ਵਿਜੀਲੈਂਸ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਚੰਨੀ ਨੇ ਦੱਸਿਆ ਆਪਣੀ ਜਾਨ ਨੂੰ ਖਤਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਅੱਜ ਮੋਹਾਲੀ ਸਥਿਤ ਦਫ਼ਤਰ ’ਚ ਲੰਬੀ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਛੁੱਟੀ ਵਾਲੇ ਦਿਨ ਵੀ ਸਪੈਸ਼ਲ ਦਫ਼ਤਰ ਖੁੱਲ੍ਹ ਰਹੇ ਹਨ ਤਾਂ ਜੋ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਇਕੱਲਾ ਹੀ ਵਿਜੀਲੈਂਸ ਦਫ਼ਤਰ ਜਾਵਾਂਗਾ ਅਤੇ ਵਿਜੀਲੈਂਸ ਵਾਲੇ ਚਾਹੇ ਮੈਨੂੰ ਬਿਠਾਉਣ, ਸਵਾਲ ਪੁੱਛਣ, ਕੁੱਟਣ ਜਾਂ ਮੈਨੂੰ ਜੇਲ੍ਹ ਭੇਜਣ, ਉਨ੍ਹਾਂ ਨੂੰ ਜੋ ਵੀ ਕਰਨਾ ਹੈ ਉਹ ਕਰ ਲੈਣ ਮੈਂ ਸਭ ਕੁਝ ਸਹਿਨ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਅਤੇ ਇਕ ਨਾ ਇਕ ਦਿਨ ਮੈਨੂੰ ਜਾਨ ਤੋਂ ਵੀ ਮਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਹੀ ਸੰਘਰਸ਼ ਕਰਦਾ ਆ ਰਿਹਾ ਹਾਂ ਅਤੇ ਮੈਨੂੰ ਹਰ ਰੋਜ਼ ਨੋਟਿਸ ਮਿਲ ਰਹੇ। ਚਰਨਜੀਤ ਸਿੰਘ ਚੰਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਕਦੇ ਕਿਸੇ ਕੋਲੋਂ ਪੈਸਾ ਨਹੀਂ ਲਿਆ ਅਤੇ ਨਾ ਹੀ ਮੇਰੇ ਕੋਲ ਕੋਈ ਪ੍ਰਾਪਰਟੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਖਿਲਾਫ਼ ਅਜਿਹਾ ਕੁੱਝ ਸਾਬਤ ਹੁੰਦਾ ਹੈ ਤਾਂ ਮੈਨੂੰ ਫਾਂਸੀ ’ਤੇ ਟੰਗ ਦਿਓ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਸਾਜਿਸ਼ ਦੇ ਤਹਿਤ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਧਿਆਨ ਰਹੇ ਵਿਜੀਲੈਂਸ ਬਿਊਰੋ ਨੇ ਪਹਿਲਾਂ ਚਰਨਜੀਤ ਸਿੰਘ ਚੰਨੀ 12 ਅਪ੍ਰੈਲ ਨੂੰ ਤਲਬ ਕੀਤਾ ਪ੍ਰੰਤੂ ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਪੇਸ਼ ਹੋਣ ’ਚ ਅਸਮਰਥਾ ਪ੍ਰਗਟਾਈ ਸੀ, ਜਿਸ ਤੋਂ ਬਾਅਦ ਉਨ੍ਹਾਂ 20 ਅਪ੍ਰੈਲ ਨੂੰ ਹੋਣ ਪੇਸ਼ ਹੋਣ ਲਈ ਕਿਹਾ ਪ੍ਰੰਤੂ ਲੰਘੇ ਕੱਲ੍ਹ ਉਨ੍ਹਾਂ ਫਿਰ ਤੋਂ ਨੋਟਿਸ ਭੇਜ ਕੇ ਅੱਜ ਪੇਸ਼ ਹੋਣ ਲਈ ਕਿਹਾ ਗਿਆ ਹੈ।