ਕਿਹਾ, ਕਾਂਗਰਸ ’ਚ ਗੁਟਬਾਜ਼ੀ ਦੇ ਚਲਦਿਆਂ ਛੱਡੀ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਫੋਨ ਕਰਕੇ ਦੱਸ ਰਿਹਾ ਸੀ ਕਿ ਉਹ ਪਾਰਟੀ ਛੱਡ ਰਹੇ ਹਨ। ਫਤਹਿਜੰਗ ਬਾਜਵਾ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਸੱਤਾ ਦੇ ਚਾਰ ਪਾਵਰ ਸੈਂਟਰ ਬਣ ਚੁੱਕੇ ਹਨ। ਇਕ ਕਾਂਗਰਸੀ ਨੂੰ ਇਹ ਪਤਾ ਨਹੀਂ ਚੱਲਦਾ ਕਿ ਕਿਸ ਨਾਲ ਰਹਿਣਾ ਹੈ। ਉਨ੍ਹਾਂ ਕਿਹਾ ਕਿ ਇਕ ਨਾਲ ਜਾਂਦੇ ਹਾਂ ਤਾਂ ਤਿੰਨ ਨਰਾਜ਼ ਹੋ ਜਾਂਦੇ ਹਨ। ਦੂਜੇ ਨਾਲ ਜਾਂਦੇ ਹਾਂ ਬਾਕੀ ਦੋ ਵੱਖ ਹੋ ਜਾਂਦੇ ਹਨ।
ਫਤਹਿਜੰਗ ਬਾਜਵਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਿਚ ਗੁੱਟਬਾਜ਼ੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਫਤਹਿਜੰਗ ਨੇ ਸਪੱਸ਼ਟ ਤੌਰ ’ਤੇ ਇਹ ਨਹੀਂ ਦੱਸਿਆ ਕਿ ਚਾਰ ਪਾਵਰ ਸੈਂਟਰ ਕਿਹੜੇ-ਕਿਹੜੇ ਹਨ, ਪਰ ਉਨ੍ਹਾਂ ਦਾ ਇਸ਼ਾਰਾ ਸਿੱਧੂ ਅਤੇ ਚੰਨੀ ਗੁੱਟ ਵੱਲ ਸੀ। ਇਸ ਤੋਂ ਇਲਾਵਾ ਉਨ੍ਹਾਂ ਮਾਝਾ ਐਕਸਪ੍ਰੈਸ ਦੇ ਨਾਮ ਨਾਲ ਜਾਣੇ ਜਾਂਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖ ਸਰਕਾਰੀਆ ਦਾ ਵੀ ਸੰਕੇਤ ਦਿੱਤਾ। ਫਤਹਿਜੰਗ ਨੇ ਏਨਾ ਜ਼ਰੂਰ ਕਿਹਾ ਕਿ ਉਨ੍ਹਾਂ ਕਾਂਗਰਸ ਵਿਚ ਗੁੱਟਬਾਜ਼ੀ ਦੇ ਚੱਲਦਿਆਂ ਪਾਰਟੀ ਛੱਡੀ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ।