ੍ਰੀਨਗਰ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਅਕਤੀਆਂ ਨੇ ਇੱਕ ਵੀਡੀਓ ਭੇਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਦਦ ਮੰਗੀ ਹੈ। ਇਨ੍ਹਾਂ ਕਾਰੀਗਰ ‘ਚੋਂ ਵਧੇਰੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹਨ।
ਫ਼ੋਨ ਤੇ ਗੱਲ ਕਰਦਿਆਂ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲੌਕਡਾਊਨ ਕਰਕੇ ਸ੍ਰੀਨਗਰ ਵਿੱਚ ਫਸੇ ਹਨ ਅਤੇ ਬੇਹੱਦ ਮੰਦੇ ਹਾਲਾਤ ਵਿੱਚ ਹਨ। ਇਨ੍ਹਾਂ ਸਭ ਦੀ ਗਿਣਤੀ ਦੋ ਸੌ ਤੋਂ ਵੱਧ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਚੁੱਕੇ ਹਨ ਤੇ ਖਾਣ ਨੂੰ ਜੋ ਕੁਝ ਮਿਲਦਾ ਹੈ, ਉਹ ਪੰਜਾਬੀਆਂ ਦੇ ਖਾਣ ਵਾਲਾ ਨਹੀਂ। ਪੰਜਾਬ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਰਕਾਰ ਕੋਲੋਂ ਰਾਸ਼ਨ ਨਹੀਂ ਮਿਲ ਰਿਹਾ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਰਾਲ (ਪੁਲਵਾਮਾ) ਕਸਬੇ ਦੇ ਸਰਕਾਰੀ ਡਿਗਰੀ ਕਾਲਜ ਦੇ ਇਨਫਰਮੇਸ਼ਨ ਸੈਂਟਰ ਅਤੇ ਆਰਟਸ ਬਲਾਕ ਦੀਆਂ ਇਮਾਰਤਾਂ ਵਿੱਚ ਰੱਖਿਆ ਗਿਆ ਹੈ। ਇੱਕ ਹੀ ਕਮਰੇ ਵਿੱਚ 50 ਤੋਂ 100 ਵਿਅਕਤੀਆਂ ਨੂੰ ਰਹਿਣਾ ਪੈ ਰਿਹਾ ਹੈ।
ਇੱਥੇ ਰਹਿ ਰਹੇ ਸਾਰੇ ਪੰਜਾਬੀ ਫਿਲਹਾਲ ਸਿਹਤਮੰਦ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਜੇ ਇਨ੍ਹਾਂ ‘ਚੋਂ ਕਿਸੇ ਇੱਕ ਨੂੰ ਵੀ ਕਰੋਨਾ ਨਿਕਲਿਆ ਤਾਂ ਉਹ ਸਾਰੇ ਬਿਮਾਰ ਹੋ ਸਕਦੇ ਹਨ। ਦੀਨਾਨਗਰ ਹਲਕੇ ਦੇ ਪਿੰਡ ਗੰਜਾ, ਗੰਜੀ, ਲੋਹਗੜ੍ਹ, ਅਵਾਂਖਾ, ਸੁਲਤਾਨੀ, ਮਗਰਾਲਾ, ਗਾਹਲੜੀ ਆਦਿ ਨਾਲ ਸਬੰਧਿਤ ਦੋ ਦਰਜਨ ਵਿਅਕਤੀਆਂ ਨੇ ਆਪਣੇ ਨਾਵਾਂ ਦੀ ਸੂਚੀ ਵੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ।

RELATED ARTICLES
POPULAR POSTS