ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਆਪਣੇ ਹੀ ਅਧਿਕਾਰੀ ਅਸ਼ੀਸ਼ ਕਪੂਰ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਵੱਲੋਂ ਦਰਜ ਕੀਤੇ ਦੋ ਮਾਮਲਿਆਂ ਤੋਂ ਬਾਅਦ ਹੁਣ ਤੀਸਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੁਰੂਕਸ਼ੇਤਰ ਵਾਸੀ ਪੂਨਮ ਰਾਜਨ ਦੀ ਸ਼ਿਕਾਇਤ ‘ਤੇ ਜ਼ੀਰਕਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਸ਼ੀਸ਼ ਕਪੂਰ ਦੀ ਪਤਨੀ ਅਤੇ ਡੀਐੱਸਪੀ ਰੈਂਕ ਦੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਐੱਫਆਈਆਰ ਵਿੱਚ ਸ਼ਾਮਲ ਕੀਤਾ ਹੈ।
ਪੁਲਿਸ ਮੁਤਾਬਕ ਇਨ੍ਹਾਂ ਵਿਅਕਤੀਆਂ ਦੀ ਅਪਰਾਧ ਵਿੱਚ ਭੂਮਿਕਾ ਦੀ ਮੁਕੰਮਲ ਜਾਂਚ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮਾਮਲੇ ਵਿੱਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ ਅਤੇ ਲਵਲੀਸ਼ ਗਰਗ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਐੱਫਆਈਆਰ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਪੂਨਮ ਰਾਜਨ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਆਰੋਪ ਲਾਇਆ ਸੀ ਕਿ ਅਸ਼ੀਸ਼ ਕਪੂਰ ਵੱਲੋਂ ਸਾਲ 2018 ਦੌਰਾਨ ਜ਼ੀਰਕਪੁਰ ਥਾਣੇ ਵਿੱਚ ਫਰਜ਼ੀ ਮਾਮਲਾ ਦਰਜ ਕਰਾਇਆ ਅਤੇ ਥਾਣੇ ਵਿੱਚ ਤਸ਼ੱਦਦ ਕੀਤਾ।
ਮੁੱਖ ਮੰਤਰੀ ਵੱਲੋਂ ਇਸ ਮਾਮਲੇ ‘ਤੇ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਸ਼ਿਕਾਇਤਕਰਤਾ ਨੇ ਅਸ਼ੀਸ਼ ਕਪੂਰ ਅਤੇ ਹੋਰਨਾਂ ‘ਤੇ ਆਪਣੀ ਮਾਤਾ, ਭਰਾ ਅਤੇ ਭਰਜਾਈ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੇ ਆਰੋਪ ਲਾਏ ਸਨ।
ਥਾਣੇ ਵਿੱਚ ਪੂਨਮ ਰਾਜਨ ‘ਤੇ ਤਸ਼ੱਦਦ ਢਾਹੁਣ ਦੀ ਇੱਕ ਵੀਡੀਓ ਵੀ ਜਨਤਕ ਹੋ ਗਈ ਸੀ। ਇਸ ਵੀਡੀਓ ਦੇ ਪੁਖਤਾ ਹੋਣ ਸਬੰਧੀ ਪੰਜਾਬ ਦੀ ਫੋਰੈਂਸਿਕ ਲੈਬਾਰਟਰੀ ਦੀਆਂ ਰਿਪੋਰਟਾਂ ਦਾ ਹਵਾਲਾ ਐੱਫਆਈਆਰ ਵਿੱਚ ਦਿੱਤਾ ਗਿਆ ਹੈ। ਇਸ ਵੀਡੀਓ ਵਿੱਚ ਕਪੂਰ ਪੂਨਮ ਰਾਜਨ ‘ਤੇ ਤਸ਼ੱਦਦ ਕਰਦਾ ਦਿਖਾਈ ਦੇ ਰਿਹਾ ਹੈ ਤੇ ਇਹ ਔਰਤ ਕੁਰਲਾ ਰਹੀ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਸ਼ੀਸ਼ ਕਪੂਰ ਖਿਲਾਫ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਆਮਦਨ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ। ਇਹ ਪੁਲਿਸ ਅਧਿਕਾਰੀ ਇਸ ਸਮੇਂ ਅਦਾਲਤੀ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਸੱਤਾਧਾਰੀ ਧਿਰ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਤਫਤੀਸ਼ ਤੋਂ ਬਾਅਦ ਅਕਤੂਬਰ 2019 ਦੌਰਾਨ ਮੁਹਾਲੀ ਦੇ ਐੱਸਐੱਸਓਸੀ ਥਾਣੇ ਵਿੱਚ ਦਰਜ ਐੱਫਆਈਆਰ ਨੰਬਰ 3, ਜੋ ਪਹਿਲੀ ਮਈ 2019 ਨੂੰ ਦਰਜ ਕੀਤੀ ਗਈ ਸੀ, ਵਿੱਚ ਅਸ਼ੀਸ਼ ਕਪੂਰ ਖਿਲਾਫ਼ ਧਾਰਾ 376 (ਏ) (ਬੀ) (ਡੀ) , 376 (ਸੀ) (ਸੀ) ਅਤੇ 354, 419 ਅਤੇ 506 ਦਾ ਵਾਧਾ ਕਰ ਦਿੱਤਾ ਹੈ। ਪੁਲਿਸ ਵੱਲੋਂ ਬਲਾਤਕਾਰ ਦੀ ਧਾਰਾ 376 ਦੇ ਨਾਲ (ਏ) (ਬੀ) (ਡੀ) ਜਾਂ (ਸੀ) (ਸੀ) ਉਨ੍ਹਾਂ ਹਾਲਾਤ ਵਿੱਚ ਲਾਈ ਜਾਂਦੀ ਹੈ ਜਦੋਂ ਕੋਈ ਵਿਅਕਤੀ ਵਿਸ਼ੇਸ਼ ਆਪਣੇ ਅਧੀਨ ਬੰਦੀ ਮਹਿਲਾ ਨਾਲ ਸਰੀਰਕ ਸਬੰਧ ਭਾਵੇਂ ਰਜ਼ਾਮੰਦੀ ਨਾਲ ਹੀ ਬਣਾ ਲਵੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨੀ ਪੱਖ ਤੋਂ ਅਜਿਹਾ ਮਾਮਲਾ ‘ਹਿਰਾਸਤੀ ਬਲਾਤਕਾਰ’ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।